ਗੁੜੀਆ ਬਲਾਤਕਾਰ ਤੇ ਕਤਲ ਮਾਮਲੇ ’ਚ ਦੋਸ਼ੀ ਨੀਲੂ ਨੂੰ ਉਮਰ ਕੈਦ ਦੀ ਸਜ਼ਾ

ਏਜੰਸੀ

ਖ਼ਬਰਾਂ, ਪੰਜਾਬ

ਗੁੜੀਆ ਬਲਾਤਕਾਰ ਤੇ ਕਤਲ ਮਾਮਲੇ ’ਚ ਦੋਸ਼ੀ ਨੀਲੂ ਨੂੰ ਉਮਰ ਕੈਦ ਦੀ ਸਜ਼ਾ

image

ਸ਼ਿਮਲਾ, 18 ਜੂਨ : ਹਿਮਾਚਲ ਪ੍ਰਦੇਸ਼ ’ਚ ਕੋਟਖਾਈ ਸਥਿਤ ਬਹੁਚਰਚਿਤ ਗੁੜੀਆ ਬਲਾਤਕਾਰ ਤੇ ਕਤਲ ਮਾਮਲੇ ’ਚ ਦੋਸ਼ੀ ਅਨਿਲ ਕੁਮਾਰ ਉਰਫ਼ ਨੀਲੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 10ਵੀਂ ਦੀ ਵਿਦਿਆਰਥਣ ਦਾ ਬਲਾਤਕਾਰ ਤੋਂ ਬਾਅਦ ਕਤਲ ਕਰਨ ਦੇ ਮਾਮਲੇ ’ਚ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਰਾਜੀਵ ਭਾਰਦਵਾਜ ਨੇ ਦੋਸ਼ੀ ਨੂੰ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਸ਼ੁਕਰਵਾਰ ਦੁਪਹਿਰ ਸਖ਼ਤ ਸੁਰੱਖਿਆ ਵਿਚਾਲੇ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ 2 ਮਿੰਟ ਚੱਲੀ ਕਾਰਵਾਈ ’ਚ ਦੋਸ਼ੀ ਨੂੰ ਸਜ਼ਾ ਸੁਣਾਈ। ਸਜ਼ਾ ਸੁਣਾਏ ਜਾਣ ’ਤੇ ਨੀਲੂ ਦੇ ਚਿਹਰੇ ਦਾ ਰੰਗ ਉਡ ਗਿਆ। ਨੀਲੂ ਨੇ ਪੁਲਿਸ ਨਾਲ ਅਦਾਲਤ ਤੋਂ ਬਾਹਰ ਆਉਂਦੇ ਹੋਏ ਹੱਥ ਜੋੜ ਕੇ ਕਿਹਾ, ‘‘ਮੈਂ ਨਿਰਦੋਸ਼ ਹਾਂ।’’ ਫ਼ੈਸਲੇ ਵਿਚ ਹਾਈ ਕੋਰਟ ਵਿਚ ਅਪੀਲ ਕਰੂੰਗਾ। ਮੈਨੂੰ ਸੀ.ਬੀ.ਆਈ. ਨੇ ਫਸਾਇਆ ਹੈ। ਨੀਲੂ ਨੇ ਕਿਹਾ ਕਿ ਕਿਸ ਨੇ ਕੀ ਕੀਤਾ ਮੈਨੂੰ ਕੁੱਝ ਨਹੀਂ ਪਤਾ, ਮੈਂ ਉਸ ਦੀ ਦਿਨ ਮੌਕੇ ’ਤੇ ਹੈ ਹੀ ਨਹੀਂ ਸੀ। ਦੋਸ਼ੀ ਨੀਲੂ ਪਿਛਲੇ 37 ਮਹੀਨਿਆਂ ਤੋਂ ਜੇਲ ’ਚ ਬੰਦ ਹੈ। ਸੀ.ਬੀ.ਆਈ. ਨੇ ਦੋਸ਼ੀ ਨੂੰ ਅਪ੍ਰੈਲ ’ਚ ਗਿ੍ਰਫ਼ਤਾਰ ਕੀਤਾ ਸੀ ਅਤੇ ਜੁਲਾਈ 2018 ਨੂੰ ਅਦਾਲਤ ’ਚ ਚਲਾਨ ਦਾਖ਼ਲ ਕੀਤਾ ਸੀ। 
ਦਸਣਯੋਗ ਹੈ ਕਿ 4 ਜੁਲਾਈ 2017 ਨੂੰ ਇਕ ਵਿਦਿਆਰਥਣ (ਗੁੜੀਆ) ਸਕੂਲ ਤੋਂ ਆਉਂਦੇ ਸਮੇਂ ਲਾਪਤਾ ਹੋ ਗਈ ਸੀ। 6 ਜੁਲਾਈ ਨੂੰ ਕੋਟਖਾਈ ਦੇ ਜੰਗਲ ’ਚ ਪੀੜਤਾ ਦੀ ਲਾਸ਼ ਮਿਲੀ। ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਕਿ ਵਿਦਿਆਰਥਣ ਦਾ ਬਲਾਤਕਾਰ ਤੋਂ ਬਾਅਦ ਕਤਲ ਕਰ ਦਿਤਾ ਗਿਆ ਸੀ। ਕੁੜੀ ਨਾਲ ਦਰਿੰਦਗੀ ਦੀ ਇਸ ਵਾਰਦਾਤ ਵਿਰੁਧ ਲੋਕ ਸਖਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਉਤਰ ਆਏ ਸਨ। ਸੂਬਾ ਪੁਲਿਸ ਦੀ ਐਸ.ਆਈ.ਟੀ. ਨੇ 5 ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਕੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਸੀ। ਇਨ੍ਹਾਂ ’ਚੋਂ ਇਕ ਦੋਸ਼ੀ ਸੂਰਜ ਦੀ ਹਵਾਲਾਤ ’ਚ ਹਤਿਆ ਕਰ ਦਿਤੀ ਗਈ। ਇਸ ਨਾਲ ਪੁਲਿਸ ’ਤੇ ਸਬੂਤ ਮਿਟਾਉਣ ਦੇ ਦੋਸ਼ ਲੱਗੇ ਅਤੇ ਲੋਕਾਂ ਦਾ ਗੁੱਸਾ ਪੁਲਿਸ ’ਤੇ ਵਧ ਗਿਆ ਅਤੇ ਭੀੜ ਨੇ ਕੋਟਖਾਈ ਥਾਣੇ ਨੂੰ ਅੱਗ ਦੇ ਹਵਾਲੇ ਕਰ ਦਿਤਾ ਸੀ। 
ਬਾਅਦ ’ਚ ਇਸ ਮਾਮਲੇ ’ਚ ਇਕ ਨਵਾਂ ਮੋੜ ਆਇਆ ਅਤੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਜੇਲ ਤੋਂ ਰਿਹਾਅ ਕਰ ਦਿਤਾ ਗਿਆ। ਸੀ.ਬੀ.ਆਈ. ਨੇ ਡੀ.ਐਨ.ਏ. ਪ੍ਰੀਖਣ ਦੇ ਆਧਾਰ ’ਤੇ ਅਪ੍ਰੈਲ 2018 ਨੂੰ ਨੀਲੂ ਨਾਮੀ ਚਿਰਾਨੀ ਨੂੰ ਗਿ੍ਰਫ਼ਤਾਰ ਕੀਤਾ ਸੀ। ਸੀ.ਬੀ.ਆਈ. ਨੇ ਮਾਮਲੇ ਦੀ ਜਾਂਚ ਦੌਰਾਨ ਕੋਟਖਾਈ ਅਤੇ ਨੇੜੇ-ਤੇੜੇ ਦੇ ਪਿੰਡਾਂ ਦੇ ਸੈਂਕੜੇ ਲੋਕਾਂ ਤੋਂ ਪੁਛਗਿੱਛ ਕੀਤੀ ਸੀ ਅਤੇ ਵੱਡੀ ਗਿਣਤੀ ’ਚ ਚਿਰਾਨੀਆਂ ਦੇ ਬਲੱਡ ਸੈਂਪਲ ਵੀ ਲਏ ਗਏ। ਇਸ ਮਾਮਲੇ ’ਚ ਸੀ.ਬੀ.ਆਈ. ਨੇ 59 ਗਵਾਹਾਂ ਦੇ ਬਿਆਨ ਦਰਜ ਕੀਤੇ।