ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਪੁਲਿਸ ਕੇਸ ਨੂੰ ਮੁੜ ਖੋਲ੍ਹਣ ਦੀ ਮੰਗ ਉਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਰਬਾਰ-ਏ-ਖ਼ਾਲਸਾ ਤੇ ਅਲਾਂਇਸ ਆਫ਼ ਸਿੱਖ ਨੇ ਤੱਥਾਂ ਸਹਿਤ ਮੁੱਖ ਮੰਤਰੀ ਨੂੰ ਲਿਖਿਆ ਪੱਤਰ

Sauda Sadh

ਚੰਡੀਗੜ੍ਹ, 18 ਜੁਲਾਈ (ਗੁਰਉਪਦੇਸ਼ ਭੁੱਲਰ): ਡੇਰਾ ਸਿਰਸਾ ਦੀ ਇਕ ਪੈਰੋਕਾਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਸੌਦਾ ਸਾਧ ਰਾਮ ਰਹੀਮ ਨੂੰ ਸਵਾਂਗ ਰਚਾਉਣ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਵਰਗੀ ਪੌਸ਼ਾਕ ਮੁਹਈਆ ਕਰਵਾਏ ਜਾਣ ਸਬੰਧੀ ਕੀਤੇ ਗਏ ਦਾਅਵੇ ਤੋਂ ਬਾਅਦ ਹੁਣ ਸੌਦਾ ਸਾਧ ਵਲੋਂ 2007 ਵਿਚ ਡੇਰਾ ਸਲਾਬਤਪੁਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਚੇ ਗਏ ਸਵਾਂਗ ਸਬੰਧੀ ਰੱਦ ਕੀਤੇ ਕੇਸ ਨੂੰ ਮੁੜ ਖੋਲ੍ਹਣ ਦੀ ਮੰਗ ਉਠਣ ਲੱਗੀ ਹੈ।

ਜਿਥੇ ਸਿੱਖ ਜਥੇਬੰਦੀਆਂ ਸੁਖਬੀਰ ਤੋਂ ਪੌਸ਼ਾਕ ਸਬੰਧੀ ਦੋਸ਼ਾਂ ਬਾਰੇ ਸਪੱਸ਼ਟੀਕਰਨ ਮੰਗ ਰਹੀਆਂ ਹਨ ਉਥੇ ਹੁਣ ਦਰਬਾਰ-ਏ-ਖ਼ਾਲਸਾ ਤੇ ਅਲਾਂਇੰਸ ਆਫ਼ ਸਿੱਖ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਵਿਸਥਾਰਤ ਪੱਤਰ ਲਿਖ ਕੇ ਸੌਦਾ ਸਾਧ ਵਲੋਂ ਰਚੇ ਸਵਾਂਗ ਦੇ ਬੰਦ ਕੀਤੇ ਪੁਲਿਸ ਕੇਸ ਨੂੰ ਮੁੜ ਖੋਲ੍ਹ ਕੇ ਦੁਬਾਰਾ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ।

ਇਨ੍ਹਾਂ ਦੋਵਾਂ ਸੰਗਠਨਾਂ ਵਲੋਂ ਭਾਈ ਹਰਜਿੰਦਰ ਸਿੰਘ ਮਾਝੀ ਅਤੇ ਸੁਖਦੇਵ ਸਿੰਘ ਫਗਵਾੜਾ ਵਲੋਂ ਮੁੱਖ ਮੰਤਰੀ ਨੂੰ ਲਿਖੇ ਪੱਤਰ ਬਾਰੇ ਕਿਹਾ ਹੈ ਕਿ 2007 ਵਿਚ ਸੌਦਾ ਸਾਧ ਵਲੋਂ ਡੇਰਾ ਸਲਾਬਤਪੁਰਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚ ਕੇ ਜੋ ਜਾਮ-ਏ-ਇੰਸਾ ਗੁਰੂ ਜੀ ਵਰਗੀ ਪੌਸ਼ਾਕ ਪਾ ਕੇ ਪਿਲਾਇਆ ਗਿਆ ਸੀ ਉਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਸਨ।

ਇਸ ਸਬੰਧ ਵਿਚ ਸੌਦਾ ਸਾਧ ਵਿਰੁਧ 20 ਮਈ 2007 ਨੂੰ ਥਾਣਾ ਕੋਤਵਾਲੀ ਬਠਿੰਡਾ ਵਿਚ ਐਫ਼.ਆਈ.ਆਰ. ਨੰਬਰ 262 ਆਈ.ਪੀ.ਸੀ. ਦੀ ਧਾਰਾ 153ਏ, 295ਏ ਤਹਿਤ ਦਰਜ ਕੀਤੀ ਗਈ ਸੀ। ਇਸ ਸਬੰਧ ਵਿਚ ਆਈ.ਜੀ. ਪੱਧਰ ਦੇ ਅਧਿਕਾਰੀ ਨੇ ਜਾਂਚ ਵਿਚ ਸੌਦਾ ਸਾਧ ਨੂੰ ਦੋਸ਼ੀ ਪਾਇਆ ਸੀ ਪਰ ਪੁਲਿਸ ਵਲੋਂ ਬਾਦਲ ਸਰਕਾਰ ਦੇ ਬਾਅ ਕਾਰਨ ਅਦਾਲਤ ਵਿਚ ਚਲਾਨ ਹੀ ਪੇਸ਼ ਨਹੀਂ ਕੀਤਾ ਗਿਆ ਸੀ। ਪੱਤਰ ਵਿਚ ਦਸਿਆ ਗਿਆ ਕਿ ਸ਼ੁੁਰੂ ਵਿਚ ਸੌਦਾ ਸਾਧ ਵਲੋਂ ਵੀ ਹਾਈ ਕੋਰਟ ਵਿਚ ਇਸ ਮਾਮਲੇ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ

ਅਤੇ ਇਸ ਦੇ ਜਵਾਬ ਵਿਚ ਉਸ ਸਮੇਂ ਦੇ ਬਠਿੰਡਾ ਦੇ ਐਸ.ਐਸ.ਪੀ. ਨੌਨਿਹਾਲ ਸਿੰਘ ਨੇ ਵੀ ਕੋਰਟ ਵਿਚ ਹਲਫ਼ਨਾਮਾ ਦੇ ਕੇ ਕਿਹਾ ਸੀ ਕਿ ਇਹ ਕੇਸ ਜਾਂਚ ਬਾਅਦ ਹੀ ਦਰਜ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਪੁਲਿਸ ਨੇ 2012 ਵਿਚ ਵਿਧਾਨ ਸਭਾ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਅਦਾਲਤ ਵਿਚ ਕੇਸ ਰੱਦ ਕਰਨ ਦੀ ਰੀਪੋਰਟ ਪੇਸ਼ ਕਰ ਦਿਤੀ ਸੀ।

ਪੁਲਿਸ ਨੇ ਅਦਾਲਤ ਵਿਚ ਇਸ ਕੇਸ ਵਿਚ ਸ਼ਿਕਾਇਤਕਰਤਾ ਰਜਿੰਦਰ ਸਿੰਘ ਸਿੱਧੂ ਦੇ ਡੇਰਾ ਸਲਾਬਤਪੁਰਾ ਵਿਚ ਹਾਜ਼ਰ ਨਾ ਹੋਣ ਦੀ ਗੱਲ ਆਖੀ ਸੀ ਪਰ ਖ਼ੁਦ ਹੀ ਸ਼ਿਕਾਇਤਕਰਤਾ ਨੇ ਇਸ ਨੂੰ ਅਦਾਲਤ ਵਿਚ ਪੇਸ਼ ਹੋ ਕੇ ਝੂਠਾ ਸਾਬਤ ਵੀ ਕਰ ਦਿਤਾ ਸੀ। ਇਸ ਤੋਂ ਬਾਅਦ 2014 ਵਿਚ ਸੌਦਾ ਸਾਧ ਨੇ ਅਦਾਲਤ ਵਿਚ ਇਕ ਹੋਰ ਪਟੀਸ਼ਨ ਪਾਈ ਕਿ ਪੁਲਿਸ ਉਸ ਵਿਰੁਧ ਚਲਾਨ ਹੀ ਪੇਸ਼ ਨਹੀਂ ਕਰ ਸਕੀ ਜਿਸ ਕਰ ਕੇ ਉਸ ਦੇ ਕੇਸ ਨੂੰ ਅਦਾਲਤ ਨੇ ਰੱਦ ਕਰ ਦਿਤਾ ਸੀ। ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਸਿੱਖ ਸੰਗਠਨਾਂ ਨੇ ਦਸਿਆ ਹੈ

ਕਿ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੇ ਕੁੰਵਰਵਿਜੈ ਪ੍ਰਤਾਪ ਸਿੰਘ ਵਲੋਂ ਅਦਾਲਤ ਵਿਚ ਪੇਸ਼ ਚਲਾਨ ਵਿਚ ਪ੍ਰਗਟਾਵਾ ਕੀਤਾ ਗਿਆ ਹੈ ਕਿ 2012 ਵਿਚ ਵੋਟਾਂ ਤੋਂ ਪਹਿਲਾਂ ਸਿਆਸੀ ਲਾਭ ਲੈਣ ਲਈ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਦੇ ਕਹਿਣ ’ਤੇ ਪੁਲਿਸ ਨੇ ਸੌਦਾ ਸਾਧ ਵਿਰੁਧ ਸਵਾਂਗ ਦਾ ਕੇਸ ਰੱਦ ਕੀਤਾ ਸੀ। ਇਸ ਸਬੰਧ ਵਿਚ ਜਸਵੰਤ ਸਿੰਘ ਮੰਝਪੁਰ ਨੇ ਵੀ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਹੋਈ ਹੈ ਜਿਸ ਦੀ ਸੁਣਵਾਈ 9 ਅਕਤੂਬਰ ਨੂੰ ਹੋਣੀ ਹੈ। ਪੰਜਾਬ ਸਰਕਾਰ ਤੋਂ ਦਰਬਾਰ-ਏ-ਖ਼ਾਲਸਾ ਤੇ ਅਲਾਂਇੰਸ ਫ਼ਾਰ ਸਿੱਖ ਨੇ ਕਿਹਾ ਕਿ ਤੱਥਾਂ ਦੀ ਰੋਸ਼ਨੀ ਵਿਚ ਕੇਸ ਨੂੰ ਮੁੜ ਖੋਲਿ੍ਹਆ ਜਾਵੇ ਤੇ ਹਾਈ ਕੋਰਟ ਵਿਚ ਵੀ ਸੁਣਵਾਈ ਸਮੇਂ ਸਰਕਾਰ ਅਪਣੀ ਭੂਮਿਕਾ ਨਿਭਾਵੇ। 

ਪੌਸ਼ਾਕ ਬਾਰੇ ਸੁਖਬੀਰ ਸਿੰਘ ਬਾਦਲ ਦੀ ਚੁੱਪ ’ਤੇ ਵੀ ਉਠ ਰਹੇ ਹਨ ਸਵਾਲ
ਡੇਰਾ ਸਿਰਸਾ ਦੀ ਪੈਰੋਕਾਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਸਮੇਂ ਸੌਦਾ ਸਾਧ ਨੂੰ ਪੌਸ਼ਾਕ ਮੁਹਈਆ ਕਰਵਾਉਣ ਦੇ ਲਾਏ ਦੋਸ਼ਾਂ ਸਬੰਧੀ ਸੁਖਬੀਰ ਬਾਦਲ ਦੀ ਚੁੱਪ ’ਤੇ ਵੀ ਸਵਾਲ ਉਠ ਰਹੇ ਹਨ। ਸਿੱਖ ਸੰਗਠਨ ਇਸ ਬਾਰੇ ਸੁਖਬੀਰ ਦਾ ਸਪੱਸ਼ਟੀਕਰਨ ਚਾਹੁੰਦੇ ਹਨ। ਪਰ ਉਹ ਇਸ ਬਾਰੇ ਖ਼ੁਦ ਕੁੱਝ ਨਹੀਂ ਬੋਲ ਰਹੇ ਤੇ ਸਿਰਫ਼ ਐਸ.ਜੀ.ਪੀ.ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਸਬੰਧੀ ਜ਼ਰੂਰ ਸੁਖਬੀਰ ਦਾ ਬਚਾਅ ਕਰਨ ਲਈ ਬਿਆਨ ਦਿਤਾ ਹੈ। ਵਖਰਾ ਸ਼੍ਰੋਮਣੀ ਅਕਾਲੀ ਦਲ ਬਣਾ ਚੁਕੇ ਸੁਖਦੇਵ ਸਿੰਘ ਢੀਂਡਸਾ ਦਾ ਵੀ ਕਹਿਣਾ ਹੈ ਕਿ ਇਸ ਬਾਰੇ ਖ਼ੁਦ ਸੁਖਬੀਰ ਬਾਦਲ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿਉਂਕਿ ਦੋਸ਼ ਬੜਾ ਗੰਭੀਰ ਹੈ।