ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ਾਖ਼ਾਨਾ ਦੀਆਂ ਵਸਤਾਂ ਦੀ ਵੀਡੀਉਗ੍ਰਾਫ਼ੀ ਤੇ ਫ਼ੋਟੋਗ੍ਰਾਫ਼ੀ ਹੋਵੇਗੀ

ਏਜੰਸੀ

ਖ਼ਬਰਾਂ, ਪੰਜਾਬ

ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ਾਖ਼ਾਨਾ ਦੀਆਂ ਵਸਤਾਂ ਦੀ ਵੀਡੀਉਗ੍ਰਾਫ਼ੀ ਤੇ ਫ਼ੋਟੋਗ੍ਰਾਫ਼ੀ ਹੋਵੇਗੀ

image

ਅੰਮਿ੍ਰਤਸਰ, 18 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਅੱਜ ਹੋਈ ਅੰਤਿ੍ਰੰਗ ਕਮੇਟੀ ਦੀ ਇਕੱਤਰਤਾ ਵਿਚ ਕਈ ਫ਼ੈਸਲੇ ਕੀਤੇ ਗਏ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੋਸ਼ਾਖ਼ਾਨਾ ਦੀਆਂ ਬੇਸ਼ਕੀਮਤੀ ਇਤਿਹਾਸਕ ਵਸਤਾਂ ਦੀ ਵੀਡੀਉਗ੍ਰਾਫ਼ੀ ਤੇ ਫ਼ੋਟੋਗ੍ਰਾਫ਼ੀ ਕਰ ਕੇ ਸੰਭਾਲਣ ਦਾ ਫ਼ੈਸਲਾ ਕੀਤਾ ਹੈ। 
ਇਕੱਤਰਤਾ ਮਗਰੋਂ ਬੀਬੀ ਜਗੀਰ ਕੌਰ ਨੇ ਦਸਿਆ ਕਿ ਗੁਰਪੁਰਬਾਂ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਜਾਂਦੇ ਜਲੌ ਦੀਆਂ ਇਤਿਹਾਸਕ ਵਸਤਾਂ ਜੋ ਤੋਸ਼ਾਖ਼ਾਨਾ ਵਿਚ ਸੁਰੱਖਿਅਤ ਹਨ, ਦੀ ਵੀਡੀਉਗ੍ਰਾਫ਼ੀ ਅਤੇ ਫ਼ੋਟੋਗ੍ਰਾਫ਼ੀ ਕਰ ਕੇ ਸੰਭਾਲੀ ਜਾਵੇਗੀ। ਤੋਸ਼ਾਖ਼ਾਨਾ ਨੂੰ ਵੀ ਆਧੁਨਿਕ ਤਕਨੀਕ ਨਾਲ ਨਵਿਆਇਆ ਜਾਵੇਗਾ। ਅੰਤਿ੍ਰੰਗ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਜਥੇਦਾਰਾਂ ਦੀਆਂ ਰਿਹਾਇਸ਼ਾਂ ਪ੍ਰਕਰਮਾ ਤੋਂ ਬਾਹਰ ਕਰਨ ਲਈ ਵਿਸ਼ੇਸ਼ ਕੁਆਰਟਰ ਤਿਆਰ ਦਾ ਵੀ ਫ਼ੈਸਲਾ ਕੀਤਾ ਹੈ। ਇਸ ਲਈ ਆਟਾ ਮੰਡੀ ਦਰਵਾਜ਼ੇ ਦੇ ਸਾਹਮਣੇ ਵਾਲੀ ਜਗ੍ਹਾ ਦੀ ਵਰਤੋਂ ਕੀਤੀ ਜਾਵੇਗੀ। ਜਲਦ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੂਚਨਾ ਕੇਂਦਰ ਨਜ਼ਦੀਕ ਜੈਨਰਿਕ ਦਵਾਈਆਂ ਦਾ ਸਟੋਰ ਖੋਲ੍ਹਿਆ ਜਾਵੇਗਾ, ਤਾਂ ਜੋ ਲੋੜਵੰਦ ਅਤੇ ਗ਼ਰੀਬ ਲੋਕ ਲਾਗਤ ਕੀਮਤ ’ਤੇ ਦਵਾਈਆਂ ਪ੍ਰਾਪਤ ਕਰ ਸਕਣ। ਫ਼ਿਲਹਾਲ ਇਹ ਸਟੋਰ ਸ੍ਰੀ ਦਰਬਾਰ ਸਾਹਿਬ ਵਿਖੇ ਖੋਲ੍ਹਿਆ ਜਾਵੇਗਾ ਅਤੇ ਬਾਅਦ ਵਿਚ ਤਖ਼ਤ ਸਾਹਿਬਾਨ ਅਤੇ ਹੋਰ ਗੁਰਦੁਆਰਿਆਂ ਵਿਚ ਵੀ ਸਥਾਪਤ ਹੋਣਗੇ। ਇਨ੍ਹਾਂ ਸਟੋਰਾਂ ਦੇ ਨਾਲ ਲੈਬਾਰਟਰੀਆਂ ਵੀ ਬਣਾਈਆਂ ਜਾਣਗੀਆਂ। ਅੰਤਿ੍ਰੰਗ ਕਮੇਟੀ ਨੇ ਕਿਸੇ ਵੀ ਅਨੈਤਿਕ ਕੁਕਰਮ ਵਿਚ ਫਸੇ ਮੁਲਾਜ਼ਮ ਨੂੰ ਫੌਰੀ ਤੌਰ ’ਤੇ ਫ਼ਾਰਗ ਕਰਨ ਦਾ ਫ਼ੈਸਲਾ ਵੀ ਕੀਤਾ ਹੈ। 
ਜ਼ੁੰਮੇਵਾਰ ਪਦਵੀਆਂ ’ਤੇ ਬੈਠੇ ਅਧਿਕਾਰੀ ਤੇ ਕਰਮਚਾਰੀ ਜਿਨ੍ਹਾਂ ਦਾ ਸਮਾਂ ਇਕ ਥਾਂ ’ਤੇ 2 ਸਾਲ ਤੋਂ ਵੱਧ ਹੋ ਗਿਆ ਹੈ, ਉਨ੍ਹਾਂ ਨੂੰ ਤਬਦੀਲੀਆਂ ਕੀਤੀਆਂ ਜਾਣਗੀਆਂ, ਤਾਂ ਜੋ ਪ੍ਰਬੰਧ ਚੁਸਤ ਦਰੁੱਸਤ ਰਹਿ ਸਕੇ। ਅੰਤਿ੍ਰੰਗ ਕਮੇਟੀ ਨੇ ਐਸ. ਐਸ. ਕੋਹਲੀ ਐਸੋਸੀਏਟ ਵਿਰੁਧ ਕਾਨੂੰਨੀ ਕਾਰਵਾਈ ਕਰਨ ਦਾ ਵੀ ਫ਼ੈਸਲਾ ਲਿਆ ਹੈ। ਸੀਏ ਕੋਹਲੀ ਨੇ ਸੰਸਥਾ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਜਿਸ ਦੇ ਚਲਦਿਆਂ ਉਸ ਵਿਰੁਧ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਉਸ ਦਾ ਲਾਇਸੈਂਸ ਰੱਦ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ। ਬੀਬੀ ਜਗੀਰ ਕੌਰ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਲਈ ਸੋਲਰ ਸਿਸਟਮ ਲਗਾਉਣ ਲਈ ਯੂਨਾਈਟਿਡ ਸਿੱਖ ਮਿਸ਼ਨ ਅਮਰੀਕਾ ਦਾ ਧਨਵਾਦ ਕੀਤਾ ਅਤੇ ਜਲਦ ਹੀ ਭਾਫ਼ ਵਿਧੀ ਰਾਹੀਂ ਰਸੋਈ ਤਿਆਰ ਕਰਨ ਦੀ ਵਚਨਬੱਧਤਾ ਪ੍ਰਗਟਾਈ। ਅੰਤਿ੍ਰੰਗ ਕਮੇਟੀ ਵਲੋਂ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਦੇ ਅਕਾਲ ਚਲਾਣੇ ’ਤੇ ਸ਼ੋਕ ਮਤੇ ਪੜ੍ਹੇ ਗਏ ਅਤੇ ਵਿਛੜੀਆਂ ਰੂਹਾਂ ਨੂੰ ਮੂਲਮੰਤਰ ਦਾ ਪਾਠ ਕਰ ਕੇ ਸ਼ਰਧਾਂਜਲੀ ਦਿਤੀ ਗਈ। ਬੀਤੇ ਸਮੇਂ ਚਲਾਣਾ ਕਰ ਗਏ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਨੂੰ ਵੀ ਪ੍ਰਵਾਨ ਕੀਤਾ ਗਿਆ।