ਕਾਂਗਰਸ, ‘ਆਪ’ ਤੇ ਢੀਂਡਸਾ ਦਲ ਡੇਰਾ ਸਿਰਸਾ ਸਮਰਥਕ ਵੀਰਪਾਲ ਨਾਲ ਰਲਿਆ : ਯੂਥ ਅਕਾਲੀ ਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਢੀਂਡਸਾ ਨੂੰ ਪੁਛਿਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਪਰਮਿੰਦਰ ਨੂੰ ਡੇਰੇ ’ਚ ਜਾਣ ਤੋਂ ਕਿਉਂ ਨਹੀਂ ਰੋਕਿਆ?

Youth Akali Dal

ਜਲੰਧਰ, 18 ਜੁਲਾਈ, (ਨੀਲ ਬੀ ਸਿੰਘ): ਯੂਥ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ, ਆਪ ਅਤੇ ਢੀਂਡਸਾ ਗਰੁੱਪ ਡੇਰੇ ਦੀ ਸਮਰਥਕ ਵੀਰਪਾਲ ਕੌਰ ਨਾਲ ਰਲੇ ਹੋਏ ਹਨ ਜਿਸਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵਿਰੁਧ ਅਫ਼ਵਾਹਾਂ ਫ਼ੈਲਾਈਆਂ ਹਨ ਜੋ ਪੰਜਾਬੀਆਂ ਨੇ ਮੰਨਣ ਤੋਂ ਇਨਕਾਰ ਕਰ ਦਿਤਾ ਹੈ। ਯੂਥ ਅਕਾਲੀ ਦਲ ਨੇ ਬੇਅਦਬੀ ਕੇਸਾਂ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਨਿਸ਼ਚਿਤ ਸਮੇਂ ਅੰਦਰ ਜਾਂਚ ਕਰਵਾਏ ਜਾਣ ਦੀ ਵੀ ਮੰਗ ਕੀਤੀ ਤਾਂ ਕਿ ਸਿੱਖ ਪੰਥ ਨੂੰ ਬੇਅਦਬੀ ਕੇਸਾਂ ਵਿਚ ਨਿਆਂ ਮਿਲ ਸਕੇ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ  ਯੂਥ ਅਕਾਲੀ ਦਲ  ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਡੇਰੇ ਦੀ ਸਮਰਥਕ ਵੀਰਪਾਲ ਕੌਰ ਨੇ ਜਾਣ ਬੁੱਝ ਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਸਲਾਬਤਪੁਰਾ ਵਿਚ ਰਚਾਏ ਸਵਾਂਗ ਜਿਸ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਸੀ, ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ  ‘ਪੁਸ਼ਾਕ’ ਨਾਲ ਜੋੜਿਆ।

ਉਨ੍ਹਾਂ ਕਿਹਾ ਕਿ ਵੀਰਪਾਲ ਤਾਂ ਪਹਿਲਾਂ ਹੀ ਝੂਠੀ ਸਾਬਤ ਹੋ ਗਈ ਹੈ ਕਿਉਂਕਿ ਜਿਸ ਪੁਲਿਸ ਅਫ਼ਸਰ ਦਾ ਨਾਂ ਉਸ ਨੇ ਲਿਆ ਹੈ, ਉਸ ਨੇ ਹੀ ਇਨ੍ਹਾਂ ਦੋਸ਼ਾਂ ਦਾ ਖੰਡਨ ਕਰ ਦਿਤਾ ਹੈ ਤੇ ਜਿਸ ਫ਼ੁਰਤੀ ਨਾਲ ਕਾਂਗਰਸ ਤੇ ਸ੍ਰੀ ਸੁਖਦੇਵ ਸਿੰਘ ਢੀਂਡਸਾ  ਇਸ ਮਾਮਲੇ ਵਿਚ ਕੁੱਦ ਕੇ ਝੂਠੇ ਬਿਆਨ ਦਾ  ਸਿਆਸੀ ਲਾਹਾ ਲੈਣਾ ਚਾਹੁੰਦੇ ਹਨ, ਉਸ ਨੇ ਸਾਬਤ ਕਰ ਦਿਤਾ ਹੈ ਕਿ  ਉਹ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਲਈ ਜ਼ਿੰਮੇਵਾਰ ਹਨ।

ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ  ਸੱਚਾਈ ਇਹ ਹੈ ਕਿ ਵੀਰਪਾਲ ਉਹੀ ਮਹਿਲਾ ਹੈ ਜੋ 2007 ਵਿਚ ਚਾਰ ਹੋਰ ਮਹਿਲਾਵਾਂ ਨਾਲ ਮਿਲ ਕੇ ਮਨੁੱਖੀ ਬੰਬ ਬਣ ਕੇ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਵਾਰ ਨੂੰ ਉਡਾਉਣ ਦੀ ਸਾਜ਼ਿਸ਼ ਵਿਚ ਸ਼ਾਮਲ ਸੀ।  ਉਨ੍ਹਾਂ ਕਿਹਾ ਕਿ ਉਦੋਂ ਵੀਰਪਾਲ ਨੇ  ਮਨੁੱਖੀ ਬੰਬ ਬਣ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਘੜੀ ਸੀ ਤੇ ਹੁਣ ਕਾਂਗਰਸ ਨੇ ਉਸਦੀ ਵਰਤੋਂ ਸ਼੍ਰੋਮਣੀ ਅਕਾਲੀ ਦਲ ਖਿਲਾਫ ਸਿਆਸੀ ਬੰਬ ਵਜੋਂ ਕਰਨ ਦਾ ਯਤਨ ਕੀਤਾ ਹੈ ਪਰ ਉਹ ਬੁਰੀ ਤਰ੍ਹਾਂ ਅਸਫਲ ਹੋ ਗਈ ਹੈ।

ਉਹਨਾਂ ਕਿਹਾ ਕਿ  ਪਹਿਲਾਂ ਵੀ ਕਾਂਗਰਸ ਦੇ  ਪ੍ਰਧਾਨ ਸ੍ਰੀ ਸੁਨੀਲ ਜਾਖੜ ਤੇ ਡੇਰਾ ਸਿਰਸਾ ਦੇ ਕੁੜਮ ਹਰਮਿੰਦਰ ਜੱਸੀ ਵੀਰਪਾਲ ਦੀ ਹਮਾਇਤ ਵਿਚ ਆਏ ਸਨ ਤੇ ਅੱਜ ਵੀ ਜਾਖੜ ਤੇ ਸੁਖਦੇਵ ਸਿੰਘ ਢੀਂਡਸਾ ਉਸਦੀ ਹਮਾਇਤ ਵਿਚ ਨਿਤਰ ਆਏ ਹਨ। ਯੂਥ ਅਕਾਲੀ ਦਲ ਦੇ ਪ੍ਰਧਾਨ ਨੇ  ਸੁਖਦੇਵ ਸਿੰਘ ਢੀਂਡਸਾ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਬਜਾਏ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਸਪਸ਼ਟੀਕਰਨ ਦੇਵੇ, ਸ੍ਰੀ ਢੀਂਡਸਾ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਆਪਣੇ ਪੁੱਤਰ ਤੇ ਉਸਦੇ ਵੇਲੇ ਦੇ ਪੰਜਾਬ ਦੇ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ  ਡੇਰੇ ਵਿਚ ਜਾਣ ਤੋਂ ਕਿਉਂ ਨਹੀਂ  ਰੋਕਿਆ ਸੀ।