ਪੰਜਾਬ ਸਰਕਾਰ ਵਲੋਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿਚ ਵਾਧਾ
ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 171 ਦਿਨਾਂ ਤੋਂ ਬਠਿੰਡਾ 'ਚ ਸਰਕਾਰ ਵਿਰੁਧ ਮੋਰਚਾ ਖ਼ੋਲੀ ਬੈਠੀਆਂ ਆਂਗਨਵਾੜੀ ਵਰਕਰਾਂ ਦੀਆਂ ਮੰਗਾਂ ਅੱਜ ਪੰਜਾਬ ਸਰਕਾਰ ਵਲੋਂ ...
ਬਠਿੰਡਾ, ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 171 ਦਿਨਾਂ ਤੋਂ ਬਠਿੰਡਾ 'ਚ ਸਰਕਾਰ ਵਿਰੁਧ ਮੋਰਚਾ ਖ਼ੋਲੀ ਬੈਠੀਆਂ ਆਂਗਨਵਾੜੀ ਵਰਕਰਾਂ ਦੀਆਂ ਮੰਗਾਂ ਅੱਜ ਪੰਜਾਬ ਸਰਕਾਰ ਵਲੋਂ ਮੰਨ ਲਈਆਂ ਗਈਆਂ ਹਨ। ਸੂਬਾ ਸਰਕਾਰ ਦੀ ਮੰਤਰੀ ਮੈਡਮ ਅਰੁਣਾ ਚੌਧਰੀ ਨਾਲ ਆਂਗਨਵਾੜੀ ਯੂਨੀਅਨ ਦੀ ਮੀਟਿੰਗ ਵਿਚ ਇਹ ਫ਼ੈਸਲਾ ਹੋਇਆ ਕਿ ਆਂਗਨਵਾੜੀ ਵਰਕਰਾਂ ਦਾ ਪ੍ਰਤੀ ਮਹੀਨਾ ਇਕ ਹਜ਼ਾਰ ਤੇ ਹੈਲਪਰਾਂ ਦੇ ਪ੍ਰਤੀ ਮਹੀਨਾ 500 ਰੁਪਏ ਭੱਤੇ ਵਿਚ ਵਾਧਾ ਕੀਤਾ ਜਾਵੇਗਾ।
ਸਰਕਾਰ ਦੇ ਇਸ ਫੈਸਲੇ ਨਾਲ ਸਮਾਜਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਕੰਮ ਕਰ ਰਹੀਆਂ ਲਗਭਗ 54 ਹਜਾਰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਲਾਭ ਪੁੱਜੇਗਾ। ਇਸ ਫੈਸਲੇ ਦੀ ਪੁਸ਼ਟੀ ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤੀ ਹੈ।
ਉਨ੍ਹਾਂ ਦਸਿਆ ਕਿ ਵਿਭਾਗ ਦੀ ਮੰਤਰੀ ਮੈਡਮ ਅਰੁਣਾ ਚੌਧਰੀ ਵਲੋਂ ਅੱਜ ਯੂਨੀਅਨ ਦੇ ਵਫ਼ਦ ਨਾਲ ਸ਼ਾਮ ਸਮੇਂ ਇਕ ਮੀਟਿੰਗ ਚੰਡੀਗੜ੍ਹ ਵਿਖੇ ਕੀਤੀ ਗਈ। ਜਿਸ ਦੌਰਾਨ ਮੈਡਮ ਅਰੁਣਾ ਚੌਧਰੀ ਨੇ ਸਰਕਾਰ ਵਲੋਂ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿਚ ਕੀਤੇ ਗਏ ਵਾਧੇ ਦੀ ਜਾਣਕਾਰੀ ਦਿਤੀ।
ਉਨ੍ਹਾਂ ਦਸਿਆ ਕਿ ਵਧਾਇਆ ਗਿਆ ਇਹ ਮਾਣ ਭੱਤਾ 1 ਅਪ੍ਰੈਲ 2019 ਤੋਂ ਲਾਗੂ ਹੋਵੇਗਾ। ਇਸ ਤੋਂ ਇਲਾਵਾ ਆਂਗਨਵਾੜੀ ਸੈਂਟਰਾਂ ਦੇ ਤਿੰਨ ਤੋਂ ਛੇ ਸਾਲ ਤਕ ਦੇ ਜਿਨ੍ਹਾਂ ਬੱਚਿਆਂ ਨੂੰ ਸਿਖਿਆ ਵਿਭਾਗ ਨੇ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਜਮਾਤਾਂ ਬਣਾ ਕੇ ਦਾਖ਼ਲ ਕਰ ਲਿਆ ਸੀ, ਨੂੰ ਵੀ ਵਾਪਸ ਆਂਗਨਵਾੜੀ ਸੈਂਟਰਾਂ ਵਿਚ ਭੇਜਿਆ ਜਾਵੇਗਾ।
ਇਹ ਵੀ ਫ਼ੈਸਲਾ ਹੋਇਆ ਕਿ ਹੁਣ 70 ਸਾਲ ਦੀ ਉਮਰ ਤੱਕ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵਿਭਾਗ ਵਿਚ ਕੰਮ ਕਰ ਸਕਣਗੀਆਂ ਤੇ ਫੇਰ ਉਹਨਾਂ ਨੂੰ ਸੇਵਾ ਮੁਕਤ ਕਰ ਦਿਤਾ ਜਾਵੇਗਾ। ਸੇਵਾ ਮੁਕਤੀ ਉਪਰੰਤ ਉਨ੍ਹਾਂ ਨੂੰ ਉੱਕਾ ਪੁੱਕਾ ਕ੍ਰਮਵਾਰ 1 ਲੱਖ ਅਤੇ 50 ਹਜ਼ਾਰ ਰੁਪਇਆ ਦਿਤਾ ਜਾਵੇਗਾ। ਐਨ.ਜੀ.ਓ. ਅਧੀਨ ਚਲ ਰਹੇ ਜਿਨ੍ਹਾਂ ਦੋ ਬਲਾਕਾਂ ਦਾ ਵਾਪਸ ਵਿਭਾਗ ਅਧੀਨ ਲਿਆਉਣ ਬਾਰੇ ਨੋਟੀਫ਼ੀਕੇਸ਼ਨ ਪਹਿਲਾਂ ਹੋ ਚੁੱਕਾ ਹੈ, ਨੂੰ ਵਿਭਾਗ ਅਧੀਨ ਲਿਆਂਦਾ ਜਾਵੇਗਾ।