ਕਿਸਾਨਾਂ ਨਾਲ ਮੁੜ ਗੱਲਬਾਤ ਕਰਨ ਲਈ ਨਰਿੰਦਰ ਤੋਮਰ ਨੇ ਰੱਖੀ ਸ਼ਰਤ, ਸਰਕਾਰ ਦਾ ਰੁਖ਼ ਕੀਤਾ ਸਾਫ਼
ਕਿਸਾਨਾਂ ਨਾਲ ਮੁੜ ਗੱਲਬਾਤ ਕਰਨ ਲਈ ਨਰਿੰਦਰ ਤੋਮਰ ਨੇ ਰੱਖੀ ਸ਼ਰਤ, ਸਰਕਾਰ ਦਾ ਰੁਖ਼ ਕੀਤਾ ਸਾਫ਼
ਨਵੀਂ ਦਿੱਲੀ, 18 ਜੂਨ : ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸਰਕਾਰ ਦਾ ਰੁਖ਼ ਸਾਫ਼ ਕਰ ਦਿਤਾ ਹੈ | ਤੋਮਰ ਨੇ ਕਿਹਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਸਬੰਧਤ ਪ੍ਰਬੰਧਾਂ 'ਤੇ ਕਿਸੇ ਵੀ ਕਿਸਾਨ ਸੰਗਠਨ ਨਾਲ ਅਤੇ ਕਦੇ ਵੀ ਗੱਲ ਕਰਨ ਲਈ ਤਿਆਰ ਹਾਂ |
ਉਨ੍ਹਾਂ ਕਿਹਾ,''ਕੋਈ ਸਮੱਸਿਆ ਨਹੀਂ, ਭਾਰਤ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ | ਰੱਦ ਕਰਨ ਨੂੰ ਛੱਡ ਕੇ ਐਕਟ ਨਾਲ ਸਬੰਧਤ ਪ੍ਰਬੰਧ 'ਤੇ ਕੋਈ ਵੀ ਕਿਸਾਨ ਜਥੇਬੰਦੀ ਅੱਧੀ ਰਾਤ ਨੂੰ ਗੱਲ ਕਰਨੀ ਚਾਹੇ ਤਾਂ ਮੈਂ ਉਨ੍ਹਾਂ ਦਾ ਸਵਾਗਤ ਕਰਾਂਗਾ |'' ਕਿਸਾਨ ਸੰਗਠਨ, ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਤੇ ਅੜੇ ਹੋਏ ਹਨ, ਜਦੋਂ ਕਿ ਸਰਕਾਰ ਦਾ ਕਹਿਣਾ ਹੈ ਕਿ ਉਹ ਲੋੜ ਅਨੁਸਾਰ ਇਸ 'ਚ ਸੁਧਾਰ ਕਰਨ ਲਈ ਤਿਆਰ ਹੈ | ਕੇਂਦਰ ਸਰਕਾਰ ਨੇ ਕਈ ਵਾਰ ਸੰਕੇਤ ਦਿਤੇ ਹਨ ਕਿ ਕਿਸਾਨ ਜਥੇਬੰਦੀਆਂ ਨੂੰ ਸਿਰਫ਼ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਛੱਡ ਕੇ, ਕਾਨੂੰਨੀ ਬਿੰਦੂਆਂ 'ਤੇ ਗੱਲ ਕਰਨੀ ਚਾਹੀਦੀ ਹੈ, ਤਾਂ ਹੀ ਗੱਲ ਅੱਗੇ ਵਧ ਸਕਦੀ ਹੈ |
ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਖੇਤੀਬਾੜੀ ਮੰਤਰੀ ਨੇ ਕਿਹਾ ਸੀ ਕਿ ਸਰਕਾਰ ਵਿਰੋਧ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ | ਨਾਲ ਹੀ ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਤਿੰਨ ਖੇਤੀ ਕਾਨੂੰਨਾਂ ਵਿਚ ਕਿਥੇ ਇਤਰਾਜ਼ ਹੈ ਤੇ ਕਿਥੇ ਨਾਰਾਜ਼ਗੀ ਹੈ, ਠੋਸ ਤਰਕ ਨਾਲ ਅਪਣੀ ਗੱਲ ਰੱਖਣ ਲਈ ਕਿਹਾ ਸੀ |
ਦਸਣਯੋਗ ਹੈ ਕਿ ਸਰਕਾਰ ਅਤੇ ਜਥੇਬੰਦੀਆਂ ਨੇ ਗਤੀਰੋਧ ਖਤਮ ਕਰਨ ਅਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਖਤਮ ਕਰਨ ਲਈ 11 ਦੌਰ ਦੀ ਗੱਲਬਾਤ ਕੀਤੀ ਹੈ, ਜਿਸ 'ਚ ਆਖਰੀ ਗੱਲਬਾਤ 22 ਜਨਵਰੀ ਨੂੰ ਹੋਈ ਸੀ | 26 ਜਨਵਰੀ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਇਕ ਟਰੈਕਟਰ ਰੈਲੀ ਦੌਰਾਨ ਹਿੰਸਾ ਤੋਂ ਬਾਅਦ ਗੱਲਬਾਤ ਰੁਕ ਗਈ ਸੀ |
ਦਸਣਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ 'ਚ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਹਜ਼ਾਰਾਂ ਕਿਸਾਨ ਡੇਰਾ ਲਾਈ ਬੈਠੇ ਹਨ |
ਜੋ ਮੁੱਖ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਹਨ | ਸੁਪਰੀਮ ਕੋਰਟ ਨੇ ਤਿੰਨਾਂ ਖੇਤੀ ਕਾਨੂੰਨਾਂ ਦੇ ਅਮਲ 'ਤੇ ਅਗਲੇ ਆਦੇਸ਼ ਤਕ ਰੋਕ ਲਗਾ ਰੱਖੀ ਹੈ ਅਤੇ ਹੱਲ ਲੱਭਣ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ | (ਪੀ.ਟੀ.ਆਈ)