ਬੇਰੁਜ਼ਗਾਰ ਅਧਿਆਪਕਾਂ ਨੇ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਹਾਲੀ ਪ੍ਰਸ਼ਾਸਨ ਨੂੰ ਅੱਜ ਸਵੇਰੇ ਕਰੀਬ ਸਾਢੇ ਤਿੰਨ ਵਜੇ ਉਦੋਂ ਭਾਜੜਾਂ ਪੈ ਗਈਆਂ ਜਦੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨੇੜੇ ਸਥਿਤ ਪਾਣੀ ਦੀ ਖਸਤਾਹਾਲ...

Unemployed Workers Standing at Tank

ਐਸ.ਏ.ਐਸ. ਨਗਰ,ਮੋਹਾਲੀ ਪ੍ਰਸ਼ਾਸਨ ਨੂੰ ਅੱਜ ਸਵੇਰੇ ਕਰੀਬ ਸਾਢੇ ਤਿੰਨ ਵਜੇ ਉਦੋਂ ਭਾਜੜਾਂ ਪੈ ਗਈਆਂ ਜਦੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨੇੜੇ ਸਥਿਤ ਪਾਣੀ ਦੀ ਖਸਤਾਹਾਲ ਟੈਂਕੀ ਉਪਰ ਪੰਜਾਬ ਦੇ ਪੰਜ ਈਟੀਟੀ ਟੈਟ ਪਾਸ ਬੇਰੁਜਗਾਰ ਅਧਿਆਪਕ  ਚੜ੍ਹ ਗਏ ਅਤੇ ਉਨ੍ਹਾਂ ਟੈਂਕੀ ਉੱਪਰ ਆਪਣਾ ਬੈਨਰ ਲਗਾ ਕੇ ਪੰਜਾਬ ਸਰਕਾਰ ਵਿਰੁਧ ਧਰਨਾ ਸ਼ੁਰੂ ਕਰ ਦਿਤਾ। 

ਟੈਂਕੀ ਤੇ ਚੜ੍ਹਣ ਵਾਲੇ ਇਹਨਾਂ ਬੇਰੁਜਗਾਰ ਅਧਿਆਪਕਾਂ ਵਿਚ ਤਿੰਨ ਮਹਿਲਾਵਾਂ ਅਤੇ ਦੋ ਮਰਦ ਸ਼ਾਮਲ ਸਨ, ਜਿਨ੍ਹਾਂ ਦੇ ਨਾਮ ਰਵਨੀਤ ਕੌਰ, ਪਰਮਜੀਤ ਕੌਰ, ਮਨਦੀਪ ਕੌਰ, ਬਗੀਚਾ ਸਿੰਘ ਅਤੇ ਅਮਨਦੀਪ ਸਿੰਘ ਦੱਸੇ ਗਏ ਹਨ। ਇਸ ਮੌਕੇ ਇਨ੍ਹਾਂ ਦੇ ਨਾਲ ਆਏ ਵੱਡੀ ਗਿਣਤੀ ਬੇਰੁਜਗਾਰ ਅਧਿਆਪਕ ਪਾਣੀ ਵਾਲੀ ਟੈਂਕੀ ਦੇ  ਹੇਠਾਂ (ਸੜਕ ਦੇ ਕਿਨਾਰੇ) ਧਰਨਾ ਲਾ ਕੇ ਬੈਠ ਗਏ ਅਤੇ ਪੰਜਾਬ ਸਰਕਾਰ ਵਿਰੁੱਧ ਲਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ।

ਈਟੀਟੀ ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਜਾਂਦੀਆਂ। ਧਰਨਾ ਲਗਾਉਣ ਦੀ ਖ਼ਬਰ ਮਿਲਦਿਆਂ ਹੀ ਮੁਹਾਲੀ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਅਤੇ ਮੌਕੇ 'ਤੇ ਪੁਲੀਸ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਪੁਲੀਸ ਫੋਰਸ ਤੈਨਾਤ ਕਰ ਦਿੱਤੀ ਗਈ। ਐਸਡੀਐਮ ਸ੍ਰੀ ਆਰ ਪੀ ਸਿੰਘ ਵੀ ਮੌਕੇ 'ਤੇ ਪਹੁੰਚੇ ਹੋਏ ਸਨ

ਜਿਨ੍ਹਾਂ ਵੱਲੋਂ ਧਰਨੇ ਉੱਪਰ ਬੈਠੇ ਅਤੇ ਟੈਂਕੀ ਤੇ ਚੜ੍ਹੇ ਅਧਿਆਪਕਾਂ ਨੂੰ ਟੈਂਕੀ ਤੋਂ ਉਤਰਨ ਅਤੇ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਗਈਉਂ ਜਦੋਂ ਬੇਰੁਜਗਾਰ ਅਧਿਆਪਕਾਂ ਨੇ ਉਹਨਾਂ ਦੀ ਗੱਲ ਨਾ ਮੰਨੀ ਤਾਂ ਪੁਲੀਸ ਨੇ ਕ੍ਰੇਨ ਦੀ ਮਦਦ ਨਾਲ ਟੈਂਕੀ ਤੇ ਚੜ੍ਹੇ ਅਧਿਆਪਕਾਂ ਨੂੰ ਹੇਠਾਂ ਲਾਹ ਲਿਆ ਅਤੇ ਸਾਰਿਆਂ (ਧਰਨੇ ਤੇ ਬੈਠੇ ਅਧਿਆਪਕਾਂ ਸਮੇਤ) ਨੂੰ ਹਿਰਾਸਤ ਵਿੱਚ ਲੈ ਗਿਆ ਅਤੇ ਆਪਣੇ ਨਾਲ ਲੈ ਗਏ।  ਪੁਲਿਸ ਦੀ ਇਹ ਕਾਰਵਾਈ ਸਵੇਰੇ 8 ਵਜੇ ਦੇ ਆਸਪਾਸ ਮੁਕੰਮਲ ਹੋ ਗਈ ਸੀ ਅਤੇ ਉੱਥੇ ਹਾਲਾਤ ਆਮ ਵਾਂਗ ਹੋ ਗਏ ਸਨ। 

ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਧਰਨਾਕਾਰੀ ਅਧਿਆਪਕਾਂ ਖਿਲਾਫ  ਸੋਹਾਣਾ ਥਾਣਾ ਵਿਖੇ ਆਈ ਪੀ ਸੀ ਦੀ ਧਾਰਾ 188, 283,309,517 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ? ਕੁੱਲ 70 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 64 ਨੂੰ ਨਾਮਜਦ ਕੀਤਾ ਗਿਆ ਹੈ ਜਦੋਂਕਿ 6 ਅਣਪਛਾਤੇ ਹਨ। ਸੰਪਰਕ ਕਰਨ 'ਤੇ ਐਸ ਪੀ ਸਿਟੀ ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਅਮਨ ਕਾਨੂੰਨ ਦੀ ਹਾਲਤ ਨੂੰ ਬਹਾਲ ਰੱਖਣ ਲਈ ਅਣਅਧਿਕਾਰਤ ਤਰੀਕੇ ਨਾਲ ਦਿੱਤੇ ਜਾ ਰਹੇ ਧਰਨੇ ਨੂੰ ਖਤਮ ਕਰਵਾਇਆ ਗਿਆ ਹੈ ਅਤੇ ਧਰਨਾਕਾਰੀਆਂ ਦੇ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਗਈ ਹੈ।