ਸਰਕਾਰ ਵਲੋਂ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਉਜਾੜਾ ਘੱਟ ਗਿਣਤੀਆਂ 'ਤੇ ਸਿੱਧਾਹਮਲਾ:ਜਥੇਦਾਰਸੰਸਾਰਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਯੂ.ਪੀ ਪੁਲਿਸ ਵਲੋਂ ਜਬਰੀ ਕਿਸਾਨਾਂ ਦੇ ਘਰਾਂ 'ਤੇ ਬੁਲਡੋਜਰ ਚਲਾਉਣਾ ਬਰਦਾਸ਼ਤਯੋਗ ਨਹੀਂ

1

ਨਵੀਂ ਦਿੱਲੀ, 19 ਜੂਨ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਜਥੇਦਾਰ ਸੰਸਾਰ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ (ਯੂ.ਪੀ) ਵਿਚ ਵਸਦੇ ਕਿਸਾਨਾਂ ਦਾ ਇਕ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਉਥੋਂ ਦੀ ਯੋਗੀ ਸਰਕਾਰ ਵਲੋਂ ਕੀਤਾ ਜਾ ਰਿਹਾ ਸਿੱਖਾਂ ਉਜਾੜਾ ਘੱਟ ਗਿਣਤੀ ਫ਼ਿਰਕੇ ਦੇ ਲੋਕਾਂ 'ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਭਾਰਤੀ ਜਨਤਾ ਪਾਰਟੀ (ਬੇ.ਜੀ.ਪੀ) ਦੀ ਸਰਕਾਰ ਕੇਂਦਰ ਵਿਚ ਆਈ ਹੈ, ਉਸ ਦਿਨ ਤੋਂ ਲੈ ਕੇ ਘੱਟ ਗਿਣਤੀ ਲੋਕਾਂ ਉਤੇ ਹਮਲਿਆਂ ਨੇ ਤੇਜੀ ਫੜ ਲਈ ਹੈ।

ਜਥੇਦਾਰ  ਸੰਸਾਰ ਸਿੰਘ ਨੇ ਕਿਹਾ ਕਿ ਆਰ.ਐਸ.ਐਸ ਦੇ ਇਸ਼ਾਰੇ 'ਤੇ ਭਾਜਪਾ ਸਰਕਾਰ ਨੇ ਪਹਿਲਾਂ ਗੁਜਰਾਤ ਅਤੇ ਮਹਾਂਰਾਸ਼ਟਰ ਤੇ ਹੁਣ ਉਤਰ ਪ੍ਰਦੇਸ਼ ਵਿਚ ਖੇਤੀ ਦਾ ਕਾਰੋਬਾਰ ਕਰਨ ਵਾਲੇ ਕਿਸਾਨਾਂ ਨੂੰ ਯੂ.ਪੀ ਪੁਲਿਸ ਤੇ ਮੁੱਖ ਮੰਤਰੀ ਯੋਗੀ ਦੇ ਗੁੰਡਿਆਂ ਵਲੋਂ ਜ਼ੋਰ-ਜਬਰਦਸਤੀ ਨਾਲ ਕਿਸਾਨਾਂ ਦੇ ਘਰਾਂ ਉਪਰ ਬੁਲਡੋਜਰ ਚਲਾਏ ਜਾ ਰਹੇ ਹਨ ਜੋ ਸਰਾਸਰ ਗਲਤ ਅਤੇ ਬਰਦਾਸਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਪਾਰਟੀ ਨੰਹੂ-ਮਾਸ ਦਾ ਰਿਸ਼ਤਾ ਰਖਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਜਿਸ ਨੇ ਹਮੇਸ਼ ਕਿਸਾਨੀ ਮੁੱਦਿਆਂ ਉਤੇ ਅਪਣੀ ਰਾਜਨੀਤੀ ਕੀਤੀ ਹੈ, ਉਹ ਇਸ ਮੁੱਦੇ 'ਤੇ ਚੁਪੀ ਧਾਰ ਕੇ ਬੈਠੀ ਹੈ ਅਤੇ ਨਾ ਹੀ ਕਿਸੇ ਅਕਾਲੀ ਆਗੂ ਨੇ ਇਸ ਬਾਰੇ ਕੋਈ ਬਿਆਨ ਦਿਤਾ ਹੈ। ਜਥੇਦਾਰ ਸੰਸਾਰ ਸਿੰਘ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਅਪਣੇ ਹੱਥੀਂ ਮਾਰੂ ਤੇ ਬੰਜਰ ਜ਼ਮੀਨਾਂ ਨੂੰ ਅਬਾਦ ਤੇ ਵਾਹੀਯੋਗ ਬਣਾ ਕੇ ਦੇਸ਼ ਦੀ ਤਰੱਕੀ ਵਿਚ ਅਪਣਾ ਅਹਿਮ ਯੋਗਦਾਨ ਪਾਇਆ ਹੈ ਪਰ ਜਦੋਂ ਉਹ ਬੰਜਰ ਜਮੀਨਾਂ ਅਬਾਦ ਹੋ ਗਈਆਂ ਤਾਂ ਹੁਣ ਭੂ-ਮਾਫ਼ੀਆ ਅਤੇ ਸਰਕਾਰਾਂ ਰਲ-ਮਿਲ ਕੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜੱਪਣਾ ਚਾਹੁੰਦੀਆਂ ਹਨ, ਜਿਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰਾਂ ਇਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਲੈਣ ਅਤੇ ਸਿੱਖਾਂ ਦੀ ਜਾਨ ਮਾਲ ਦੀ ਸੁਰੱਖ਼ਿਆ ਨੂੰ ਯਕੀਨੀ ਬਣਾਉਣ।