Khanna News : ਸਮਰਾਲਾ ਦੇ ਪਿੰਡ ਲੱਲ ਕਲਾਂ 'ਚ ਬਜ਼ੁਰਗ ਮਹਿਲਾ ਦਾ ਕਤਲ ,ਗੁਆਂਢੀਆਂ ਦੀ ਰਸੋਈ ਦੇ ਕੱਪਬੋਰਡ 'ਚੋਂ ਮਿਲੀ ਮਹਿਲਾ ਦੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

CCTV ਫੁਟੇਜ਼ ਤੋਂ ਖੁੱਲ੍ਹੀ ਪੋਲ ,ਘਰਾਂ ਵਿੱਚ ਕੰਮ ਕਰਦੀ ਸੀ ਮਹਿਲਾ

Dalit Woman Murder

 Khanna News : ਖੰਨਾ ਦੇ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਲੱਲ ਕਲਾਂ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਹੈ। ਪਿਛਲੇ ਦੋ ਦਿਨਾਂ ਤੋਂ ਲਾਪਤਾ ਇੱਕ ਬਜ਼ੁਰਗ ਮਹਿਲਾ ਦੀ ਲਾਸ਼ ਐਤਵਾਰ ਸਵੇਰੇ ਗੁਆਂਢੀ ਦੀ ਰਸੋਈ ਵਿੱਚੋਂ ਮਿਲੀ ਹੈ। ਔਰਤ ਦੀ ਲਾਸ਼ ਗੁਆਂਢੀਆਂ ਦੀ ਰਸੋਈ ਦੇ ਹੇਠਲੇ ਕੱਪਬੋਰਡ 'ਚ ਬਰਾਮਦ ਹੋਈ ਹੈ। ਇਸ ਔਰਤ ਦਾ ਦੋ ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਛੁਪਾ ਕੇ ਰੱਖਿਆ ਗਿਆ ਸੀ। ਮ੍ਰਿਤਕਾ ਦੀ ਪਛਾਣ ਸੁਰਿੰਦਰ ਕੌਰ (68) ਵਜੋਂ ਹੋਈ ਹੈ।

ਘਰਾਂ ਵਿੱਚ ਕੰਮ ਕਰਦੀ ਸੀ ਮਹਿਲਾ 

ਪਿੰਡ ਲੱਲ ਕਲਾਂ ਦੇ ਰਹਿਣ ਵਾਲੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੀ ਬਜ਼ੁਰਗ ਮਾਤਾ ਸੁਰਿੰਦਰ ਕੌਰ (65) ਗੁਆਂਢੀ ਪਰਿਵਾਰ ਰਜਿੰਦਰ ਸਿੰਘ ਦੇ ਘਰ ਕੰਮ ਕਰਦੀ ਸੀ। 17 ਮਈ ਨੂੰ ਮਾਂ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਉਨ੍ਹਾਂ ਦੇ ਘਰ ਗਈ ਸੀ ਪਰ ਦੇਰ ਤੱਕ ਘਰ ਨਹੀਂ ਪਰਤੀ।

ਇਸ ਸਬੰਧੀ ਜਦੋਂ ਉਸ ਦੇ ਪਿਤਾ ਕਰਤਾਰ ਸਿੰਘ ਗੁਆਂਢੀ ਦਾ ਘਰ ਦੇਖਣ ਗਏ ਤਾਂ ਮਾਛੀਵਾੜਾ ਸਾਹਿਬ ਵਾਸੀ ਰਜਿੰਦਰ ਸਿੰਘ ਅਤੇ ਉਸ ਦਾ ਭਤੀਜਾ ਵੀ ਉੱਥੇ ਮੌਜੂਦ ਸਨ। ਜਦੋਂ ਪਿਤਾ ਨੇ ਰਜਿੰਦਰ ਸਿੰਘ ਨੂੰ ਆਪਣੀ ਪਤਨੀ ਬਾਰੇ ਪੁੱਛਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਉਹ ਕੰਮ ਤੋਂ ਵਾਪਸ ਚਲੀ ਗਈ ਹੈ ਪਰ ਉਸ ਦੀ ਮਾਂ ਘਰ ਵਾਪਸ ਨਹੀਂ ਆਈ ਅਤੇ ਉਸ ਦਾ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ।

ਸੀਸੀਟੀਵੀ ਤੋਂ ਖੁੱਲੀ ਪੋਲ 

ਗੁਰਜੰਟ ਸਿੰਘ ਅਨੁਸਾਰ ਪਰਿਵਾਰ ਦੀ ਦੋ ਦਿਨਾਂ ਦੀ ਭਾਲ ਅਤੇ ਜਾਂਚ ਤੋਂ ਬਾਅਦ ਹੁਣ ਪਤਾ ਲੱਗਾ ਹੈ ਕਿ ਰਜਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਆਪਣੀ ਜ਼ਮੀਨ ਵੇਚ ਦਿੱਤੀ ਸੀ ਅਤੇ ਉਸ ਦੇ ਘਰ ਕਾਫੀ ਨਕਦੀ ਸੀ। 

ਘਟਨਾ ਵਾਲੇ ਦਿਨ ਬੀਤੀ 17 ਮਈ ਨੂੰ ਰਜਿੰਦਰ ਸਿੰਘ ਦਾ ਭਤੀਜਾ (ਮਾਛੀਵਾੜਾ ਸਾਹਿਬ ਦਾ ਰਹਿਣ ਵਾਲਾ ) ਜਸਮੀਤ ਸਿੰਘ ਉਸ ਦੇ ਘਰ ਆਇਆ ਅਤੇ ਘਰ ਵਿੱਚ ਰੱਖੇ ਪੈਸੇ ਲੈਣ ਲਈ ਉਸ ਨੇ ਆਪਣੀ ਚਾਚੀ ਚਰਨਜੀਤ ਕੌਰ , ਜੋ ਰਜਿੰਦਰ ਸਿੰਘ ਦੀ ਪਤਨੀ ਹੈ , ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਉਸਦੀ ਮਾਂ ਸੁਰਿੰਦਰ ਕੌਰ ਨੇ ਦੇਖ ਲਿਆ ਅਤੇ ਦੋਸ਼ੀ ਜਸਮੀਤ ਸਿੰਘ ਨੇ ਉਸਦੀ ਮਾਂ ਦਾ ਕਤਲ ਕਰਕੇ ਲਾਸ਼ ਉਥੇ ਹੀ ਛੁਪਾ ਦਿੱਤੀ।

ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਸੁਰਿੰਦਰ ਕੌਰ ਦੀ ਲਾਸ਼ ਗੁਆਂਢੀ ਰਜਿੰਦਰ ਸਿੰਘ ਦੀ ਰਸੋਈ 'ਚੋਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਐਸਐਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।