ਸੂਬੇ ‘ਚ ਸਮਾਜਿਕ-ਆਰਥਿਕ ਤਬਦੀਲੀ ਲਿਆਉਣ ਲਈ ਗ੍ਰਾਮ ਸਭਾਵਾਂ ਦੀ ਅਹਿਮ ਭੂਮਿਕਾ- ਕੁਲਤਾਰ ਸਿੰਘ ਸੰਧਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

- 15-26 ਜੂਨ ਤੱਕ ਹੋ ਰਿਹਾ ਹੈ ਗ੍ਰਾਮ ਸਭਾਵਾਂ ਦਾ  ਆਯੋਜਨ

Gram Sabhas

 

ਚੰਡੀਗੜ - ਸਪੀਕਰ ਪੰਜਾਬ  ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ  ਨੇ ਕਿਹਾ ਕਿ ਸੂਬੇ ‘ਚ ਸਮਾਜਿਕ-ਆਰਥਿਕ ਤਬਦੀਲੀ ਲਿਆਉਣ ਲਈ ਗ੍ਰਾਮ ਸਭਾਵਾਂ ਦੀ ਅਹਿਮ ਭੂਮਿਕਾ ਹੈ ਤੇ ਫਰੀਦਕੋਟ ਜਿਲੇ ਦੇ ਪਿੰਡਾਂ ਦੇ ਵਸਨੀਕ ਜੋ ਗ੍ਰਾਮ ਸਭਾ ਦੇ ਮੈਂਬਰ ਹਨ ਨੂੰ 15 ਤੋਂ 26 ਜੂਨ ਤੱਕ ਆਪੋ-ਆਪਣੇ ਪਿੰਡਾਂ ਵਿੱਚ ਹੋਣ ਵਾਲੇ ਗ੍ਰਾਮ ਸਭਾ ਦੇ ਇਜਲਾਸ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ।         

ਗ੍ਰਾਮ ਸਭਾਵਾਂ ਦੀ ਪੁਨਰ ਸੁਰਜੀਤੀ ‘ਤੇ ਜ਼ੋਰ ਦਿੰਦਿਆਂ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ  ਕਿ ਇਨਾਂ ਗ੍ਰਾਮ ਸਭਾਵਾਂ ਦੇ ਇਜਲਾਸ ਦੌਰਾਨ ਪਾਸ ਕੀਤੇ ਸਾਰੇ ਪ੍ਰਸਤਾਵ ਅਤੇ ਮਤੇ ਸਰਕਾਰ ਵੱਲੋਂ ਪ੍ਰਵਾਨ ਕੀਤੇ ਜਾਣਗੇ ਅਤੇ ਸਬੰਧਤ ਪਿੰਡਾਂ ਦੀਆਂ ਗ੍ਰਾਮ ਸਭਾ ਦੁਆਰਾ ਨਿਰਧਾਰਿਤ ਕੀਤੇ ਗਏ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਥੋੜੇ ਸਮੇਂ ਵਿੱਚ ਲੋੜੀਂਦੇ ਫੰਡ ਵੀ ਉਪਲੱਬਧ ਕਰਵਾਏ ਜਾਣਗੇ। ਉਨਾ ਕਿਹਾ ਕਿ ਪੰਚਾਇਤਾਂ ਦੀ ਸਰਗਰਮ ਭਾਗੀਦਾਰੀ ਤੋਂ ਬਿਨਾਂ ਇਸ ਮਿਸ਼ਨ ਨੂੰ ਕਦੇ ਵੀ ਨੇਪਰੇ ਨਹੀਂ ਚਾੜਿਆ ਜਾ ਸਕਦਾ ਕਿਉਕਿ ਪੰਜਾਬ ਦੀ 65 ਫ਼ੀਸਦੀ ਆਬਾਦੀ ਪਿੰਡਾਂ ਵਿੱਚ ਵਸਦੀ ਹੈ, ਜਿਸ ਕਰਕੇ ਪੇਂਡੂ ਪੰਜਾਬ ਦੇ ਵਿਕਾਸ ਤੋਂ ਬਿਨਾਂ ਸੂਬੇ ਦੇ ਸਰਵਪੱਖੀ ਵਿਕਾਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।       

ਉਨਾਂ ਗ੍ਰਾਮ ਸਭਾ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਗ੍ਰਾਮ ਸਭਾਵਾਂ ਪੰਜਾਬ ਦੀ ਤਕਦੀਰ ਨੂੰ ਬਦਲਣ ਦੀ ਸਮਰੱਥਾ ਰੱਖਦੀਆਂ ਹਨ। ਉਨਾਂ ਅਪੀਲ ਕੀਤੀ ਕਿ ਪੇਂਡੂ ਵਿਕਾਸ ਨਾਲ ਜੁੜੇ ਹੋਏ ਸਾਰੇ ਪੰਚ ਸਰਪੰਚ ਤੇ ਹੋਰ ਚੁਣੇ ਹੋਏ ਨੁਮਾਇੰਦੇ ਆਪੋ-ਆਪਣੇ ਪਿੰਡਾਂ ਦੇ ਸੁਨਹਿਰੀ ਭਵਿੱਖ ਨੂੰ ਬੇਹਤਰ ਬਨਾਉਣ ਲਈ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਣ।

 ਗਰਾਮ ਸਭਾਵਾਂ ਦੀ ਮਹੱਤਤਾ ਤੇ ਪੁਨਰ ਸੁਰਜੀਤੀ ਨਾਲ ਪਿੰਡਾਂ ਵਿੱਚ ਹੋਣ ਵਾਲੇ ਸਰਵਪੱਖੀ ਵਿਕਾਸ ਬਾਰੇ ਦੱਸਿਦਿਆ ਉਨਾਂ  ਕਿਹਾ ਕਿ ਗਰਾਮ ਸਭਾਵਾਂ ਨਾਲ ਪੇਂਡੂ ਵਿਕਾਸ ਦੇ ਮੱਦੇਨਜ਼ਰ ਪਿੰਡਾਂ ਵਿੱਚ ਸਟੇਡੀਅਮ, ਜਿੰਮ, ਪਾਰਕ ਆਦਿ ਸਾਂਝੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।