ਬਹਿਬਲ ਮੋਰਚੇ ਨੇ ਸੌਦਾ ਸਾਧ ਦੀ ਪੈਰੋਲ ਨੂੰ ਦਸਿਆ ਪੰਥ ਦੇ ਅਖੌਤੀ ਠੇਕੇਦਾਰਾਂ ਦੀ ਨਲਾਇਕੀ

ਏਜੰਸੀ

ਖ਼ਬਰਾਂ, ਪੰਜਾਬ

ਬਹਿਬਲ ਮੋਰਚੇ ਨੇ ਸੌਦਾ ਸਾਧ ਦੀ ਪੈਰੋਲ ਨੂੰ ਦਸਿਆ ਪੰਥ ਦੇ ਅਖੌਤੀ ਠੇਕੇਦਾਰਾਂ ਦੀ ਨਲਾਇਕੀ

image

ਕੋਟਕਪੂਰਾ, 18 ਜੂਨ (ਗੁਰਿੰਦਰ ਸਿੰਘ) : ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਨੂੰ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਐਨ ਮੌਕੇ ’ਤੇ ਇਕ ਮਹੀਨੇ ਦੀ ਪੈਰੋਲ ਦੇਣ ਦਾ ਸ਼੍ਰੋੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਕੀਤੇ ਗਏ ਸਖ਼ਤ ਇਤਰਾਜ ਤੋਂ ਬਾਅਦ ਬਹਿਬਲ ਇਨਸਾਫ਼ ਮੋਰਚੇ ਦੇ ਆਗੂ ‘ਸੁਖਰਾਜ ਸਿੰਘ ਨਿਆਮੀਵਾਲਾ’ ਨੇ ਵੀ ਉਕਤ ਪੈਰੋਲ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਹੈ ਕਿ ਹਾਕਮਾਂ ਵਲੋਂ ਰਾਜਸੀ ਲਾਹਾ ਲੈਣ ਲਈ ਹੀ ਸੌਦਾ ਸਾਧ ਨੂੰ ਪੈਰੋਲ ਦਿਤੀ ਗਈ ਹੈ।
ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਉਮਰ ਕੈਦ ਦੀਆਂ ਚਾਰ-ਚਾਰ ਸਜ਼ਾਵਾਂ ਕੱਟ ਰਹੇ ਅਤੇ ਬੇਅਦਬੀ ਕਾਂਡ ਦੇ ਤਿੰਨਾਂ ਮਾਮਲਿਆਂ ’ਚ ਨਾਮਜਦ ਸੌਦਾ ਸਾਧ ਨੂੰ ਵਾਰ ਵਾਰ ਫਰਲੋ, ਮੈਡੀਕਲ ਜਾਂ ਪੈਰੋਲ ਦੇ ਬਹਾਨੇ ਜੇਲ ਵਿਚੋਂ ਬਾਹਰ ਭੇਜਣ ਦੀਆਂ ਸਰਕਾਰ ਦੀਆਂ ਇਹ ਨੀਤੀਆਂ ਪੀੜਤ ਪਰਵਾਰਾਂ ਦੇ ਜ਼ਖ਼ਮਾ ’ਤੇ ਨਮਕ ਛਿੜਕਣ ਦੇ ਬਰਾਬਰ ਹਨ। ਉਨ੍ਹਾਂ ਇਸ ਨੂੰ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦੇ ਨਾਲ ਨਾਲ ਪੰਥ ਦੇ ਅਖੌਤੀ ਠੇਕੇਦਾਰਾਂ ਦੀ ਨਲਾਇਕੀ ਦਸਦਿਆਂ ਆਖਿਆ ਕਿ ਜੇਕਰ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਦੇ ਸੁਹਿਰਦ ਆਗੂ ਅਤੇ ਪੰਥਦਰਦੀ ਇਕ ਪਲੇਟ ਫਾਰਮ ’ਤੇ ਇਕੱਠੇ ਨਹੀਂ ਹੁੰਦੇ ਤਾਂ ਸਿੱਖਾਂ ਨੂੰ ਵਾਰ ਵਾਰ ਜਲੀਲ ਹੋਣਾ ਪਵੇਗਾ। 
ਅਪਣੇ ਸ਼ਹੀਦ ਪਿਤਾ ਕਿਸ਼ਨ ਭਗਵਾਨ ਸਿੰਘ ਅਤੇ ਉਸਦੇ ਸਾਥੀ ਗੁਰਜੀਤ ਸਿੰਘ ਬਿੱਟੂ ਨੂੰ ਯਾਦ ਕਰਨ ਮੌਕੇ ਭਾਵੁਕ ਹੁੰਦਿਆਂ ਸੁਖਰਾਜ ਸਿੰਘ ਨੇ ਆਖਿਆ ਕਿ ਬੇਅਦਬੀ ਕਾਂਡ ਦਾ ਇਨਸਾਫ਼ ਮੰਗਦੇ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ, ਇਨਸਾਫ਼ ਲਈ ਪੱਕਾ ਮੋਰਚਾ ਲਾਉਣਾ ਪਿਆ, ਉਹ ਲਗਭਗ 6 ਮਹੀਨਿਆਂ ਤੋਂ ਰਾਤਾਂ ਸੜਕਾਂ ’ਤੇ ਬਤੀਤ ਕਰਨ ਲਈ ਮਜਬੂਰ ਹਨ, ਨਵੰਬਰ 84 ਦੇ ਸਿੱਖ ਕਤਲੇਆਮ ਦਾ 38 ਸਾਲਾਂ ਬਾਅਦ ਵੀ ਇਨਸਾਫ਼ ਨਹੀਂ ਮਿਲਿਆ, ਪੰਥ ਦੇ ਅਖੌਤੀ ਠੇਕੇਦਾਰਾਂ ਨੇ ਜੂਨ 84 ਅਤੇ ਨਵੰਬਰ 84 ਦੇ ਮੁੱਦਿਆਂ ’ਤੇ ਖੂਬ ਸਿਆਸੀ ਰੋਟੀਆਂ ਸੇਕੀਆਂ, ਬੇਅਦਬੀ ਕਾਂਡ ਦੇ ਮੁੱਦੇ ’ਤੇ ਵੀ ਸਿਆਸੀ ਰੋਟੀਆਂ ਸੇਕਣ ਵਾਲੀ ਉਨ੍ਹਾਂ ਕਸਰ ਨਹੀਂ ਛੱਡੀ ਪਰ ਹੁਣ ਗੁਰੂ ਨਾਨਕ ਨਾਮਲੇਵਾ ਪ੍ਰਾਣੀਆਂ ਨੂੰ ਪੰਥਕ ਏਕਤਾ ਦਾ ਸਬੂਤ ਦਿੰਦਿਆਂ ਰਲ ਕੇ ਇਨਸਾਫ਼ ਲੈਣਾ ਪਵੇਗਾ, ਨਹੀਂ ਤਾਂ ਉਦੋਂ ਤਕ ਪੰਥ ਦਾ ਬਹੁਤ ਨੁਕਸਾਨ ਹੋ ਜਾਵੇਗਾ।
ਫੋਟੋ :- ਕੇ.ਕੇ.ਪੀ.-ਗੁਰਿੰਦਰ-18-13ਐੱਮ