ਗੁਰੂ ਕੀ ਨਗਰੀ ਦੇ ਸੁੰਦਰੀਕਰਨ ਪ੍ਰਾਜੈਕਟਾਂ ਦਾ ਜਲਦ ਹੋਵੇਗਾ ਟੈਂਡਰ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਵਿਕਾਸ ਦੇ ਸਮੂਹ ਮਾਪਦੰਡਾਂ ਪੱਖੋਂ ਉਚ ਕੋਟੀ ਦਾ ਸ਼ਹਿਰ ਬਣਾਉਣ ਅਤੇ ਸ਼ਹਿਰ ਵਾਸੀਆਂ ਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਵਿਸ਼ੇਸ਼ ...

Navjot Singh Sidhu

ਚੰਡੀਗੜ੍ਹ,  ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਵਿਕਾਸ ਦੇ ਸਮੂਹ ਮਾਪਦੰਡਾਂ ਪੱਖੋਂ ਉਚ ਕੋਟੀ ਦਾ ਸ਼ਹਿਰ ਬਣਾਉਣ ਅਤੇ ਸ਼ਹਿਰ ਵਾਸੀਆਂ ਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਵਿਸ਼ੇਸ਼ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਜਿਹੜੇ 150 ਕਰੋੜ ਰੁਪਏ ਦੀ ਲਾਗਤ ਨਾਲ ਸਮਾਰਟ ਸਿਟੀ ਪ੍ਰਾਜੈਕਟ ਉਲੀਕੇ ਹਨ, ਉਨ੍ਹਾਂ ਦਾ ਟੈਂਡਰ ਛੇਤੀ ਜਾਰੀ ਕੀਤਾ ਜਾਵੇਗਾ। ਸਮਾਰਟ ਸਿਟੀ ਪ੍ਰਾਜੈਕਟ ਦੇ ਉਡਾਣ ਭਰਨ ਨਾਲ ਅੰਮ੍ਰਿਤਸਰ ਭਵਿੱਖ ਦਾ ਸ਼ਹਿਰ ਬਣ ਕੇ ਉਭਰੇਗਾ। ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਇਕ ਬਿਆਨ ਰਾਹੀਂ ਕੀਤਾ।

ਸ. ਸਿੱਧੂ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ 150 ਕਰੋੜ ਰੁਪਏ ਦੇ ਇਨ੍ਹਾਂ ਪ੍ਰਾਜੈਕਟਾਂ ਵਿੱਚ ਐਲਈਡੀ ਲਾਈਟਾਂ, ਮਲਟੀਲੈਵਲ ਕਾਰ ਪਾਰਕਿੰਗ, ਹੈਰੀਟੇਜ ਸਟਰੀਟ 'ਤੇ ਮੁਫਤ ਵਾਈ ਫਾਈ ਦੀ ਸਹੂਲਤ, ਸੇਫ ਸਿਟੀ ਦੀ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਕੇਂਦਰ ਅਤੇ ਪਾਰਕਾਂ ਤੇ ਖਾਲੀ ਥਾਵਾਂ ਦੇ ਵਿਕਾਸ ਤੇ ਸੁੰਦਰੀਕਰਨ ਦਾ ਕੰਮ ਹੋਵੇਗਾ। ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਹਿਰ ਅੰਦਰ 34.57 ਕਰੋੜ ਰੁਪਏ ਦੀ ਲਾਗਤ ਨਾਲ 63000 ਐਲਈਡੀ ਲਾਈਟਾਂ ਲੱਗਣਗੀਆਂ।

ਇਹ ਕੰਮ ਛੇ ਮਹੀਨਿਆਂ ਅੰਦਰ ਸ਼ੁਰੂ ਹੋਵੇਗਾ ਅਤੇ ਇਸ ਦੀ ਸਾਂਭ ਸੰਭਾਲ 3 ਤੋਂ 5 ਸਾਲ ਤੱਕ ਲਈ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ 2.3 ਕਰੋੜ ਰੁਪਏ ਦੀ ਲਾਗਤ ਨਾਲ ਹੈਰੀਟੇਜ ਸਟਰੀਟ 'ਤੇ ਸ਼ਰਧਾਲੂਆਂ ਨੂੰ ਮੁਫ਼ਤ ਵਾਈ ਫਾਈ ਦੀ ਸਹੂਲਤ ਮਿਲੇਗੀ। ਕੈਰੋ ਮਾਰਕੀਟ ਵਿਖੇ 18.24 ਕਰੋੜ ਰੁਪਏ ਦੀ ਲਾਗਤ ਨਾਲ ਮਲਟੀਲੈਵਲ ਕਾਰ ਪਾਰਕਿੰਗ ਬਣਾਈ ਜਾ ਰਹੀ ਹੈ।  

ਸੇਫ ਸਿਟੀ ਵਾਲਾ ਏਕੀਕ੍ਰਿਤ ਕਮਾਂਡ ਤੇ ਕੰਟਰੋਲ ਕੇਂਦਰ (ਆਈਸੀਸੀ) ਪ੍ਰਾਜੈਕਟ ਵੀ 12 ਮਹੀਨਿਆਂ ਵਿੱਚ ਸ਼ੁਰੂ ਹੋ ਜਾਵੇਗਾ। 94 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਤਹਿਤ ਸੁਰੱਖਿਆ ਪੱਖੋਂ ਪੂਰੇ ਸ਼ਹਿਰ 'ਤੇ ਨਿਗ੍ਹਾ ਰੱਖੀ ਜਾ ਸਕੇਗੀ। ਸਮਾਰਟ ਸਿਟੀ ਦੇ ਪਹਿਲੇ ਪੜਾਅ ਵਿੱਚ ਸ਼ਹਿਰ ਦੇ ਸਾਰੇ ਪਾਰਕਾਂ ਅਤੇ ਖਾਲੀ ਥਾਵਾਂ ਦਾ ਵਿਕਾਸ ਤੇ ਸੁੰਦਰੀਕਰਨ ਵੀ ਹੋਵੇਗਾ।