Vigilance Bureau: ਵਿਜੀਲੈਂਸ ਨੇ 3600 ਰੁਪਏ ਰਿਸ਼ਵਤ ਲੈਂਦੇ ਮੋਟਰ ਵਹੀਕਲ ਇੰਸਪੈਕਟਰ ਨੂੰ ਕੀਤਾ ਰੰਗੇ ਹੱਥੀਂ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਲਾਸ਼ੀ ਦੌਰਾਨ 1.34 ਲੱਖ ਰੁਪਏ ਦੀ ਨਕਦੀ ਕੀਤੀ ਬਰਾਮਦ

Vigilance Bureau: Vigilance arrested a motor vehicle inspector red-handed while taking a bribe of Rs. 3600.

Vigilance Bureau: ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਹੋਰ ਮਜ਼ਬੂਤ ਕਰਦੇ ਹੋਏ, ਪੰਜਾਬ ਵਿਜੀਲੈਂਸ ਬਿਊਰੋ  ਨੇ ਫਰੀਦਕੋਟ ਵਿਖੇ ਤਾਇਨਾਤ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਗੁਰਪ੍ਰੀਤ ਸਿੰਘ ਨੂੰ 3,600 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।  ਕਾਰਵਾਈ ਦੌਰਾਨ ਵਿਜੀਲੈਂਸ ਬਿਊਰੋ ਟੀਮ ਨੇ ਉਸ ਦੇ ਕਬਜ਼ੇ ਵਿੱਚੋਂ 7,200 ਰੁਪਏ  ਬਰਾਮਦ ਕੀਤੇ ਅਤੇ ਉਸ ਦੀ ਗੱਡੀ ਵਿੱਚੋਂ 1,26,500 ਰੁਪਏ ਦੀ ਹੋਰ ਨਕਦੀ ਵੀ ਬਰਾਮਦ ਕੀਤੀ , ਜੋ ਕਿ ਰਿਸ਼ਵਤ ਦੀ ਰਕਮ ਜਾਪਦੀ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਫਰੀਦਕੋਟ ਦੇ ਇੱਕ ਨਿਵਾਸੀ ਦੀ ਸ਼ਿਕਾਇਤ ਤੋਂ ਬਾਅਦ ਹੋਈ ਹੈ ,ਜਿਸਨੇ ਦੋਸ਼ ਲਗਾਇਆ ਸੀ ਕਿ ਉਕਤ ਮੁਲਜ਼ਮ ਨੇ ਉਸਦੇ ਦੋ ਟਰੱਕਾਂ ਦੇ ਫਿਟਨੈਸ ਸਰਟੀਫਿਕੇਟਾਂ ਨੂੰ ਮਨਜ਼ੂਰੀ ਦੇਣ ਲਈ ਪ੍ਰਤੀ ਟਰੱਕ 1,800 ਰੁਪਏ ਦੀ ਮੰਗ ਕੀਤੀ ਹੈ। ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ, ਵਿਜੀਲੈਂਸ ਬਿਊਰੋ ਨੇ ਜਾਲ ਵਿਛਾਇਆ ਅਤੇ ਗੁਰਪ੍ਰੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 3,600 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧ ਵਿੱਚ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਪੁਲਿਸ ਥਾਣਾ, ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ।