Khanna News : 12ਵੀਂ ਪਾਸ ਵਿਦਿਆਰਥੀ ਨੇ ਨਹਿਰ 'ਚ ਮਾਰੀ ਛਾਲ ,ਸਕੂਲ ਅਧਿਆਪਕਾ ਨਾਲ ਪ੍ਰੇਮ ਸਬੰਧਾਂ ਦਾ ਮਾਮਲਾ
ਮ੍ਰਿਤਕ ਦੇ ਪਰਿਵਾਰ ਨੇ ਅਧਿਆਪਕਾ ਦੇ ਪਤੀ ਤੇ ਦਿਓਰ 'ਤੇ ਲਾਏ ਗੰਭੀਰ ਆਰੋਪ
Khanna News : ਖੰਨਾ ਦੇ ਪਿੰਡ ਜਟਾਣਾ ਦੇ ਇੱਕ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਮਾਮਲਾ ਸਕੂਲ ਦੀ ਹੀ ਇੱਕ ਮਹਿਲਾ ਅਧਿਆਪਕਾ ਨਾਲ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ। ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
ਨਹਿਰ 'ਚ ਰੁੜ੍ਹੇ ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਆਰੋਪ ਹੈ ਕਿ ਅਧਿਆਪਕਾ ਦਾ ਪਤੀ ਅਤੇ ਦਿਓਰ ਉਨ੍ਹਾਂ ਦੇ ਬੇਟੇ ਨੂੰ ਧਮਕੀਆਂ ਦੇ ਰਹੇ ਸਨ। ਜਿਸ ਕਾਰਨ ਡਰ ਦੇ ਮਾਰੇ ਕਰਨਪ੍ਰੀਤ ਸਿੰਘ (19) ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਜਟਾਣਾ ਦੇ ਵਸਨੀਕ ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਰਨਪ੍ਰੀਤ ਸਿੰਘ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਹਾਲ ਹੀ ਵਿੱਚ 12ਵੀਂ ਪਾਸ ਕੀਤੀ ਹੈ। ਇਸ ਘਟਨਾ ਤੋਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਕਰਨਪ੍ਰੀਤ ਸਿੰਘ ਦੇ ਸਕੂਲ ਦੀ ਇੱਕ ਅਧਿਆਪਕਾ ਨਾਲ ਪ੍ਰੇਮ ਸਬੰਧ ਸਨ।
ਜਿਸ ਬਾਰੇ ਅਧਿਆਪਕਾ ਦੇ ਪਰਿਵਾਰ ਨੂੰ ਪਤਾ ਲੱਗਿਆ। ਅਧਿਆਪਕਾ ਦਾ ਪਤੀ ਅਤੇ ਦਿਓਰ ਕਈ ਦਿਨਾਂ ਤੋਂ ਉਨ੍ਹਾਂ ਦੇ ਲੜਕੇ ਕਰਨਪ੍ਰੀਤ ਸਿੰਘ ਨੂੰ ਫ਼ੋਨ 'ਤੇ ਧਮਕੀਆਂ ਦੇ ਰਹੇ ਸਨ। ਜਿਸ ਦੀ ਰਿਕਾਰਡਿੰਗ ਪੁਲਿਸ ਨੂੰ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਕਟਾਣੀ ਚੌਕੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਫਿਲਹਾਲ ਦੋਰਾਹਾ ਨਹਿਰ 'ਚ ਕਰਨਪ੍ਰੀਤ ਦੀ ਭਾਲ ਜਾਰੀ ਹੈ।
ਮਾਮਲਾ ਤਿੰਨ ਥਾਣਿਆਂ ਨਾਲ ਸਬੰਧਤ
ਇਹ ਮਾਮਲਾ ਤਿੰਨ ਥਾਣਿਆਂ ਨਾਲ ਸਬੰਧਤ ਹੈ। ਕਰਨਪ੍ਰੀਤ ਦਾ ਪਿੰਡ ਜਟਾਣਾ ਅਤੇ ਸਰਕਾਰੀ ਸਕੂਲ ਥਾਣਾ ਸਦਰ ਖੰਨਾ ਅਧੀਨ ਆਉਂਦਾ ਹੈ। ਅਧਿਆਪਕਾ ਦੋਰਾਹਾ ਥਾਣਾ ਖੇਤਰ ਦੀ ਵਸਨੀਕ ਹੈ ਅਤੇ ਦੋਰਾਹਾ ਇਲਾਕੇ ਵਿੱਚ ਹੀ ਕਰਨਪ੍ਰੀਤ ਦੀ ਭਾਲ ਕੀਤੀ ਜਾ ਰਹੀ ਹੈ। ਜਿਸ ਹੱਦ 'ਤੇ ਛਾਲ ਮਾਰੀ ਉਹ ਲੁਧਿਆਣਾ ਕਮਿਸ਼ਨਰੇਟ ਦੀ ਕਟਾਣੀ ਚੌਕੀ ਦੀ ਹੈ। ਇਸ ਕਾਰਨ ਪੁਲੀਸ ਨੇ ਮੀਡੀਆ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।