ਸੁਖਪਾਲ ਖਹਿਰਾ ਨੇ ਸੰਭਾਲੀ ਕੈਪਟਨ ਹਮਾਇਤੀ ਵਿਧਾਇਕਾਂ ਦੀ ਕਮਾਨ

ਏਜੰਸੀ

ਖ਼ਬਰਾਂ, ਪੰਜਾਬ

ਸੁਖਪਾਲ ਖਹਿਰਾ ਨੇ ਸੰਭਾਲੀ ਕੈਪਟਨ ਹਮਾਇਤੀ ਵਿਧਾਇਕਾਂ ਦੀ ਕਮਾਨ

image

ਨਵਜੋਤ ਸਿੱਧੂ ਤੋਂ ਮਾਫ਼ੀ ਦੀ ਮੰਗ ਦਾ ਵੀ ਕੀਤਾ ਸਮਰਥਨ

ਚੰਡੀਗੜ੍ਹ, 18 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਐਲਾਨ ਦੇ ਵਿਚਾਲੇ ਲਟਕਣ ਬਾਅਦ ਸੂਬਾ ਕਾਂਗਰਸ ਅੰਦਰ ਬਣ ਰਹੀਆਂ ਸਥਿਤੀਆਂ 'ਚ ਹੁਣ ਕੈਪਟਨ ਅਮਰਿੰਦਰ ਹਮਾਇਤੀ ਵਿਧਾਇਕਾਂ ਦੀ ਕਮਾਨ ਸੁਖਪਾਲ ਸਿੰਘ ਖਹਿਰਾ ਨੇ ਸੰਭਾਲ ਲਈ ਹੈ | 
ਖਹਿਰਾ ਵਲੋਂ ਅੱਜ 10 ਕਾਂਗਰਸ ਵਿਧਾਇਕਾਂ ਦਾ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ, ਜਿਸ 'ਚ ਖੁਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੀ ਉਸ ਮੰਗ ਦਾ ਸਮਰਥਨ ਕੀਤਾ ਗਿਆ ਹੈ ਕਿ ਨਵਜੋਤ ਸਿੱਧੂ ਪਿਛਲੇ ਸਮੇਂ 'ਚ ਟਵੀਟਾਂ ਰਾਹੀਂ ਕੀਤੀਆਂ ਅੱਭਦਰ ਟਿਪਣੀਆਂ ਬਾਰੇ ਜਨਤਕ ਤੌਰ 'ਤੇ ਮਾਫ਼ੀ ਮੰਗੇ | ਜਿਹੜੇ 10 ਵਿਧਾਇਕਾਂ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ, ਉਨ੍ਹਾਂ 'ਚ ਖਹਿਰਾ ਤੋਂ ਇਲਾਵਾ ਫ਼ਤਿਹ ਜੰਗ ਬਾਜਵਾ, ਬਲਵਿੰਦਰ ਸਿੰਘ ਲਾਡੀ, ਹਰਮੰਦਰ ਸਿੰਘ ਗਿੱਲ, ਪਿਰਮਲ ਸਿੰਘ ਖ਼ਾਲਸਾ, ਜਗਦੇਵ ਸਿੰਘ ਕਮਾਲੂ, ਸੰਤੋਖ ਸਿੰਘ ਭਲਾਈਪੁਰ, ਗੁਰਪ੍ਰੀਤ ਸਿੰਘ ਜੀ.ਪੀ., ਜੋਗਿੰਦਰ ਪਾਲ ਦੇ ਨਾਂ ਸ਼ਾਮਲ ਹਨ | ਇਨ੍ਹਾਂ ਵਿਧਾਇਕਾਂ ਨੇ ਬਿਆਨ 'ਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਪੰਜਾਬ ਤੇ ਕਾਂਗਰਸ ਦੇ ਇਕ ਵੱਡੇ ਕੱਦਾਵਰ ਨੇਤਾ ਹਨ | 
ਉਨ੍ਹਾਂ ਦੀ ਬਦੌਲਤ ਹੀ 10 ਸਾਲਾਂ ਬਾਅਦ ਕਾਂਗਰਸ ਪੰਜਾਬ 'ਚ ਮੁੜ ਸੱਤਾ 'ਚ ਆ ਸਕੀ ਹੈ | ਹਾਈ ਕਮਾਨ ਨੂੰ  ਇਨ੍ਹਾਂ ਵਿਧਾਇਕਾਂ ਨੇ ਅਪੀਲ ਕਰਦਿਆਂ ਕਿਹਾ ਕਿ ਪ੍ਰਧਾਨਗੀ ਆਦਿ ਦੇ ਫ਼ੈਸਲੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ  ਨਜ਼ਰ ਅੰਦਾਜ ਨਾ ਕੀਤਾ ਜਾਵੇ | ਨਵਜੋਤ ਸਿੱਧੂ ਵਲੋਂ ਪਿਛਲੇ ਸਮੇਂ 'ਚ ਮੁੱਖ ਮੰਤਰੀ ਬਾਰੇ ਕੀਤੀਆਂ ਟਿਪਣੀਆਂ ਨੂੰ  ਵੀ ਪੂਰੀ ਤਰ੍ਹਾਂ ਗ਼ਲਤ ਠਹਿਰਾਇਆ ਗਿਆ |