ਝੁੱਗੀ-ਝੌਂਪੜੀ ਵਾਲੇ ਇਲਾਕਿਆਂ 'ਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ 'ਸਿਟੀ ਪ੍ਰੀਪੇਅਰਡਨੈਸ ਯੋਜਨਾ'..
5 ਜ਼ਿਲ੍ਹਿਆਂ ਦੇ ਸ਼ਹਿਰਾਂ ਦੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਜਿਥੇ ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ ਮਾਮਲੇ
ਚੰਡੀਗੜ੍ਹ, 18 ਜੂਨ (ਸਪੋਕਸਮੈਨ ਸਮਾਚਾਰ ਸੇਵਾ) : 5 ਜ਼ਿਲ੍ਹਿਆਂ ਦੇ ਸ਼ਹਿਰਾਂ ਦੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਜਿਥੇ ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਬਲ ਦੇਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਇਕ 'ਸਿਟੀ ਪ੍ਰੀਪੇਅਰਡਨੈੱਸ ਯੋਜਨਾ' ਉਲੀਕੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਐਸ.ਏ.ਐਸ.ਨਗਰ ਅਤੇ ਪਟਿਆਲਾ ਜ਼ਿਲ੍ਹਿਆਂ ਵਿਚ ਕੋਵਿਡ-19 ਦੇ 54 ਫੀਸਦੀ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਇਸ ਲਈ ਵਿਸ਼ੇਸ਼ ਖੇਤਰ ਵਿਚ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਤੁਰਤ ਕਾਰਵਾਈ ਕਰਨ ਵਾਸਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਕਮੇਟੀ ਦੀ ਇਕ ਸਬ-ਕਮੇਟੀ ਵਿਚ ਹੁਣ ਮੈਡੀਕਲ ਕਾਲਜ ਦੀ ਕਮਿਊਨਿਟੀ ਮੈਡੀਸਨ ਫੈਕਲਟੀ, ਡਬਲਯੂਐਚਓ, ਐਨਪੀਐਸਪੀ ਸਟਾਫ਼ ਅਤੇ ਇਕ ਪ੍ਰਮੁੱਖ ਐਨਜੀਓ ਨੂੰ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਸਮਰਪਤ ਕਮੇਟੀ ਸਿਹਤ ਵਿਭਾਗ ਨਾਲ ਸਲਾਹ ਮਸ਼ਵਰੇ ਜ਼ਰੀਏ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਯੋਜਨਾਵਾਂ ਉਲੀਕਣ, ਲਾਗੂ ਕਰਨ, ਨਿਗਰਾਨੀ ਕਰਨ ਅਤੇ ਰਿਪੋਰਟਿੰਗ ਲਈ ਸ਼ਹਿਰੀ ਪ੍ਰਸ਼ਾਸਨ ਦੀ ਸਹਾਇਤਾ ਕਰੇਗੀ। ਸਿਹਤ ਮੰਤਰੀ ਨੇ ਕਿਹਾ, ''ਇਨ੍ਹਾਂ ਕਮੇਟੀਆਂ ਤੋਂ ਮਹੱਤਵਪੂਰਨ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਡਾਇਰੈਕਟਰ, ਸਿਹਤ ਸੇਵਾਵਾਂ, ਕਾਰਜਕਾਰੀ ਡਾਇਰੈਕਟਰ, ਐਸਐਚਐਸਆਰਸੀ ਅਤੇ ਸਟੇਟ ਐਪੀਡੀਮੋਲੋਜਿਸਟ ਦੀ ਇਕ ਰਾਜ ਪਧਰੀ ਕਮੇਟੀ ਨਮੂਨੇ ਇਕੱਤਰ ਕਰਨ, ਟੈਸਟਿੰਗ ਅਤੇ ਰੀਪੋਰਟਿੰਗ ਸਬੰਧੀ ਅੱਗੇ ਫ਼ੈਸਲਾ ਲਏਗੀ ਤਾਂ ਜੋ ਨਮੂਨੇ ਲੈਣ ਤੋਂ ਲੈ ਕੇ ਮਰੀਜ਼ ਦੀ ਰੀਪੋਰਟ ਆਉਣ ਤਕ ਦੇ ਸਮੇਂ ਨੂੰ ਘਟਾਇਆ (24 ਘੰਟੇ ਤੋਂ ਘੱਟ) ਜਾ ਸਕੇ।
ਸ. ਸਿੱਧੂ ਨੇ ਕਿਹਾ ਕਿ ਹੁਣ ਤਕ ਕੋਰੋਨਾ ਵਾਇਰਸ ਦੇ ਟੈਸਟ ਲਈ 2,15,000 ਤੋਂ ਵੱਧ ਨਮੂਨੇ ਲਏ ਜਾ ਚੁੱਕੇ ਹਨ ਅਤੇ ਨਮੂਨੇ ਲੈਣ ਦੀ ਸਮਰੱਥਾ ਨੂੰ ਹੋਰ ਵਧਾਉਣ ਲਈ ਕਮਿਉਨਟੀ ਹੈਲਥ ਅਫਸਰ, ਰੂਰਲ ਮੈਡੀਕਲ ਅਫਸਰ ਅਤੇ ਸੈਂਪਲ ਲੈਣ ਲਈ ਯੋਗ ਸਮਝੇ ਜਾਣ ਵਾਲੇ ਤਕਨੀਕੀ ਸਟਾਫ਼ ਨੂੰ ਵਿਸ਼ੇਸ਼ ਸਿਖਲਾਈ ਦਿਤੀ ਗਈ ਹੈ।
ਸ਼ਹਿਰਾਂ ਦੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਨੂੰ ਧਿਆਨ ਵਿਚ ਰਖਦਿਆਂ ਸਿਹਤ ਸੰਸਥਾਵਾਂ ਸਮੇਤ ਹੈਲਥ ਵੈਲਨੈੱਸ ਸੈਂਟਰਜ਼ ਵਿਖੇ ਵਾਧੂ ਫਲੂ ਕਾਰਨਰ ਸਥਾਪਤ ਕੀਤੇ ਗਏ ਹਨ ਜਿੱਥੇ ਲੱਛਣ ਪਾਏ ਜਾਣ ਵਾਲੇ ਵਿਅਕਤੀਆਂ ਦੀ ਜਾਣਕਾਰੀ ਹੈਡਕੁਆਟਰ ਵਿਖੇ ਅਗਲੇਰੀ ਕਾਰਵਾਈ ਅਤੇ ਤਿਆਰੀਆਂ ਲਈ ਭੇਜੀ ਜਾਂਦੀ ਹੈ।