ਡਰੇਨ 'ਚ ਪਏ ਪਾੜ ਕਾਰਨ 500 ਏਕੜ ਫ਼ਸਲ ਪਾਣੀ 'ਚ ਡੁੱਬੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਕੱਲ੍ਹ ਹੋਈ ਭਾਰੀ ਬਰਸਾਤ ਕਾਰਨ ਪਿੰਡ ਰਾਮਗੜ੍ਹ ਸਿਵੀਆਂ ਤੋਂ ਜਲਾਲਦੀਵਾਲ ਨੂੰ ਜਾਂਦੀ ਸੜਕ 'ਤੇ ਡਰੇਨ 'ਚ ਪਿਆ ਪਾੜ ਹੋਰ ਵਧ ਗਿਆ ਹੈ। ਜਿਸ ਕਾਰਨ

500 acres of crop sank in the water

ਰਾਏਕੋਟ, ਬੀਤੇ ਕੱਲ੍ਹ ਹੋਈ ਭਾਰੀ ਬਰਸਾਤ ਕਾਰਨ ਪਿੰਡ ਰਾਮਗੜ੍ਹ ਸਿਵੀਆਂ ਤੋਂ ਜਲਾਲਦੀਵਾਲ ਨੂੰ ਜਾਂਦੀ ਸੜਕ 'ਤੇ ਡਰੇਨ 'ਚ ਪਿਆ ਪਾੜ ਹੋਰ ਵਧ ਗਿਆ ਹੈ। ਜਿਸ ਕਾਰਨ ਇਸ ਪਾਣੀ 'ਚ ਰਾਏਕੋਟ ਦੇ ਨੇੜਲੇ ਕਈ ਪਿੰਡਾਂ ਰਾਮਗੜ੍ਹ ਸਿਵੀਆਂ, ਜਲਾਲਦੀਵਾਲ, ਧੂਰਕੋਟ, ਨੱਥੋਵਾਲ ਅਤੇ ਸਾਹਜਹਾਨਪੁਰ ਦੀ 500 ਏਕੜ ਦੇ ਕਰੀਬ ਫ਼ਸਲ ਡੁੱਬ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਕਮਲਜੀਤ ਸਿੰਘ, ਇੰਦਰਪਾਲ ਸਿੰਘ, ਹਰਮੀਤ ਸਿੰਘ ਗੋਗੀ, ਰਵਿੰਦਰ ਸਿੰਘ ਨੇ ਦਸਿਆ ਕਿ ਡਰੇਨ ਵਿਚ ਪਿੱਛੇ ਤੋਂ ਹੋਰ ਜ਼ਿਆਦਾ ਪਾਣੀ ਆ ਰਿਹਾ ਹੈ ਤੇ ਅੱਜ ਦੇ ਮੀਂਹ ਨੇ ਵੀ ਸਮੱਸਿਆ ਵਿਚ ਹੋਰ ਵਾਧਾ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਇਸ ਵਿਚ ਜਲ ਬੂਟੀ ਭਰੀ ਪਈ ਹੈ ਤੇ ਕਈ ਥਾਂਵਾ 'ਤੇ ਇਸ ਵਿਚ ਦਰਖਤ ਵੀ ਡਿੱਗੇ ਹੋਏ ਹਨ ਜਿਸ ਕਾਰਨ ਪਾਣੀ ਅੱਗੇ ਨਹੀਂ ਜਾ ਰਿਹਾ ਤੇ ਇਸ ਵਿਚ ਪਏ ਪਾੜ ਤੋਂ ਪਾਣੀ ਅੱਗੇ ਤੋਂ ਅੱਗੇ ਫ਼ਸਲਾਂ ਨੂੰ ਬਰਬਾਦ ਕਰ ਰਿਹਾ ਹੈ।

ਕਿਸਾਨਾਂ ਨੇ ਕਿਹਾ ਕਿ ਇਸ ਪਾੜ ਪਏ ਨੂੰ ਦੂਜਾ ਦਿਨ ਹੋ ਗਿਆ ਹੈ ਤੇ ਸੈਂਕੜੇ ਕਿਸਾਨਾਂ ਦੀ ਫ਼ਸਲ ਬਰਬਾਦ ਹੋ ਗਈ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਪਰ ਪਾੜ ਨੂੰ ਬੰਦ ਕਰਨ ਲਈ ਅਜੇ ਤਕ ਕਿਸੇ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਕਿਸਾਨਾਂ ਨੇ ਕਿਹਾ ਕਿ ਪਾਣੀ ਪਲ-ਪਲ ਵਧ ਰਿਹਾ ਹੈ ਤੇ ਹੁਣ ਪਿੰਡਾਂ ਦੇ ਘਰਾਂ ਵਿਚ ਵੀ ਪਾਣੀ ਦਾਖਲ ਹੋ ਗਿਆ ਹੈ।

ਪਿੰਡਾਂ ਦੇ ਲੋਕ ਸੜਕਾਂ ਪੁੱਟ ਕੇ ਪਾਣੀ ਨੂੰ ਅੱਗੇ ਤੋਂ ਅੱਗੇ ਕੱਢ ਰਹੇ ਹਨ। ਇਸ ਸਬੰਧੀ ਜਦੋਂ ਐਸ.ਡੀ.ਐਮ. ਡਾ. ਹਿੰਮਾਸ਼ੂ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਰੇਨ ਵਿਭਾਗ ਦੇ ਐਸ.ਡੀ.ਓ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੇਸੀਬੀ ਮਸ਼ੀਨਾਂ ਲੈ ਕੇ ਤੁਰਤ ਪਾੜ ਨੂੰ ਬੰਦ ਕੀਤਾ ਜਾਵੇ।