ਨਵਜੋਤ ਸਿੰਘ ਸਿੱਧੂ ਨੇ ਵਿਧਾਇਕ ਕੋਟਲੀ ਅਤੇ ਵਿਧਾਇਕ ਲੱਖਾ ਨਾਲ ਕੀਤੀ ਬੰਦ ਕਮਰਾ ਮੀਟਿੰਗ
ਨਵਜੋਤ ਸਿੰਘ ਸਿੱਧੂ ਨੇ ਵਿਧਾਇਕ ਕੋਟਲੀ ਅਤੇ ਵਿਧਾਇਕ ਲੱਖਾ ਨਾਲ ਕੀਤੀ ਬੰਦ ਕਮਰਾ ਮੀਟਿੰਗ
ਪਾਰਟੀ ਵਿਚ ਕੋਈ ਧੜੇਬੰਦੀ ਨਹੀਂ, ਮੁੱਦਿਆਂ ਅਤੇ ਵਿਚਾਰਧਾਰਕ ਮਸਲਿਆਂ ਦਾ ਮਾਮਲਾ ਹੈ, ਛੇਤੀ ਹੀ ਹੱਲ ਹੋ ਜਾਵੇਗਾ : ਕੋਟਲੀ
ਖੰਨਾ, 18 ਜੁਲਾਈ (ਅਰਵਿੰਦਰ ਸਿੰਘ ਟੀਟੂ, ਸਲੌਦੀ, ਹਰਵਿੰਦਰ ਸਿੰਘ ਚੀਮਾ): ਪਿਛਲੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਚਲ ਰਹੀ ਜ਼ੋਰ ਅਜ਼ਮਾਇਸ਼ ਤੋਂ ਬਾਅਦ ਜਿਥੇ ਸ. ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਲਗਭਗ ਤੈਅ ਹੈ ਕਿਉਂਕਿ ਸ. ਸਿੱਧੂ ਵਲੋਂ ਮੰਤਰੀਆਂ ਤੇ ਵਿਧਾਇਕਾਂ ਨਾਲ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਸਾਫ਼ ਤੌਰ ਤੇ ਇਸ਼ਾਰਾ ਕਰ ਰਹੀਆਂ ਹਨ ਕਿ ਪ੍ਰਧਾਨਗੀ ਦਾ ਤਾਜ ਜਲਦੀ ਹੀ ਸਰਦਾਰ ਸਿੱਧੂ ਦੇ ਸਿਰ 'ਤੇ ਸੱਜਣ ਜਾ ਰਿਹਾ ਹੈ |
ਉਥੇ ਹੀ ਅੱਜ ਐਤਵਾਰ ਬਾਅਦ ਦੁਪਹਿਰ ਸ. ਸਿੱਧੂ ਖੰਨਾ ਦੇ ਹਲਕਾ ਵਿਧਾਇਕ ਸ.ਗੁਰਕੀਰਤ ਸਿੰਘ ਕੋਟਲੀ ਦੇ ਖੰਨਾ ਸਥਿਤ ਰਿਹਾਇਸ਼ 'ਤੇ ਪਹੁੰਚੇ | ਜਿਥੇ ਉਨ੍ਹਾਂ ਦਾ ਖੰਨਾ ਦੇ ਵਿਧਾਇਕ ਸ. ਗੁਰਕੀਰਤ ਸਿੰਘ ਕੋਟਲੀ ਅਤੇ ਪਾਇਲ ਤੋਂ ਵਿਧਾਇਕ ਸ. ਲਖਬੀਰ ਸਿੰਘ ਲੱਖਾ ਵਲੋਂ ਅਪਣੇ ਸਾਥੀਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ ਗਏ |
ਸ. ਸਿੱਧੂ ਨੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨਾਲ ਤਕਰੀਬਨ ਅੱਧਾ ਘੰਟਾ ਬੰਦ ਕਮਰਾ ਮੁਲਾਕਾਤ ਕੀਤੀ | ਪ੍ਰੰਤੂ ਲੰਮਾ ਇੰਤਜ਼ਾਰ ਕਰ ਰਹੇ ਪੱਤਰਕਾਰ ਗੱਲ ਕਰਨ ਤੋਂ ਗੁਰੇਜ਼ ਕੀਤਾ | ਇਸ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਪਾਰਟੀ ਵਿਚ ਕੋਈ ਧੜੇਬੰਦੀ ਨਹੀਂ ਅਤੇ ਸਾਰੀ ਪਾਰਟੀ ਇਕਜੁਟ ਹੈ ਸਿਰਫ਼ ਤੇ ਸਿਰਫ਼ ਮੁੱਦਿਆਂ ਅਤੇ ਵਿਚਾਰਕ ਮਸਲਿਆਂ ਦਾ ਮਾਮਲਾ ਹੈ ਜੋ ਕਿ ਛੇਤੀ ਹੀ ਹੱਲ ਹੋ ਜਾਵੇਗਾ | ਪੰਜਾਬ ਪ੍ਰਧਾਨਗੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦਾ ਐਲਾਨ ਪਾਰਟੀ ਹਾਈਕਮਾਂਡ ਵਲੋਂ ਛੇਤੀ ਹੀ ਕੀਤਾ ਜਾ ਰਿਹਾ ਹੈ | ਪਾਰਟੀ ਹਾਈਕਮਾਂਡ ਵਲੋਂ ਕੀਤਾ ਗਿਆ ਫ਼ੈਸਲਾ ਹਰ ਵਰਕਰ ਨੂੰ ਮਨਜ਼ੂਰ ਹੋਵੇਗਾ |
ਬੰਦ ਕਮਰਾ ਮੀਟਿੰਗ ਬਾਰੇ ਪੁੱਛੇ ਜਾਣ 'ਤੇ ਸਰਦਾਰ ਕੋਟਲੀ ਨੇ ਕਿਹਾ ਕਿ ਇਹ ਪ੍ਰਵਾਰਕ ਮੀਟਿੰਗ ਹੈ ਨਾ ਕਿ ਕੋਈ ਸਿਆਸੀ ਮੀਟਿੰਗ | ਜ਼ਿਕਰਯੋਗ ਹੈ ਕਿ ਸ. ਸਿੱਧੂ ਦੇ ਖੰਨਾ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਖੰਨਾ ਇਲਾਕੇ ਦੇ ਤਕਰੀਬਨ ਸਮੂਹ ਵਰਕਰ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਦੇ ਹੌਂਸਲੇ ਬੁਲੰਦ ਸਨ |
ਫੋਟੋ ਕੈਪਸ਼ਨ-3----ਸਰਦਾਰ ਨਵਜੋਤ ਸਿੰਘ ਸਿੱਧੂ ਦਾ ਖੰਨਾ ਵਿਧਾਇਕ ਸ. ਗੁਰਕੀਰਤ ਸਿੰਘ ਕੋਟਲੀ ਦੀ ਰਿਹਾਇਸ਼ ਤੇ ਪਹੁੰਚਣ ਤੇ ਉਹਨਾਂ ਦਾ ਸਵਾਗਤ ਕਰਦੇ ਹੋਏ ਵਿਧਾਇਕ ਸ. ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਸ.ਲਖਬੀਰ ਸਿੰਘ ਲੱਖਾ ਪਾਇਲ ਅਤੇ ਹੋਰ |