ਅਕਾਲੀ-ਭਾਜਪਾ ਦੇ ਪ੍ਰਦਰਸ਼ਨ 'ਤੇ ਬੋਲੇ ਕੈਬਨਿਟ ਮੰਤਰੀ ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਅੱਜ ਸੂਬੇ ਅੰਦਰ ਜ਼ਿਲ੍ਹਾ ਹੈਡਕੁਆਟਰਾਂ ਕੀਤੇ ਗਏ ਪ੍ਰਦਰਸ਼ਨਾਂ ਨੂੰ ਕੈਬਨਿਟ

Sadhu Singh Dharmsot

ਖੰਨਾ, 18 ਜੂਨ (ਏ.ਐਸ. ਖੰਨਾ) : ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਅੱਜ ਸੂਬੇ ਅੰਦਰ ਜ਼ਿਲ੍ਹਾ ਹੈਡਕੁਆਟਰਾਂ ਕੀਤੇ ਗਏ ਪ੍ਰਦਰਸ਼ਨਾਂ ਨੂੰ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਸਿਆਸੀ ਡਰਾਮਾ ਕਰਾਰ ਦਿਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੂਬੇ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਪਣੇ 10 ਸਾਲਾਂ ਦੇ ਕਾਰਜਕਾਲ ਦੋਰਾਨ ਅਕਾਲੀ ਭਾਜਪਾ ਵਲੋਂ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਗਿਆ ਅਤੇ ਦਬ ਕਿ ਰੇਤ ਮਾਫੀਆ, ਕੇਬਲ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਸਮੇਤ ਹਰ ਤਰ੍ਹਾਂ ਦੇ ਮਾਫ਼ੀਆ ਨੂੰ ਖੁਲ੍ਹ ਕੇ ਬੜਾਵਾ ਦਿਤਾ ਗਿਆ।

ਪਰ ਸਮਝ ਨਹੀਂ ਆ ਰਹੀ ਕਿ ਅੱਜ ਅਕਾਲੀ-ਭਾਜਪਾ ਅਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਬਜਾਏ ਧਰਨੇ ਪ੍ਰਦਰਸ਼ਨ ਕਰ ਕੇ ਲੋਕਾਂ ਗੁਮਰਾਹ ਕਿਉਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ 'ਚ ਅਕਾਲੀ ਦਲ ਦੀ ਸੂਬੇ ਅੰਦਰ ਹੋਂਦ ਬਿਲਕੁਲ ਖ਼ਤਮ ਹੋ ਚੁੱਕੀ ਹੈ ਤੇ ਉਹ ਅਪਣੀ ਗੁਆਚ ਚੁੱਕੀ ਹੋਂਦ ਨੂੰ ਲੱਭਣ 'ਤੇ ਬਚਾਉਣ ਵਾਸਤੇ ਅਜਿਹੇ ਡਰਾਮੇ ਕਰ ਰਹੇ ਹਨ।

ਜਦਕਿ ਭਾਜਪਾ ਦਾ ਪਹਿਲਾਂ ਹੀ ਸੂਬੇ ਅੰਦਰ ਕੋਈ ਆਧਾਰ ਨਹੀਂ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਸਿਰੇ ਦੀ ਡਰਾਮੇਬਾਜ਼ ਦਸਿਆ ਤੇ ਦੋਸ਼ ਲਾਇਆ ਕਿ ਉਹ ਅਸਲ ਮੁੱਦੇ ਚੁੱਕਣ ਦੀ ਬਜਾਏ ਸੁਰਖੀਆਂ ਬਟੋਰਨਾ ਚਹੁੰਦੀ ਹੈ। ਸਰਦਾਰ ਧਰਮਸੋਤ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਮਾਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹਰ ਤਰ੍ਹਾਂ ਦੇ ਮਾਫ਼ੀਆ ਤੇ ਨਿਕੇਲ ਕੱਸੀ ਗਈ ਹੈ ਇਹ ਗੱਲ ਸਾਰਾ ਜੱਗ ਜਾਣਦਾ ਹੈ। ਇਸ ਲਈ ਅਕਾਲੀ-ਭਾਜਪਾ ਨੂੰ ਅਜਿਹੇ ਡਰਾਮੇ ਕਰ ਕੇ ਲੋਕਾਂ ਨੂੰ ਗੁਮਰਾਹ ਨਹੀ ਕਰਨਾ ਚਾਹੀਦਾ।