ਜੂਨ 'ਚ ਕੋਰੋਨਾ ਨੇ ਫੜੀ ਰਫ਼ਤਾਰ, 18 ਦਿਨਾਂ 'ਚ ਮਿਲੇ 187 ਮਰੀਜ਼ , 4 ਲੋਕਾਂ ਨੇ ਤੋੜਿਆ ਦਮ
ਕੋਰੋਨਾ ਇਕ ਵਾਰ ਫਿਰ ਆਪਣੇ ਪੈਰ ਪਸਾਰ ਰਿਹਾ ਹੈ
ਲੁਧਿਆਣਾ : ਲੁਧਿਆਣਾ ਸ਼ਹਿਰ ਵਿੱਚ ਕੋਰੋਨਾ ਨੇ ਇਕ ਵਾਰ ਫਿਰ ਰਫਤਾਰ ਫੜ ਲਈ ਹੈ। ਜੂਨ ਮਹੀਨੇ 'ਚ ਪਿਛਲੇ ਮਹੀਨੇ ਦੇ ਮੁਕਾਬਲੇ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਗਈ ਹੈ। ਲੁਧਿਆਣਾ ਵਿੱਚ ਲਗਾਤਾਰ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ। ਸ਼ਨੀਵਾਰ ਨੂੰ ਲੁਧਿਆਣਾ 'ਚ 19 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ 3 ਹੋਰ ਜ਼ਿਲ੍ਹਿਆਂ ਨਾਲ ਸਬੰਧਤ ਮਰੀਜ਼ ਸਨ।
ਦੱਸ ਦੇਈਏ ਕਿ ਇਸ ਮਹੀਨੇ ਵਿੱਚ ਹੁਣ ਤੱਕ 4 ਲੁਧਿਆਣਾ ਵਾਸੀਆਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਲੋਕ ਲਾਪਰਵਾਹ ਹਨ। ਲੋਕਾਂ ਵਿੱਚ ਕਰੋਨਾ ਦਾ ਕੋਈ ਡਰ ਨਹੀਂ ਹੈ। ਜੂਨ ਦੇ 18 ਦਿਨਾਂ ਦੌਰਾਨ ਹੁਣ ਤੱਕ ਲੁਧਿਆਣਾ ਵਿੱਚ 187 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। 165 ਮਰੀਜ਼ ਲੁਧਿਆਣਾ ਅਤੇ 22 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਐਤਵਾਰ ਨੂੰ ਇਕ ਮਰੀਜ਼ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ।
ਮ੍ਰਿਤਕ ਸਲੇਮ ਟਾਬਰੀ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਮਰੀਜ਼ ਨੂੰ ਦਿਲ ਦੀ ਬੀਮਾਰੀ ਵੀ ਸੀ।ਹੁਣ ਤੱਕ ਲੁਧਿਆਣਾ ਦੇ 2284 ਮਰੀਜ਼ਾਂ ਦੀ ਕੋਵਿਡ ਨਾਲ ਮੌਤ ਹੋ ਚੁੱਕੀ ਹੈ। ਲੁਧਿਆਣਾ ਵਿੱਚ ਸੰਕਰਮਿਤ 110113 ਵਿੱਚੋਂ 107697 ਸਿਹਤਮੰਦ ਹੋ ਗਏ ਹਨ।
ਦੂਜੇ ਪਾਸੇ ਸਵਾਈਨ ਫਲੂ ਨੇ ਵੀ ਇਨਫੈਕਸ਼ਨ ਫੈਲਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਸਵਾਈਨ ਫਲੂ ਦੇ 2 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਅਨੁਸਾਰ ਜੇਕਰ ਤੁਸੀਂ ਸਵਾਈਨ ਫਲੂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਸਾਫ਼-ਸਫ਼ਾਈ ਵੱਲ ਧਿਆਨ ਦਿਓ, ਖੰਘ ਜਾਂ ਛਿੱਕਦੇ ਸਮੇਂ ਟਿਸ਼ੂ ਦੀ ਵਰਤੋਂ ਕਰੋ।