ਮੈਂ ਲੋਕਾਂ ਪ੍ਰਤੀ ਜ਼ਿੰਮੇਵਾਰੀ ਨੂੰ ਭਵਿੱਖ ਵਿਚ ਵੀ ਨਿਭਾਉਂਦਾ ਰਹਾਂਗਾ : ਕਰਨ ਗਿਲਹੋਤਰਾ
ਪੀ.ਐਚ.ਡੀ. ਰੂਰਲ ਡਿਵੈਲਪਮੈਂਟ ਫ਼ਾਊਂਡੇਸ਼ਨ ਵਲੋਂ ਕੋਕਾ ਕੋਲਾ ਦੇ ਸਹਿਯੋਗ ਨਾਲ ਕੋਰੋਨਾ ਪ੍ਰਭਾਵਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦਾ ਸਿਲਸਿਲਾ ਜਾਰੀ
ਫ਼ਾਜ਼ਿਲਕਾ 18 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਪੀ.ਐਚ.ਡੀ. ਰੂਰਲ ਡਿਵੈਲਪਮੈਂਟ ਫ਼ਾਊਂਡੇਸ਼ਨ ਵਲੋਂ ਕੋਕਾ ਕੋਲਾ ਦੇ ਸਹਿਯੋਗ ਨਾਲ ਕੋਵਿਡ -19 ਤੋਂ ਪ੍ਰਭਾਵਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦਾ ਸਿਲਸਿਲਾ ਜਾਰੀ ਹੈ। ਪਿਛਲੇ ਦਿਨੀਂ ਫ਼ਾਜ਼ਿਲਕਾ ਜ਼ਿਲ੍ਹੇ ਵਿਚ 4 ਟਰੱਕ ਸੇਬ ਜੂਸ ਦੇ ਵੰਡਣ ਤੋਂ ਬਾਅਦ ਹੁਣ ਇਨ੍ਹਾਂ ਦੋਵੇਂ ਸੰਗਠਨਾਂ ਨੇ ਕੋਰੋਨਾ ਪ੍ਰਭਾਵਿਤ ਅਤੇ ਕੋਰੋਨਾ ਯੋਧਿਆਂ ਨੂੰ ਵੰਡਣ ਲਈ ਸੇਬ ਜੂਸ ਦੇ ਦੋ ਟਰੱਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੇ ਹਨ। ਇਹ ਸਾਰੇ ਯਤਨ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ, ਪੰਜਾਬ ਚੈਪਟਰ ਦੇ ਚੇਅਰਮੈਨ ਅਤੇ ਮੂਲ ਰੂਪ ਵਿਚ ਫ਼ਾਜ਼ਿਲਕਾ ਨਿਵਾਸੀ ਕਰਨ ਗਿਲਹੋਤਰਾ ਕਰ ਰਹੇ ਹਨ।
ਉਹ ਪਹਿਲਾਂ ਵੀ ਅਪਣੀ ਸੰਸਥਾ ਦੁਆਰਾ ਫ਼ਾਜ਼ਿਲਕਾ ਲਈ ਕੁੱਝ ਨਾ ਕੁੱਝ ਕਰਦੇ ਹੀ ਰਹਿੰਦੇ ਹਨ। ਵੀਰਵਾਰ ਨੂੰ ਭੇਜੇ ਗਏ ਸੇਬ ਜੂਸ ਟਰੱਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਵੰਡਣ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੂੰ ਭੇਂਟ ਕੀਤਾ ਗਿਆ। ਇਹ ਜੂਸ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੁਆਰਾ ਸੰਚਾਲਿਤ ਸਾਡੀ ਰਸੋਈ ਵਿਚ ਖਾਣੇ ਲਈ ਆਉਣ ਵਾਲੇ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ ਅਤੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਮਹਾਂਮਾਰੀ ਨਾਲ ਲੜਨ ਵਾਲੇ ਡਾਕਟਰ, ਪੁਲਿਸ, ਸਵੈ-ਸੇਵਕ ਅਤੇ ਐਨ.ਜੀ.ਓ. ਦੇ ਮੈਂਬਰਾਂ ਵਿਚ ਵੰਡੇ ਜਾਣਗੇ।
ਡੀ.ਸੀ. ਸ੍ਰੀ ਸੰਧੂ ਨੇ ਇਸ ਲਈ ਕਰਨ ਗਿਲਹੋਤਰਾ ਅਤੇ ਪੀਐਚਡੀ ਚੈਂਬਰ ਆਫ਼ ਕਾਮਰਸ ਦੇ ਸਾਰੇ ਅਧਿਕਾਰੀਆਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਕਰਨ ਗਿਲਹੋਤਰਾ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾਂ ਇਹ ਹੀ ਕੋਸ਼ਿਸ਼ ਰਹੀ ਹੈ ਕਿ ਸੰਸਥਾ ਅਤੇ ਸਰਕਾਰ ਦੇ ਜ਼ਰੀਏ ਉਹ ਅਪਣੇ ਗ੍ਰਹਿ ਖੇਤਰ ਦੇ ਲੋਕਾਂ ਨੂੰ ਵਧ ਤੋਂ ਵਧ ਲਾਭ ਪਹੁੰਚਾ ਸਕਣ। ਉਨ੍ਹਾਂ ਕਿਹਾ ਕਿ ਅਸੀ ਲੋਕਾਂ ਪ੍ਰਤੀ ਸੇਵਾ ਦੀ ਜ਼ਿੰਮੇਵਾਰੀ ਲਈ ਹੈ ਅਤੇ ਭਵਿੱਖ ਵਿਚ ਵੀ ਉਹ ਅਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਸਮੁੱਚਾ ਉਦਯੋਗ ਇਹ ਹੀ ਅਰਦਾਸ ਕਰ ਰਿਹਾ ਹੈ ਕਿ ਪ੍ਰਮਾਤਮਾ ਜਲਦੀ ਹੀ ਇਸ ਮਹਾਂਮਾਰੀ ਕਾਰਨ ਪੰਜਾਬ, ਭਾਰਤ ਅਤੇ ਵਿਸ਼ਵ ਵਿਚ ਕੋਰੋਨਾ ਕਾਰਨ ਗੁੰਮ ਹੋਈ ਜ਼ਿੰਦਗੀ ਮੁੜ ਲੀਹ 'ਤੇ ਆ ਜਾਵੇ ਅਤੇ ਲੋਕ ਪਹਿਲਾਂ ਵਾਂਗ ਮੁੜ ਇਕੱਠੇ ਹੋ ਸਕਣ। ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਰਪ੍ਰਸਤ ਸੁਰਿੰਦਰ ਠਕਰਾਲ ਹੈਪੀ, ਐਡਵੋਕੇਟ ਸੁਭਾਸ਼ ਕਟਾਰੀਆ, ਮਨੀਸ਼ ਕਟਾਰੀਆ, ਸ਼ਸ਼ੀਕਾਂਤ, ਸਰਹਦ ਸਮਾਜ ਭਲਾਈ ਸੁਸਾਇਟੀ ਦੇ ਖ਼ਜ਼ਾਨਚੀ ਮਨੋਜ ਨਾਗਪਾਲ, ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੁਭਾਸ਼ ਅਰੋੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।