ਸੁਰੱਖਿਆ ਲਈ ਮਾਲਕ ਨੇ ਲਾਏ 3
ਮੱਧ ਪ੍ਰਦੇਸ਼, 18 ਜੂਨ : ਮੱਧ ਪ੍ਰਦੇਸ ਦੇ ਜਬਲਪੁਰ ਵਿਚ ਅੰਬਾਂ ਦੇ ਬਾਗ਼ ਦੇ ਮਾਲਕ ਨੇ ਬਾਗ਼ ਦੀ ਰਾਖੀ ਲਈ ਲਈ ਤਿੰਨ ਸੁਰਖਿਆ ਗਾਰਡ ਅਤੇ 9 ਕੁੱਤੇ ਲਗਾਏ ਹੋਏ ਹਨ। ਖਾਸ ਕਿਸਮ ਦਾ ਅੰਬ ਮੂਲਤ ਜਾਪਾਨ ਵਿਚ ਪਾਇਆ ਜਾਂਦਾ ਹੈ। ਜਬਲਪੁਰ ਦੇ ਇਸ ਬਾਗ਼ ਵਿਚ ਲੱਗੇ ਅੰਬਾਂ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ 2 ਲੱਖ 70 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੱਸੀ ਜਾਂਦੀ ਹੈ।
ਅੰਬਾਂ ਦੀ ਮਹਿੰਗੀ ਕੀਮਤ ਹੋਣ ਕਾਰਨ ਇਸ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਅੰਬਾਂ ਦੀ ਰਾਖੀ ਲਈ ਦਿਨ ਵਿਚ 24 ਘੰਟੇ ਕੁੱਤੇ ਅਤੇ ਗਾਰਡ ਤਾਇਨਾਤ ਕੀਤੇ ਗਏ ਹਨ।
ਬਗੀਚੇ ਦੇ ਮਾਲਕ ਸੰਕਲਪ ਨੇ ਦਸਿਆ ਕਿ ਇਸ ਜਾਪਾਨੀ ਅੰਬ ਦਾ ਨਾਮ ਟਾਇਓ ਨੋ ਟਮੈਂਗੋ ਹੈ, ਇਸ ਨੂੰ ਸੂਰਜ ਦਾ ਅੰਡਾ ਵੀ ਕਿਹਾ ਜਾਂਦਾ ਹੈ। ਸੰਕਲਪ ਦਸਦੇ ਹਨ ਕਿ ਇਹ ਅੰਬ ਪਿਛਲੇ ਦਿਨੀਂ ਕਾਫ਼ੀ ਚਰਚਾ ਵਿਚ ਆਇਆ ਸੀ। ਜਿਸ ਕਾਰਨ ਉਸ ਦੇ ਬਾਗ ਦੇ ਅੰਬ ਚੋਰੀ ਹੋ ਗਏ ਸਨ। ਇਸ ਲਈ ਉਹ ਇਨ੍ਹਾਂ ਕੀਮਤੀ ਅੰਬਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਅਤੇ ਸੁਰੱਖਿਆ ’ਤੇ ਵਧੇਰੇ ਪੈਸਾ ਖਰਚ ਕਰ ਰਹੇ ਹਨ।
ਜਦੋਂ ਇਹ ਅੰਬ ਪੂਰੀ ਤਰ੍ਹਾਂ ਪੱਕ ਜਾਂਦਾ ਹੈ, ਤਾਂ ਇਹ ਹਲਕਾ ਲਾਲ ਅਤੇ ਪੀਲਾ ਹੁੰਦਾ ਹੈ ਅਤੇ ਇਸ ਦਾ ਭਾਰ ਲਗਭਗ 900 ਗ੍ਰਾਮ ਤਕ ਪਹੁੰਚ ਜਾਂਦਾ ਹੈ। ਇਸ ਵਿਚ ਫਾਈਬਰ ਨਹੀਂ ਪਾਇਆ ਜਾਂਦਾ ਅਤੇ ਖਾਣ ਵਿਚ ਵੀ ਬਹੁਤ ਮਿੱਠਾ ਹੁੰਦਾ ਹੈ। ਅੰਬ ਦੀ ਇਹ ਜਾਤੀ ਜਾਪਾਨ ਵਿਚ ਇਕ ਸੁਰੱਖਿਅਤ ਵਾਤਾਵਰਣ ਵਿਚ ਉਗਾਈ ਜਾਂਦੀ ਹੈ, ਪਰ ਸੰਕਲਪ ਨੇ ਇਸ ਨੂੰ ਅਪਣੀ ਬੰਜਰ ਧਰਤੀ ਉਤੇ ਖੁਲ੍ਹੇ ਵਾਤਾਵਰਣ ਵਿਚ ਉਗਾਇਆ।
ਬਗੀਚੇ ਦੇ ਮਾਲਕ ਦਾ ਕਹਿਣਾ ਹੈ ਕਿ ਸ਼ੁਰੂ ਵਿਚ ਉਸ ਨੇ 4 ਏਕੜ ਦੇ ਬਗੀਚੇ ਵਿਚ ਅੰਬ ਦੇ ਕੁੱਝ ਰੁੱਖ ਲਗਾਏ ਸਨ।
ਹੁਣ ਉਸ ਦੇ ਬਾਗ ਵਿਚ 14 ਹਾਈਬਿ੍ਰਡ ਅਤੇ ਛੇ ਵਿਦੇਸ਼ੀ ਕਿਸਮਾਂ ਦੇ ਅੰਬ ਹਨ। ਇਸ ਦੇ ਨਾਲ ਹੀ ਜਾਪਾਨੀ ਮੀਡੀਆ ਦੀ ਰੀਪੋਰਟ ਅਨੁਸਾਰ ਇਹ ਅੰਬ ਦੁਨੀਆ ਦਾ ਸੱਭ ਤੋਂ ਮਹਿੰਗਾ ਅੰਬ ਮੰਨਿਆ ਜਾਂਦਾ ਹੈ। ਪਿਛਲੇ ਸਾਲ ਇਸ ਅੰਬ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਢਾਈ ਲੱਖ ਰੁਪਏ ਪ੍ਰਤੀ ਕਿੱਲੋ ਤਕ ਪਹੁੰਚ ਗਈ ਸੀ।