ਨਸ਼ੇ ਨੇ ਉਜਾੜਿਆ ਇਕ ਹੋਰ ਘਰ
ਫ਼ਿਰੋਜ਼ਪੁਰ (ਮਲਕੀਅਤ ਸਿੰਘ) : ਸਰਹੱਦੀ ਖੇਤਰ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਨਸ਼ਿਆਂ ਕਾਰਨ ਨੌਜੁਆਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਇਹ ਸਿਲਸਿਲਾ ਅੱਜ ਵੀ ਜਾਰੀ ਹੈ ਅਤੇ ਅੱਜ ਵੀ ਫ਼ਿਰੋਜ਼ਪੁਰ ਦੇ ਪਿੰਡ ਅੱੱਛੇ ਵਾਲਾ ਦੇ ਰਹਿਣ ਵਾਲੇ ਇਕ 22 ਸਾਲਾ ਨੌਜਵਾਨ ਅਸ਼ੋਕ ਦੀ ਸਿਵਲ ਹਸਪਤਾਲ ਵਿਚ ਮੌਤ ਹੋ ਗਈ। ਪੁੱਤਰ ਦੀ ਮੌਤ ਕਾਰਨ ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ: ਮਾਮੂਲੀ ਝਗੜੇ ਦੌਰਾਨ ਕੱਟਿਆ ਦਲਿਤ ਨੌਜੁਆਨ ਦਾ ਗੁਪਤ ਅੰਗ?
ਇਸ ਮੌਕੇ ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਇਸ ਨਸ਼ੇ ਦੀ ਦਲਦਲ 'ਚ ਫਸਣ ਤੋਂ ਬਾਅਦ ਅੱਜ ਉਨ੍ਹਾਂ ਦੇ ਜਵਾਨ ਪੁੱਤਰ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਪ੍ਰਵਾਰ ਨੇ ਰੋਂਦੇ ਹੋਏ ਦਸਿਆ ਕਿ ਸ਼ਹਿਰ 'ਚ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ, ਜਿਸ ਨਾਲ ਨੌਜੁਆਨਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ।
ਦੂਜੇ ਪਾਸੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਾਕਟਰ ਅਨੀਸ਼ਾ ਨੇ ਦਸਿਆ ਕਿ ਇਹ ਨੌਜੁਆਨ ਨਸ਼ੇ ਦਾ ਆਦੀ ਸੀ ਅਤੇ ਇਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਨਸ਼ਾ ਛੁਡਾਊ ਕੇਂਦਰ 'ਚ ਉਸ ਦੀ ਹਾਲਤ ਵਿਗੜਨ 'ਤੇ ਉਸ ਨੂੰ ਐਮਰਜੈਂਸੀ ਵਾਰਡ 'ਚ ਭੇਜ ਦਿਤਾ ਗਿਆ ਅਤੇ ਇਥੇ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।