ਪੰਜਾਬ ’ਚ ਕੋਰੋਨਾ ਨਾਲ 7 ਹੋਰ ਮੌਤਾਂ
ਪੰਜਾਬ ਵਿਚ ਕੋਰੋਨਾ ਦੇ ਕਹਿਰ ਦੇ ਚਲਦਿਆਂ ਬੀਤੇ 24 ਘੰਟਿਆਂ ਦੌਰਾਨ ਇਕੋ ਦਿਨ ਵਿਚ 7 ਹੋਰ ਮੌਤਾਂ ਹੋ ਗਈਆਂ
ਚੰਡੀਗੜ੍ਹ, 18 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਦੇ ਕਹਿਰ ਦੇ ਚਲਦਿਆਂ ਬੀਤੇ 24 ਘੰਟਿਆਂ ਦੌਰਾਨ ਇਕੋ ਦਿਨ ਵਿਚ 7 ਹੋਰ ਮੌਤਾਂ ਹੋ ਗਈਆਂ ਅਤੇ 350 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਵੀ ਆਏ ਹਨ। ਮੌਤਾਂ ਦੀ ਕੁੱਲ ਗਿਣਤੀ ਹੁਣ 249 ਤਕ ਪਹੁੰਚ ਗਈ ਹੈ ਜਦ ਕਿ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 98000 ਤੋਂ ਪਾਰ ਹੋ ਗਈ ਹੈ। 6454 ਮਰੀਜ਼ ਹੁਣ ਤਕ ਠੀਕ ਹੋਏ ਹਨ।
3092 ਮਰੀਜ਼ ਇਸ ਸਮੇਂ ਇਲਾਜ ਅਧੀਨ ਹਨ, ਜਿਨ੍ਹਾਂ ’ਚੋਂ 72 ਦੀ ਹਾਲਤ ਗੰਭੀਰ ਹੈ। ਇਨ੍ਹਾਂ ਵਿਚ 63 ਅਕਾਸੀਜਨ ਅਤੇ 9 ਵੈਂਟੀਲੇਟਰ ’ਤੇ ਹਨ। ਅੱਜ ਹੋਈਆਂ ਮੌਤਾਂ ਵਿਚ 3 ਮਾਮਲੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਇਕ ਇਕ ਮਾਮਲਾ ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ ਤੇ ਮੋਹਾਲੀ ਨਾਲ ਸਬੰਧਤ ਹੈ।
ਵਿਧਾਇਕ ਤੇ ਐਸਡੀਐਮ ਕੋਰੋਨਾ ਪਾਜ਼ੇਟਿਵ
ਫ਼ਗਵਾੜਾ, 18 ਜੁਲਾਈ (ਤੇਜੀ) : ਕੋਰੋਨਾ ਵਾਇਰਸ ਨੇ ਹੁਣ ਸਿਆਸੀ ਆਗੂਆਂ ਨੂੰ ਵੀ ਅਪਣੀ ਲਪੇਟ ’ਚ ਲੈਣਾ ਸ਼ੁਰੂ ਕਰ ਦਿਤਾ ਹੈ। ਅੱਜ ਫ਼ਗਵਾੜਾ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਜਿਸ ਬਾਰੇ ਸਿਹਤ ਵਿਭਾਗ ਵਲੋਂ ਪੁਸ਼ਟੀ ਕੀਤੀ ਗਈ ਹੈ। ਫ਼ਗਵਾੜਾ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਾਰਟੀ ਮੈਂਬਰਾਂ ਤੇ ਹਲਕੇ ਦੇ ਲੋਕਾਂ ਵਲੋਂ ਉਨ੍ਹਾਂ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਜਾ ਰਹੀ ਹੈ।
ਗੁਰਦਾਸਪੁਰ (ਅਨਮੋਲ) : ਪੰਜਾਬ ’ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਬਟਾਲਾ ਦੇ ਐਸ.ਡੀ.ਐਮ. ਬਲਵਿੰਦਰ ਸਿੰਘ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।