ਸੂਬੇ ਦੇ ਸਕੂਲ ਕੇਂਦਰੀ ਬੋਰਡ ਦੀ ਬਜਾਏ ਪੰਜਾਬ ਬੋਰਡ ਨਾਲ ਜੋੜੇ ਜਾਣ : ਕੇਂਦਰੀ ਸਿੰਘ ਸਭਾ

ਏਜੰਸੀ

ਖ਼ਬਰਾਂ, ਪੰਜਾਬ

ਸੂਬੇ ਦੇ ਸਕੂਲ ਕੇਂਦਰੀ ਬੋਰਡ ਦੀ ਬਜਾਏ ਪੰਜਾਬ ਬੋਰਡ ਨਾਲ ਜੋੜੇ ਜਾਣ : ਕੇਂਦਰੀ ਸਿੰਘ ਸਭਾ

image

ਚੰਡੀਗੜ੍ਹ, 18 ਜੂਨ (ਭੁੱਲਰ) : ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਪੰਜਾਬੀਅਤ ਨੂੰ ਪ੍ਰਫੁਲੱਤ ਅਤੇ ਮਜ਼ਬੂਤ ਕਰਨ ਲਈ ਸੂਬੇ ਦੇ ਸਕੂਲ ਪੰਜਾਬ ਐਜੂਕੇਸ਼ਨ ਬੋਰਡ ਨਾਲ ਜੋੜੇ ਜਾਣ। ਕੇਂਦਰੀ ਬੋਰਡ ਖਾਸ ਕਰਕੇ ਸੀ.ਬੀ.ਐਸ.ਸੀ ਨਾਲ ਪ੍ਰਾਈਵੇਟ ਨਿਜੀ ਸਕੂਲਾਂ ਨੂੰ ਜੋੜ੍ਹਨ ਦੀ ਇਜ਼ਾਜਤ ਦੇਣਾ ਪੰਜਾਬੀ ਕੀਮਤ ਉੱਤੇ ਹਿੰਦੀ ਅਤੇ ਹੋਰ ਗੈਰ-ਪੰਜਾਬੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨਾ ਹੈ। 
ਸੂਬੇ ਦੇ ਕੁੱਲ 28568 ਸਕੂਲਾਂ ਵਿੱਚੋਂ 33 ਪ੍ਰਤੀਸ਼ਤ ਨਿਜੀ ਸਕੂਲ ਹਨ ਜਿੰਨ੍ਹਾਂ ਵਿੱਚੋਂ ਬਹੁਤੇ ਕੇਂਦਰੀ ਬੋਰਡਾਂ ਨਾਲ ਜੁੜ੍ਹੇ ਹੋਏ ਹਨ। ਨਿਜੀ ਸਕੂਲਾਂ ਵਿੱਚ ਪੰਜਾਬੀ ਪੜਾਉਣਾ ਜ਼ਰੂਰੀ ਵਿਸ਼ਾ ਨਹੀਂ ਸਗੋਂ ਉਹ ਪੰਜਾਬ ਦੀ ਹਿਸਟਰੀ ਨੂੰ ਰਾਸ਼ਟਰਵਾਦੀ ਨਜ਼ਰੀਏ ਤੋਂ ਲਿਖੀਆਂ ਕਿਤਾਬਾਂ ਰਾਹੀਂ ਹੀ ਪੜ੍ਹਾ ਰਹੇ ਹਨ। ਭਾਵੇਂ, ਪੰਜਾਬੀ ਬੋਲੀ ਦੇ ਆਧਾਰ ਉੱਤੇ ਪੰਜਾਬੀ ਸੂਬਾ ਬਣਾਉਣ ਵਾਲੇ ਆਕਾਲੀ ਦਲ ਨੇ ਵੀ ਆਪਣੀਆਂ ਸਰਕਰਾਂ ਸਮੇਂ ਨਿਜੀ/ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਨਹੀਂ ਕਰ ਸਕੀਆ। 
ਸੂਬੇ ਦੀਆਂ ਕੋਰਟ/ਕਚਿਹਰੀਆਂ ਵਿੱਚ ਪੰਜਾਬੀ ਨੂੰ ਅਜੇ ਤੱਕ ਮਾਨਤਾ ਨਹੀਂ ਦਿੱਤੀ ਗਈ। ਸਰਕਾਰੀ ਦਫਤਰਾਂ ਵਿੱਚ ਪੰਜਾਬੀ ਲਾਗੂ ਕਰਨ ਦੀ ਖਾਨਾ ਪੂਰਤੀ ਹੋ ਰਹੀ ਹੈ। ਪੰਜਾਬੀ ਬੋਲੀ ਨੂੰ ਪ੍ਰਫੁਲੱਤ ਕਰਨ ਲਈ ਗਠਨ ਹੋਇਆ ਭਾਸ਼ਾ ਵਿਭਾਗ ਵੀਂ ਅਖੀਰਲਿਆ ਸਾਹਾ ਉੱਤੇ ਹੈ। ਅਸੀਂ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਅਧਿਆਪਕਾਂ ਦੀਆਂ  ਖਾਲੀ ਪਈਆ ਅਸਾਮੀਆਂ ਤੁਰੰਤ ਭਰੀਆਂ ਜਾਣ। ਇਸ ਦੇ ਨਾਲ-ਨਾਲ, ਪੰਜਾਬ ਦੇ ਪ੍ਰਾਈਵੇਟ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਪੰਜਾਬੀ ਵਿਸ਼ਾ ਲਾਜ਼ਮੀ ਕੀਤਾ ਜਾਵੇ। ਇਸ ਤੋਂ ਇਲਾਵਾਂ ਪੰਜਾਬ ਵਿੱਚ ਦੁਕਾਨਾਂ ਦੇ ਸਾਈਨਬੋਰਡ ਪੰਜਾਬੀ ਵਿੱਚ ਹੋਣ ਚਾਹੀਦੇ ਹਨ ਅਤੇ ਵਿਕਣ ਵਾਲੇ ਉਤਪਾਦਾਂ ਦੇ ਨਾਮ ਪੰਜਾਬੀ ਵਿੱਚ ਲਿਖੇ ਜਾਣ।
ਸਿੰਘ ਸਭਾ ਪੰਜਾਬੀ ਮਾਂ-ਬਾਪ ਨੂੰ ਅਪੀਲ ਕਰਦੀ ਹੈ ਕਿ ਉਹ ਬੱਚਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕਰਨ ਅਤੇ ਮਾਸੂਮਾਂ ਤੋਂ ਮਾਂ-ਬੋਲੀ ਖੋਹਣ ਦਾ ਅਣਜਾਣੇ ਹੀ ਧੱਕਾ ਨਾ ਕਰਨ।


    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪਿੱਛੋਂ ਅੰਗਰੇਜ਼ਾਂ ਨੇ ਪੰਜਾਬੀ ਨੂੰ ਪਿੱਛੇ ਸੁੱਟਕੇ ਵੱਡੇ ਅਣਵੰਡੇ ਪੰਜਾਬ ਦੀ ਸਰਕਾਰੀ ਭਾਸ਼ਾ ਉਰਦੂ ਬਣਾ ਦਿੱਤਾ ਸੀ। ਬਦਕਿਸਮਤੀ ਕਿ 1947 ਦੀ ਵੰਡ ਵਿੱਚ ਬਣੇ ਪਾਕਿਸਤਾਨ ਨੇ ਵੱਖ ਵੱਖ ਸੂਬਿਆਂ ਨੂੰ ਦੇਸ਼ ਵਿੱਚ ਬੰਨ ਕੇ ਰੱਖਣ ਲਈ ਉਰਦੂ ਨੂੰ ਪਾਕਿਸਤਾਨ ਦੇ ਨੈਸ਼ਨਲਿਜ਼ਮ ਦਾ ਧੁਰਾ ਬਣਾਕੇ, ਲਹਿੰਦੇ ਪੰਜਾਬ ਵਿੱਚ ਸਕੂਲ, ਕਾਲਜਾਂ ਅਤੇ ਅਦਾਰਿਆਂ ਵਿੱਚ ਵੀ ਉਰਦੂ  ਨੂੰ ਹੀ ਲਾਗੂ ਕੀਤਾ। ਇਸ ਨਾਲ ਲਹਿੰਦ ਪੰਜਾਬ ਵਿੱਚ ਵਸਦੇ ਪੰਜਾਬੀਆਂ ਤੋਂ ਮਾਂ-ਬੋਲੀ ਖੋਹਣ ਦਾ ਵੱਡਾ ਧੱਕਾ ਕੀਤਾ। ਪਰ ਹੁਣ ਲਹਿੰਦੇ ਪੰਜਾਬ ਵਿੱਚ ਦੀ ਪੰਜਾਬੀ ਦੀ ਬਣਦੀ ਥਾਂ ਦਿਵਾਉਣ ਲਈ ਉੱਥੋਂ ਦੇ ਵਸਿੰਦੇ ਵੀ ਸਰਗਰਕਮ ਹੋ ਰਹੇ ਹਨ। 
ਇਹ ਬਿਆਨ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਨੇ ਜਾਰੀ ਕੀਤਾ।