ਮੰਗਾਂ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਐਸ.ਡੀ.ਐਮ ਦਫ਼ਤਰ ਮੂਹਰੇ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕੈਪਟਨ ਸਰਕਾਰਾਂ ਦੀਆਂ ਫਿਰਕੂ ਤੇ ਪੂੰਜੀਪਤੀ ਪੱਖੀ ਨੀਤੀਆਂ ਦੇ ਖਿਲਾਫ ਦਲਿਤ ਜਗਾਓ, ਸੰਵਿਧਾਨ ਬਚਾਓ,.....

Mazdoor Mukti Morcha Protesting

ਤਲਵੰਡੀ ਸਾਬੋ : ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕੈਪਟਨ ਸਰਕਾਰਾਂ ਦੀਆਂ ਫਿਰਕੂ ਤੇ ਪੂੰਜੀਪਤੀ ਪੱਖੀ ਨੀਤੀਆਂ ਦੇ ਖਿਲਾਫ ਦਲਿਤ ਜਗਾਓ, ਸੰਵਿਧਾਨ ਬਚਾਓ, ਅਧਿਕਾਰ ਬਚਾਓ ਮੁਹਿੰਮ ਤਹਿਤ ਅੱਜ ਇੱਥੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਐੱਸ.ਡੀ.ਐੱਮ  ਦਫਤਰ ਅੱਗੇ ਦਿੱਤੇ ਧਰਨੇ ਦੌਰਾਨ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਰੀਬ ਲਈ ਚੰਗੇ ਦਿਨ ਲਿਆਉਣ ਦੇ ਨਾਂ 'ਤੇ ਸੱਤਾ 'ਚ ਆਈ ਕੇਂਦਰ ਦੀ ਭਾਜਪਾ ਸਰਕਾਰ ਨੇ ਚਾਰ ਸਾਲਾਂ 'ਚ ਗਰੀਬਾਂ ਲਈ ਬੁਰੇ ਦਿਨ ਅਤੇ ਪੂੰਜੀਪਤੀਆਂ ਲਈ ਚੰਗੇ ਦਿਨ ਲਿਆਂਦੇ ਨੇ।

ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਪਿਆ ਕਾਲਾ ਧਨ ਦੇਸ਼ 'ਚ ਲਿਆ ਕੇ ਗਰੀਬਾਂ ਦੇ ਬੈਂਕ ਖਾਤਿਆਂ 'ਚ ਪੰਦਰਾਂ-ਪੰਦਰਾਂ ਲੱਖ ਪਾਉਣ ਤਾਂ ਦੂਰ, ਦਿਨ ਦਿਹਾੜੇ ਬੈਂਕਾਂ ਦਾ ਅਰਬਾਂ ਰੁਪਏ ਲੁੱਟਣ ਵਾਲੇ ਮੋਦੀ ਦੀ ਸਰਪ੍ਰਸਤੀ ਹੇਠ ਵਿਦੇਸ਼ਾਂ ਵਿੱਚ ਸੁਰੱਖਿਅਤ ਬੈਠੇ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਤੇ ਮਹਿੰਗਾਈ ਦੀ ਮਾਰ ਹੇਠ ਆਏ ਗਰੀਬਾਂ ਨੂੰ ਪੈਟਰੋਲ ਤੇ ਡੀਜ਼ਲ ਰਾਹੀਂ ਲੁੱਟਿਆ ਜਾ ਰਿਹਾ ਹੈ ਅਤੇ ਕਿਰਤ ਕਾਨੂੰਨਾਂ ਅਤੇ ਐੱਸ.ਸੀ/ਐੱਸ.ਟੀ ਐਕਟ ਨੂੰ ਤੋੜ ਕੇ ਦਲਿਤਾਂ ਤੇ ਗਰੀਬਾਂ ਨੂੰ ਮਨੁੱਖੀ ਹੱਕਾਂ ਤੋਂ ਬਾਂਝੇ ਕੀਤਾ ਜਾ ਰਿਹਾ ਹੈ।

ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਗਰੀਬਾਂ ਨੂੰ ਦਸ-ਦਸ ਮਰਲੇ ਪਲਾਟ ਅਤੇ ਘਰ ਬਣਾਉਣ ਲਈ ਤਿੰਨ ਲੱਖ ਦੀ ਗ੍ਰਾਂਟ ਦਿੱਤੀ ਜਾਵੇ, ਮਨਰੇਗਾ ਕਾਨੂੰਨ ਤਹਿਤ ਮਜ਼ਦੂਰਾਂ ਦੀ ਦਿਹਾੜੀ 600 ਰੁਪਏ ਕੀਤੀ ਜਾਵੇ, ਗਰੀਬਾਂ ਤੋਂ 200 ਬਿਜਲੀ ਯੂਨਿਟ ਖੋਹਣੀ ਬੰਦ ਕੀਤੀ ਜਾਵੇ ਅਤੇ ਪੁੱਟੇ ਬਿਜਲੀ ਮੀਟਰ ਮੁੜ ਲਾਵੇ ਜਾਣ, ਘਰ-ਘਰ ਨੌਕਰੀ ਤਹਿਤ ਦਲਿਤਾਂ ਤੇ ਗਰੀਬਾਂ ਦੇ ਮੁੰਡੇ ਕੁੜੀਆਂ ਨੂੰ ਪਹਿਲ ਦੇ ਆਧਾਰ 'ਤੇ ਨੌਕਰੀ ਜਾਂ ਭੱਤਾ ਦਿੱਤਾ ਜਾਵੇ।

ਇਸ ਮੌਕੇ ਬਲਾਕ ਪ੍ਰਧਾਨ ਬਲਕਰਨ ਸਿੰਘ ਬਹਿਮਣ, ਸਕੱਤਰ ਜਗਸੀਰ ਸਿੰਘ ਤਿਓਣਾ, ਮਲਕੀਤ ਸਿੰਘ, ਮੱਖਣ ਸਿੰਘ ਨਵਾਂ ਪਿੰਡ, ਸੁਖਦੇਵ ਸਿੰਘ ਲਹਿਰੀ, ਮੁਖਤਿਆਰ ਕੌਰ ਸੁਖਲੱਧੀ, ਨੈਬ ਸਿੰਘ ਬਹਿਮਣ ਨੇ ਵੀ ਸੰਬੋਧਨ ਕੀਤਾ।