ਕੈਪਟਨ ਨਾਲ ਕੋਈ ਨਿਜੀ ਲੜਾਈ ਨਹੀਂ ਪਰ ਉਠਾਏ ਮੁੱਦਿਆਂ 'ਤੇ ਅੱਜ ਵੀ ਕਾਇਮ ਹਾਂ : ਪ੍ਰਤਾਪ ਬਾਜਵਾ
ਕੈਪਟਨ ਨਾਲ ਕੋਈ ਨਿਜੀ ਲੜਾਈ ਨਹੀਂ ਪਰ ਉਠਾਏ ਮੁੱਦਿਆਂ 'ਤੇ ਅੱਜ ਵੀ ਕਾਇਮ ਹਾਂ : ਪ੍ਰਤਾਪ ਬਾਜਵਾ
ਚੰਡੀਗੜ੍ਹ, 18 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਦੀ ਬੀਤੀ ਰਾਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੁਪਤ ਮੀਟਿੰਗ ਹੋਣ ਦੀ ਚਰਚਾ ਨੂੰ ਸਿਰੇ ਤੋਂ ਰੱਦ ਕਰਦਿਆਂ ਪਿਛਲੇ ਸਮੇਂ ਵਿਚ ਸੂਬਾ ਸਰਕਾਰ ਦੇ ਕੰਮਾਂ ਨੂੰ ਲੈ ਕੇ ਉਠਾਏ ਜਾਂਦੇ ਮੁੱਦਿਆਂ ਉਪਰ ਵੀ ਅਪਣਾ ਰੁੱਖ ਮੁੜ ਸਪੱਸ਼ਟ ਕੀਤਾ ਹੈ |
ਅੱਜ ਇਥੇ ਮੀਡੀਆ ਦੇ ਰੂਬਰੂ ਹੁੰਦੇ ਹੋਏ ਉਨ੍ਹਾਂ ਕੈਪਟਨ ਨਾਲ ਗੁਪਤ ਮੀਟਿੰਗ ਦੀਆਂ ਖ਼ਬਰਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਜੇ ਕੋਈ ਅਜਿਹੀ ਮੀਟਿੰਗ ਹੋਵੇਗੀ ਤਾਂ ਤੁਹਾਨੂੰ ਵੀ ਜ਼ਰੂਰ ਬੁਲਾਵਾਂਗਾ | ਬਾਜਵਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੇਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਨਿਜੀ ਲੜਾਈ ਨਹੀਂ ਬਲਕਿ ਮੁੱਦਿਆਂ 'ਤੇ ਸਿਧਾਂਤਕ ਲੜਾਈ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਉਠਾਏ ਮੁੱਦਿਆਂ ਉਪਰ ਮੈਂ ਅੱਜ ਵੀ ਕਾਇਮ ਹਾਂ ਅਤੇ ਇਨ੍ਹਾਂ ਮੁੱਦਿਆਂ 'ਤੇ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਅੱਗੇ ਵੀ ਆਵਾਜ਼ ਬੁਲੰਦ ਕਰਦਾ ਰਹਾਂਗਾ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਗੋਲੀ ਕਾਂਡ ਦੇ ਦੋਸ਼ੀਆਂ ਵਿਰੁਧ ਵੀ ਛੇਤੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਦੇ ਹੁਕਮਾਂ ਨਾਲ ਗੋਲੀ ਚਲੀ, ਉਹ ਛੇਤੀ ਇਕ ਮਹੀਨੇ ਅੰਦਰ ਚਲਾਨ ਪੇਸ਼ ਕਰ ਕੇ ਅਦਾਲਤ ਦੇ ਕਟਹਿਰੇ ਵਿਚ ਖੜੇ ਕੀਤੇ ਜਾਣੇ ਚਾਹੀਦੇ ਹਨ | ਪੰਜਾਬ ਦੇ ਲੋਕ ਤੇ ਕਾਂਗਰਸ ਕਾਡਰ ਵੀ ਇਹ ਚਾਹੁੰਦਾ ਹੈ ਕਿ ਅਸੀ ਗੁਰੂ ਸਾਹਿਬ ਦਾ ਵਾਅਦਾ ਪੂਰਾ ਕਰੀਏ |
ਬਾਜਵਾ ਨੇ ਕਿਹਾ ਕਿ ਦੂਜਾ ਮੁੱਖ ਮੁੱਦਾ ਨਸ਼ਿਆਂ ਦੇ ਵੱਡੇ ਸੌਦਾਗਰਾਂ ਨਾਲ ਜੁੜਿਆ ਹੈ | ਹਾਈ ਕੋਰਟ ਵਿਚ ਬੰਦ ਪਏ ਲਿਫ਼ਾਫ਼ੇ ਏ.ਜੀ. ਰਾਹੀਂ ਖੁਲ੍ਹਵਾ ਕੇ ਕਾਰਵਾਈ ਹੋਵੇ | ਲੋਕਾਂ ਨੂੰ ਉਨ੍ਹਾਂ ਨਾਵਾਂ ਦਾ ਪਤਾ ਲੱਗੇ ਜਿਨ੍ਹਾਂ ਨੇ ਸਾਡੀ ਜਵਾਨੀ ਬਰਬਾਦ ਕੀਤੀ | ਇਸ ਵਿਚ ਵੱਡੇ ਸਿਆਸੀ ਲੋਕ, ਪੁਲਿਸ ਅਫ਼ਸਰ ਤੇ ਵੱਡੇ ਸਮਗਲਰ ਸ਼ਾਮਲ ਹਨ | ਇਸ ਤੋਂ ਇਲਾਵਾ ਹੋਰ ਚੋਣ ਵਾਅਦੇ ਪੂਰੇ ਹੋਣੇ ਚਾਹੀਦੇ ਹਨ | ਬੇਰੁਜ਼ਗਾਰ ਅਧਿਆਪਕਾਂ ਨੂੰ ਪੱਕਾ ਕਰਨ ਦਾ ਵਾਅਦਾ ਪੂਰਾ ਹੋਵੇ | ਭਰੀਆਂ ਜਾਣ ਵਾਲੀਆਂ 1 ਲੱਖ ਅਸਾਮੀਆਂ ਵਿਚ ਇਨ੍ਹਾਂ ਨੂੰ ਪਹਿਲ ਦੇ ਕੇ ਪੱਕੇ ਕੀਤਾ ਜਾਵੇ | ਇਸੇ ਤਰ੍ਹਾਂ ਦਲਿਤ ਮਸਲੇ ਖ਼ਾਸ ਤੌਰ 'ਤੇ ਦਲਿਤ ਬੱਚਿਆਂ ਦੇ ਪੋਸਟ ਮੈਟਿ੍ਕ ਵਜ਼ੀਫ਼ੇ ਦਾ ਮਾਮਲਾ ਹੱਲ ਹੋਣਾ ਚਾਹੀਦਾ ਹੈ | ਉਨ੍ਹਾਂ ਕਿਸਾਨ ਅੰਦੋਲਨ ਦੀ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲ ਕਦਮੀ ਕਰ ਕੇ ਪ੍ਰਧਾਨ ਮੰਤਰੀ ਕੋਲ ਪਹੁੰਚ ਕਰਨੀ ਚਾਹੀਦੀ ਹੈ | ਇਸ ਕੰਮ ਵਿਚ ਸੰਸਦ ਮੈਂਬਰ, ਵਿਧਾਇਕ ਤੇ ਹੋਰ ਆਗੂ ਨਾਲ ਜਾਣ ਨੂੰ ਤਿਆਰ ਹਨ |
ਕਿਸਾਨਾਂ ਦਾ ਮਸਲਾ ਹੱਲ ਕਰਵਾਉਣ ਲਈ ਸਾਨੂੰ ਦਿੱਲੀ ਵਿਚ ਪ੍ਰਧਾਨ ਮੰਤਰੀ ਦੇ ਘਰ ਅੱਗੇ ਪੱਕਾ ਧਰਨਾ ਲਾ ਦੇਣਾ ਚਾਹੀਦਾ ਹੈ | ਕਿਸਾਨ 7-8 ਮਹੀਨੇ ਤੋਂ ਜਿਸ ਤਰ੍ਹਾਂ ਘਰ ਵਾਰ ਛੱਡ ਕੇ ਬੈਠੇ ਹਨ,ਸਾਨੂੰ ਵੀ ਉਸੇ ਤਰ੍ਹਾਂ ਬੈਠਣਾ ਚਾਹੀਦਾ ਹੈ | ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਕਿਹਾ ਕਿ ਕੁੱਝ ਆਗੂਆਂ ਨੇ ਉਸ ਦਾ ਕਾਂਗਰਸ ਵਿਚ ਸ਼ਾਮਲ ਕਰਨਾ ਦਾ ਵਿਰੋਧ ਕੀਤਾ ਸੀ ਪਰ ਹਾਈਕਮਾਨ ਕੋਲ ਮੈਂ ਉਸ ਦੇ ਹੱਕ ਵਿਚ ਸਿਫ਼ਾਰਸ਼ ਕਰ ਕੇ ਉਸ ਨੂੰ ਸ਼ਾਮਲ ਕਰਵਾਇਆ ਸੀ | ਉਹ ਇਕ ਵਧੀਆ ਬੁਲਾਰਾ ਤੇ ਚੰਗੇ ਅਕਸ ਵਾਲਾ ਹੈ ਅਤੇ ਉਸ ਨੂੰ ਪਾਰਟੀ ਵਿਚ ਕੋਈ ਅਹਿਮ ਅਹੁਦਾ ਜ਼ਰੂਰ ਮਿਲਣਾ ਚਾਹੀਦਾ ਹੈ | ਉਨ੍ਹਾਂ ਨਾਲ ਹੀ ਸਿੱਧੂ ਨੂੰ ਨਸੀਹਤ ਵੀ ਦਿਤੀ ਕਿ ਉਚ ਅਹੁਦੇ 'ਤੇ ਪਹੁੰਚਣ ਲਈ ਸਮਾਂ ਲਗਦਾ ਹੈ ਤੇ ਉਸ ਲਈ ਕੱੁਝ ਸਬਰ ਵੀ ਰੱਖਣਾ ਪਵੇਗਾ | ਇਸ ਸਮੇਂ ਪਾਰਟੀ ਵਲੋਂ ਦਿਤਾ ਜਾਣ ਵਾਲਾ ਅਹੁਦਾ ਸਵੀਕਾਰ ਕਰਨਾ ਚਾਹੀਦਾ ਹੈ |
ਬਾਜਵਾ ਨੇ ਇਹ ਵੀ ਕਿਹਾ ਕਿ ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਤੇ ਨਾ ਹੀ ਮੰਗਿਆ ਹੈ ਪਰ ਟਕਸਾਲੀ ਕਾਂਗਰਸੀਆਂ ਦਾ ਮਾਣ ਸਨਮਾਨ ਜ਼ਰੂਰ ਬਹਾਲ ਹੋਣਾ ਚਾਹੀਦਾ ਹੈ | ਜੋ 40-40 ਸਾਲ ਤੋਂ ਪਾਰਟੀ ਵਿਚ ਕੰਮ ਕਰ ਰਹੇ ਹਨ | ਸਾਰੇ ਵਰਗਾਂ ਨੂੰ ਬਣਦੀ ਪ੍ਰਤੀਨਿਧਤਾ ਵੀ ਮਿਲਣੀ ਚਾਹੀਦੀ ਹੈ | ਬਾਜਵਾ ਨੇ ਸੇਵਾ ਮੁਕਤ ਅਫ਼ਸਰਾਂ ਬਾਰੇ ਵੀ ਕਿਹਾ ਕਿ ਇਨ੍ਹਾਂ ਨੂੰ ਹੁਣ ਮੁੱਖ ਮੰਤਰੀ ਨੂੰ ਫ਼ਾਰਗ ਕਰ ਦੇਣਾ ਚਾਹੀਦਾ ਹੈ ਜੋ ਸੰਵਿਧਾਨਕ ਪਦਾਂ ਉਪਰ ਹਨ | ਉਨ੍ਹਾਂ ਕਿਹ ਕਿ ਵਧੀਆ ਹੋਣਾ ਸੀ, ਜੇ ਏ.ਜੀ. ਦੀ ਪਤਨੀ ਦੀ ਥਾਂ ਖ਼ੁਦ ਏ.ਜੀ. ਅਤੁਲ ਨੰਦਾ ਅਹੁਦੇ ਤੋਂ ਅਸਤੀਫ਼ਾ ਦਿੰਦੇ | ਬਾਜਵਾ ਨੇ ਕਿਹਾ ਕਿ ਜੋ ਪਾਰਟੀ ਹਾਈਕਮਾਨ ਫ਼ੈਸਲਾ ਲਵੇਗੀ ਉਹ ਸੱਭ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਕਿਉਂਕਿ ਹੁਣ ਜੰਗ ਦਾ ਸਮਾਂ ਹੈ ਤੇ ਅਸੀ ਵਿਰੋਧੀਆਂ ਨਾਲ ਡੱਟ ਕੇ ਟੱਕਰ ਲੈਣੀ ਹੈ |