ਬਿਜਲੀ ਸਪਲਾਈ ਸਬੰਧੀ ਐਸ.ਡੀ.ਓ. ਦਫ਼ਤਰ ਦਾ ਘਿਰਾਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਸੈਕਟਰ ਲਈ ਬਿਜਲੀ ਸਪਲਾਈ ਨੂੰ ਲੈ ਕੇ ਪਿਛਲੇ ਅੱਠ ਦਿਨ ਤੋਂ ਪਾਵਰਕੌਮ ਐੱਸਡੀਓ ਦਫਤਰ ਪੱਤੋ ਹੀਰਾ ਸਿੰਘ ਅੱਗੇ ਧਰਨੇ .....

People At SDO Office

ਨਿਹਾਲ ਸਿੰਘ ਵਾਲਾ: ਖੇਤੀ ਸੈਕਟਰ ਲਈ ਬਿਜਲੀ ਸਪਲਾਈ ਨੂੰ ਲੈ ਕੇ ਪਿਛਲੇ ਅੱਠ ਦਿਨ ਤੋਂ ਪਾਵਰਕੌਮ ਐੱਸਡੀਓ ਦਫਤਰ ਪੱਤੋ ਹੀਰਾ ਸਿੰਘ ਅੱਗੇ ਧਰਨੇ ਤੇ ਬੈਠੇ ਕਿਸਾਨਾਂ ਵੱਲੋਂ ਅੱਜ ਐਸ.ਡੀ.ਓ. ਦਫ਼ਤਰ ਦਾ ਜਬਰਦਸ਼ਤ ਘਿਰਾਓ ਕੀਤਾ ਗਿਆ ਤੇ ਕਿਸੇ ਵੀ ਮੁਲਾਜ਼ਮ ਨੂੰ ਦਫ਼ਤਰ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ। ਇਸ ਮੌਕੇ ਹਲਕੇ ਦੇ ਕਿਸਾਨ ਮੰਗ ਕਰ ਰਹੇ ਸਨ ਕਿ ਝੋਨੇ ਲਈ ਬਿਜਲੀ ਸਪਲਾਈ 16 ਘੰਟੇ ਦਿੱਤੀ ਜਾਵੇ ਅਤੇ ਕਿਸਾਨਾਂ ਤੇ ਦਰਜ ਕੀਤੇ ਝੂਠੇ ਕੇਸ ਰੱਦ ਕੀਤੇ ਜਾਣ।

ਇਸ ਘਿਰਾਓ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾ, ਬਲਾਕ ਜਨਰਲ ਸਕੱਤਰ ਬੂਟਾ ਸਿੰਘ ਭਾਗੀਕੇ ਅਤੇ ਕਿਸਾਨ ਆਗੂ ਬੀਬੀ ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦਾ ਕਿਸਾਨ ਮੰਦਹਾਲੀ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਕਿਸਾਨਾਂ ਤੇ ਫਸਲਾਂ ਬੀਜਣ ਲਈ ਵੀ ਪਾਬੰਦੀਆਂ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦਾ ਝੋਨਾ ਧੱਕੇ ਨਾਲ ਵਾਹੁਣਾ ਅਤੇ ਝੋਨਾ ਲਾਉਣ ਵਾਲੇ ਕਿਸਾਨਾਂ ਤੇ ਪਰਚੇ ਦਰਜ ਕਰਨਾ ਧੱਕੇਸ਼ਾਹੀ  ਹੈ। 

ਉਕਤ ਕਿਸਾਨ ਆਗੂਆਂ ਨੇ ਕਿਹਾ ਕਿ ਸਬ-ਡਵੀਜ਼ਨ ਪੱਤੋਂ ਹੀਰਾ ਸਿੰਘ ਵਿਖੇ ਟਰਾਂਸਫ਼ਾਰਮਰਾਂ ਅਤੇ ਹੋਰ ਬਿਜਲੀ ਦਾ ਸਾਮਾਨ ਦੀ ਕੋਟਕਪੁਰੇ ਤੋਂ ਢੋਆ ਢੁਆਈ ਕਰਨ ਵਾਲੀ ਗੱਡੀ ਦਾ ਡਰਾਈਵਰ ਜੋ ਕੇ ਰਿਟਾਇਰ ਹੋ ਚੁੱਕਿਆ ਹੈ ਅਤੇ ਇਸ ਡਰਾਈਵਰ ਦੀ ਸਰਕਾਰ ਵੱਲੋਂ ਨਵੀਂ ਭਰਤੀ ਨਹੀਂ ਕੀਤੀ ਗਈ ਜਿਸ ਕਾਰਨ ਸਾਮਾਨ ਢੋਣ ਦਾ ਸਾਰਾ ਬੋਝ ਕਿਸਾਨਾਂ ਦੀ ਜੇਬ ਤੇ ਪਾਇਆ ਜਾ ਰਿਹਾ ਹੈ। ਉਕਤ  ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਇਸ ਡਰਾਈਵਰ ਦੀ ਜਲਦੀ ਭਰਤੀ ਕੀਤੀ ਜਾਵੇ।

ਕਿਸਾਨ ਆਗੂਆਂ ਨੇ ਕਿਹਾ ਕਿ ਅੱਜ 19 ਜੂਨ ਨੂੰ ਡੀ.ਸੀ. ਦਫਤਰ ਮੋਗਾ ਦੇ ਦਫਤਰ ਅੱਗੇ ਧਰਨਾ ਲਾ ਕੇ ਕਿਸਾਨਾਂ ਤੇ ਦਰਜ ਝੂਠੇ ਕੇਸ ਰੱਦ ਕਰਨ ਅਤੇ 16 ਘੰਟੇ ਬਿਜਲੀ ਸਪਲਾਈ ਲੈਣ ਦੀ ਮੰਗ ਕੀਤੀ ਜਾਵੇਗੀ।  ਇਸ ਮੌਕੇ ਕਾਕਾ ਸਿੰਘ ਮਾਛੀਕੇ, ਗੁਰਚਰਨ ਸਿੰਘ ਦੀਨਾਂ, ਗੁਰਨਾਮ ਸਿੰਘ ਮਾਛੀਕੇ, ਗੁਰਮੇਲ ਸਿੰਘ ਸੈਦੋਕੇ, ਅਵਤਾਰ ਸਿੰਘ ਖਾਈ, ਸਿਗਾਰਾ ਸਿੰਘ ਤਖਤੂਪੁਰਾ, ਜਗਤਾਰ ਸਿੰਘ ਪੱਖਰਵੱਡ, ਦੇਵ ਸਿੰਘ ਭਾਗੀਕੇ, ਪੱਪੂ ਕਾਨਪੁਰੀਆ ਭਾਗੀਕੇ, ਗੁਰਲਾਲ ਸਿੰਘ ਰੌਂਤਾ,

ਸੁਖਮੰਦਰ ਸਿੰਘ ਨੰਗਲ, ਬਲੌਰ ਸਿੰਘ ਰਣਸੀਂਹ, ਹਰਨੇਕ ਸਿੰਘ ਰਾਮਾ, ਕਰਮਜੀਤ ਸਿੰਘ ਕੁੱਸਾ, ਨਿੱਕੀ ਕੁੱਸਾ, ਸੁਰਜੀਤ ਕੌਰ ਭਾਗੀਕੇ, ਮੁਖਤਿਆਰ ਕੌਰ ਦੀਨਾਂ, ਗੁਰਦੇਵ ਕੌਰ ਸੁਰਜੀਤ ਕੌਰ ਦੀਨਾਂ, ਸੁਰਿੰਦਰ ਕੌਰ ਦੀਨਾਂ, ਸੁਰਜੀਤ ਕੌਰ ਮਾਛੀਕੇ, ਸੁਖਦੇਵ ਕੌਰ ਮਾਛੀਕੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮਰਦ ਅਤੇ ਔਰਤਾਂ ਹਾਜ਼ਰ ਸਨ।