ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਿਆਲ ਸਿੰਘ ਕੋਲਿਆਵਾਲੀ ਦੀ ਅਗਾਊਂ ਜ਼ਮਾਨਤ ਅਰਜ਼ੀ ਅੱਜ ਅਦਾਲਤ ਵਲੋਂ ਰੱਦ ਕਰ ਦਿਤੀ ਗਈ। ਵਿਜੀਲੈਂਸ ਬਿਊਰੋ...
ਬਠਿੰਡਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਿਆਲ ਸਿੰਘ ਕੋਲਿਆਵਾਲੀ ਦੀ ਅਗਾਊਂ ਜ਼ਮਾਨਤ ਅਰਜ਼ੀ ਅੱਜ ਅਦਾਲਤ ਵਲੋਂ ਰੱਦ ਕਰ ਦਿਤੀ ਗਈ। ਵਿਜੀਲੈਂਸ ਬਿਊਰੋ ਵਲੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਲੰਘੀ 30 ਜੂਨ ਨੂੰ ਪਰਚਾ ਦਰਜ ਕਰਨ ਤੋਂ ਬਾਅਦ ਜਥੇਦਾਰ ਕੋਲਿਆਵਾਲੀ ਰੂਪੋਸ਼ ਚੱਲੇ ਆ ਰਹੇ ਹਨ। ਉਨ੍ਹਾਂ ਗ੍ਰਿਫਤਾਰੀ ਦੇ ਡਰੋਂ ਇਹ ਅਗਾਓ ਜਮਾਨਤ ਦੀ ਅਰਜੀ ਮੋਹਾਲੀ ਦੇ ਵਧੀਕ ਸੈਸਨ ਜੱਜ ਸ਼੍ਰੀ ਸੰਜੇ ਅਗਨੀਹੋਤਰੀ ਦੀ ਅਦਾਲਤ ਵਿਚ ਲਗਾਈ ਸੀ।
ਕੁੱਝ ਦਿਨ ਪਹਿਲਾਂ ਵਿਜੀਲੈਂਸ ਨੇ ਜਥੇਦਾਰ ਦੇ ਵਿਰੁਧ ਐਲ.ਓ.ਸੀ (ਲੁੱਕ ਆਉਟ ਸਰਕਲ) ਵੀ ਜਾਰੀ ਕਰ ਦਿੱਤਾ ਸੀ। ਵਿਜੀਲੈਂਸ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਹੈ ਕਿ ਆਉਣ ਵਾਲੇ ਇੱਕ-ਦੋ ਦਿਨਾਂ ਵਿਚ ਅਦਾਲਤ ਰਾਹੀ ਜਥੇਦਾਰ ਕੋਲਿਆਵਾਲੀ ਦੇ ਗ੍ਰਿਫਤਾਰੀ ਵਰੰਟ ਹਾਸਲ ਕੀਤੇ ਜਾਣਗੇ ਜਿਸਤੋਂ ਬਾਅਦ ਸੰਭਾਵਿਤ ਠਾਹਿਰਾਂ ਉਪਰ ਛਾਪੇਮਾਰੀ ਕੀਤੀ ਜਾਵੇਗੀ।
ਦਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਦਿਆਲ ਸਿੰਘ ਕੋਲਿਆਵਾਲੀ ਦੀ ਪਿੰਡ 'ਚ ਸਥਿਤ ਮਹਿਲਨੁਮਾ ਕੋਠੀ ਦੀ ਤਲਾਸ਼ੀ ਵੀ ਲਈ ਗਈ ਸੀ।
ਗੌਰਤਲਬ ਹੈ ਕਿ ਵਿਜੀਲੈਂਸ ਬਿਊਰੋ ਮੋਹਾਲੀ ਵਲੋਂ ਜਥੇਦਾਰ ਦਿਆਲ ਸਿੰਘ ਵਿਰੁਧ ਕੇਸ ਦਰਜ਼ ਕਰਨ ਤੋਂ ਪਹਿਲਾਂ ਕੀਤੀ ਗਈ ਗੁਪਤ ਪੜਤਾਲ ਦੌਰਾਨ ਜਥੇਦਾਰ ਹੋਰਾਂ ਵਲੋਂ ਜਨ-ਸੇਵਕ ਹੁੰਦਿਆਂ ਆਮਦਨ ਦੇ ਸਰੋਤਾਂ ਤੋਂ ਕਿਤੇ ਵੱਧ ਜਾਇਦਾਦ ਬਣਾਉਣ ਦਾ ਪਤਾ ਚਲਿਆ ਸੀ।