ਬਰਗਾੜੀ ਅਤੇ ਬਹਿਬਲ ਕਲਾਂ ਵਰਗਾ ਹੀ ਸੀ 1986 ਦਾ ਨਕੋਦਰ ਬੇਅਦਬੀ ਅਤੇ ਗੋਲੀਕਾਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਗਾੜੀ ਅਤੇ ਬਹਿਬਲ ਕਲਾਂ ਬੇਅਦਬੀ ਅਤੇ ਗੋਲੀਕਾਂਡ ਬਾਰੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਰੀਪੋਰਟਾਂ

Bargari and Bahal Kalan

ਚੰਡੀਗੜ੍ਹ, (ਨੀਲ ਭਲਿੰਦਰ ਸਿੰਘ) : ਬਰਗਾੜੀ ਅਤੇ ਬਹਿਬਲ ਕਲਾਂ ਬੇਅਦਬੀ ਅਤੇ ਗੋਲੀਕਾਂਡ ਬਾਰੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਰੀਪੋਰਟਾਂ ਜਿਥੇ ਲਗਭਗ ਜਨਤਕ ਹੋ ਚੁਕੀਆਂ ਹਨ ਉਥੇ ਹੀ ਸਾਲ 1986 ਚ ਵਾਪਰੇ ਲਗਭਗ ਇਸੇ ਤਰ੍ਹਾਂ ਦੇ ਹੀ ਇਕ ਕਾਂਡ ਬਾਰੇ ਜਸਟਿਸ (ਸੇਵਾਮੁਕਤ) ਗੁਰਨਾਮ ਸਿੰਘ ਕਮਿਸ਼ਨ ਦੀ ਰੀਪੋਰਟ ਵੀ ਜਨਤਕ ਕਰਨ ਦੀ ਮੰਗ ਕੀਤੀ ਗਈ ਹੈ। ਨਕੋਦਰ ਕਾਂਡ ਦੇ ਪਹਿਲੇ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਕੈਲੇਫ਼ੋਰਨੀਆ ਰਹਿੰਦੇ ਬਜ਼ੁਰਗ ਮਾਪਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਇਹ ਰੀਪੋਰਟ ਜਾਰੀ ਕਰ ਕੇ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।

ਸ਼ਹੀਦ ਦੇ ਭਰਾ ਹਰਿੰਦਰ ਸਿੰਘ ਲਿੱਤਰਾਂ ਨੇ 'ਸਪੋਕਸਮੈਨ ਟੀਵੀ' ਨਾਲ ਇਕ ਵਿਸ਼ੇਸ਼ ਇੰਟਰਵਿਊ 'ਚ ਨਕੋਦਰ ਕਾਂਡ ਬਾਰੇ ਕਈ ਅਹਿਮ ਪ੍ਰਗਟਾਵੇ ਕੀਤੇ। ਹਰਿੰਦਰ ਸਿੰਘ ਜੋ ਖ਼ੁਦ ਉਸ ਵੇਲੇ ਲੱਗੇ ਰੋਸ ਧਰਨੇ 'ਚ ਸ਼ਾਮਲ ਰਹੇ ਸਨ, ਨੇ ਦਾਅਵਾ ਕੀਤਾ ਕਿ ਬਹਿਬਲ ਕਲਾਂ ਵਾਂਗ 4 ਫ਼ਰਵਰੀ 1986 ਨੂੰ ਨਕੋਦਰ ਵਿਚ ਵੀ ਸ਼ਾਂਤਮਈ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ਉਤੇ ਜਾਣਬੁਝ ਕੇ ਗੋਲੀ ਚਲਾਈ ਗਈ ਸੀ। ਇਸ ਗੋਲੀਬਾਰੀ 'ਚ ਸੱਭ ਤੋਂ ਪਹਿਲਾਂ 19 ਸਾਲਾ ਭਾਈ  ਰਵਿੰਦਰ ਸਿੰਘ ਲਿੱਤਰਾਂ ਦੇ ਗੋਲੀ ਵੱਜੀ ਤੇ ਬਾਕੀ ਤਿੰਨ ਸਿੰਘਾਂ ਦਾ ਪਿੱਛਾ ਕਰ ਕੇ ਮਿਥ ਕੇ ਗੋਲੀ ਮਾਰੀ ਗਈ,

ਜਿਨ੍ਹਾਂ 'ਚੋਂ ਫੈਡਰੇਸ਼ਨ ਆਗੂ ਭਾਈ ਹਰਮੰਦਰ ਸਿੰਘ ਨੂੰ ਫੜ ਕੇ ਮੂੰਹ ਚ ਰਿਵਾਲਵਰ ਪਾ ਕੇ ਗੋਲੀ ਮਾਰੀ ਗਈ। ਫਿਰ ਵੀ ਬਚ ਜਾਣ ਉਤੇ ਫੱਟੜ ਹਾਲਤ 'ਚ ਹਸਪਤਾਲ 'ਚੋਂ ਇਲਾਜ ਦੌਰਾਨ ਚੁੱਕ ਕੇ ਮਾਰਿਆ ਗਿਆ। ਮਾਮਲਾ ਰਫ਼ਾ-ਦਫ਼ਾ ਕਰਨ ਲਈ ਰਾਤੋ-ਰਾਤ ਪੋਸਟਮਾਰਟਮ ਕਰ ਕੇ  ਮ੍ਰਿਤਕ ਦੇਹਾਂ ਨੂੰ ਤੇਲ ਪਾ ਕੇ ਸਾੜ ਦਿਤਾ ਗਿਆ।

ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਨਿਆਂਇਕ ਜਾਂਚ ਹਿਤ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ ਅਤੇ ਕਮਿਸ਼ਨ ਵਲੋਂ 28 ਮਾਰਚ 1987 ਨੂੰ ਰੀਪੋਰਟ ਵੀ ਸੌਂਪ ਦਿਤੀ ਗਈ ਸੀ। ਪਰ ਪੰਜਾਬ ਸਰਕਾਰ ਨੇ ਅੱਜ ਤਕ ਨਾ ਤਾਂ ਉਹ ਰੀਪੋਰਟ ਹੀ ਜਨਤਕ ਕੀਤੀ ਅਤੇ ਨਾ ਹੀ ਕਿਸੇ ਨੂੰ ਕੋਈ ਇਨਸਾਫ਼ ਮਿਲਿਆ।