ਬਰਗਾੜੀ ਦੀ ਕਹਾਣੀ ਗਵਾਹ ਨੰਬਰ 245 ਦੀ ਜ਼ੁਬਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਕਿਵੇਂ ਪੁੱਜਾ?

Bargari Story from Witness no. 245

ਤਰਨਤਾਰਨ, 18 ਅਗੱਸਤ (ਚਰਨਜੀਤ ਸਿੰਘ): ਬਰਗਾੜੀ ਕਾਂਡ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੋਂ ਬਾਅਦ ਜਿਥੇ ਅਕਾਲੀ ਦਲ ਬਾਦਲ ਦੀ ਭੂਮਿਕਾ 'ਤੇ ਸਵਾਲ ਉਠ ਰਹੇ ਹਨ ਉਥੇ ਤਖ਼ਤਾਂ ਦੇ ਜਥੇਦਾਰਾਂ ਵਲੋਂ ਹੁਣ ਤਕ ਨਿਭਾਏ ਗਏ ਰੋਲ 'ਤੇ ਵੀ ਲੋਕ ਸਵਾਲ ਖੜੇ ਕਰ ਰਹੇ ਹਨ। 
ਪੰਥਕ ਹਲਕਿਆਂ ਵਿਚ ਮੰਨਿਆ ਜਾ ਰਿਹਾ ਹੈ ਕਿ ਸਿਆਸਤਦਾਨਾਂ ਤੇ 'ਜਥੇਦਾਰਾਂ' ਦੇ ਆਪਸੀ ਗਠਜੋੜ ਦਾ ਸਿੱਟਾ  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੰਘਾਂ ਦੀ ਸ਼ਹਾਦਤ ਹੈ।

'ਜਥੇਦਾਰ' ਅਪਣੀਆਂ ਨੌਕਰੀਆਂ ਬਚਾਉਣ ਲਈ ਜਾਂ ਨੌਕਰੀਆਂ ਵਿਚ ਤਰੱਕੀਆਂ ਹਾਸਲ ਕਰਨ ਲਈ ਕਿਸ ਹੱਦ ਤਕ ਚਲੇ ਜਾਂਦੇ ਹਨ, ਇਹ ਸਾਰਾ ਕੁੱਝ ਬੇਅਦਬੀ ਮਾਮਲੇ ਵਿਚ ਸਪਸ਼ਟ ਹੋ ਜਾਂਦਾ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਸੀ ਡਬਲਯੂ ਭਾਵ ਕਮਿਸ਼ਨ ਵਿਟਨੈਸ (ਗਵਾਹ) ਨੰਬਰ 245 ਹਿੰਮਤ ਸਿੰਘ ਨੇ ਜੋ ਬਿਆਨ ਦਿਤੇ ਹਨ, ਉਸ ਨੇ ਸੱਭ ਕੁੱਝ ਸਪਸ਼ਟ ਕਰ ਦਿਤਾ। ਹਿੰਮਤ ਸਿੰਘ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰੰਘ ਦੇ ਭਰਾ ਅਤੇ ਨਿਜੀ ਸਹਾਇਕ ਹਨ। 

20 ਸਤੰਬਰ 2015 ਨੂੰ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਬਠਿੰਡਾ ਤੋਂ ਪੰਜਾਬ ਸਰਕਾਰ ਦੇ ਨਿਜੀ ਹੈਲੀਕਾਪਟਰ ਵਿਚ ਸਵਾਰ ਹੋ ਕੇ ਮੁੰਬਈ ਵਿਚ ਅਦਾਕਾਰ ਅਕਸ਼ੈ ਕੁਮਾਰ ਦੀ ਕੋਠੀ ਜਾਂਦੇ ਹਨ। ਇਸ ਮਿਲਣੀ ਵਿਚ ਉਨ੍ਹਾਂ ਨਾਲ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਹੁੰਦੇ ਹਨ। ਇਸ ਮੀਟਿੰਗ ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੀ ਮੌਜੂਦ ਸਨ। ਇਨ੍ਹਾਂ ਸਾਰਿਆਂ ਤੋਂ ਇਲਾਵਾ ਇਕ ਅਕਾਲੀ ਆਗੂ ਹਰਬੰਸ ਸਿੰਘ ਨਾਮਕ ਵਿਅਕਤੀ ਵੀ ਮੀਟਿੰਗ ਵਿਚ ਹੁੰਦਾ ਹੈ। ਇਹ ਮੀਟਿੰਗ ਡੇਰਾ ਮੁਖੀ ਦੀ ਫ਼ਿਲਮ ਮੈਸਜੰਰ ਆਫ਼ ਗਾਡ ਨੂੰ ਲੈ ਕੇ ਹੁੰਦੀ ਹੈ।

ਕੁੱਝ ਸੂਤਰ ਇਹ ਦਾਅਵਾ ਕਰਦੇ ਹਨ ਕਿ ਫ਼ਿਲਮ ਬਾਰੇ ਪ੍ਰਚਾਰਿਆ ਜਾਂਦਾ ਹੈ ਕਿ ਇਹ ਫ਼ਿਲਮ ਪੰਜਾਬ ਵਿਚ 300 ਕਰੋੜ ਰੁਪਏ ਦਾ ਵਪਾਰ ਕਰੇਗੀ ਜਿਸ ਵਿਚੋਂ ਕਰੀਬ 100 ਕਰੋੜ ਰੁਪਏ ਅਕਾਲੀ ਦਲ ਨੂੰ ਚੋਣ ਫ਼ੰਡ ਲਈ ਦਿਤੇ ਜਾਣਗੇ। ਕਿਉਂਕਿ ਸੌਦਾ ਸਾਧ ਨੂੰ 'ਜਥੇਦਾਰਾਂ' ਨੇ ਪੰਥ ਵਿਚੋਂ ਛੇਕਿਆ ਹੋਇਆ ਹੈ, ਇਸ ਲਈ ਸਾਰਾ ਕੇਸ ਹੱਲ ਕਰਨ ਦੀ ਜ਼ਿੰਮੇਵਾਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ 'ਤੇ ਪਾਈ ਜਾਂਦੀ ਹੈ। ਗਿਆਨੀ ਗੁਰਮੁਖ ਸਿੰਘ ਦੀ ਇਥੇ ਹੀ ਸਰਗਰਮ ਭੂਮਿਕਾ ਸ਼ੁਰੂ ਹੋ ਜਾਂਦੀ ਹੈ। ਗਿਆਨੀ ਗੁਰਮੁਖ ਸਿੰਘ 21 ਸਤੰਬਰ 2015 ਦੀ ਰਾਤ ਨੂੰ ਅੰਮ੍ਰਿਤਸਰ ਵਾਪਸ ਪਰਤ ਆਉਂਦੇ ਹਨ।

22 ਸਤੰਬਰ ਦੀ ਰਾਤ ਗਿਆਨੀ ਗੁਰਮੁਖ ਸਿੰਘ ਅਪਣੇ ਘਰ ਵਿਚ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਨੂੰ ਰਾਤ ਦੇ ਖਾਣੇ 'ਤੇ ਸੱਦਾ ਦਿੰਦੇ ਹਨ ਜਿਸ ਵਿਚ ਉਹ ਸੌਦਾ ਸਾਧ ਦੀ ਮਾਫ਼ੀ ਬਾਰੇ ਗੱਲ ਤੋਰਦੇ ਹਨ। 23 ਸੰਤਬਰ ਨੂੰ ਗਿਆਨੀ ਗੁਰਮੁਖ ਸਿੰਘ ਸਾਥੀ 'ਜਥੇਦਾਰਾਂ' ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਮੱਲ ਸਿੰਘ ਨੂੰ ਲੈ ਕੇ ਚੰਡੀਗੜ੍ਹ ਜਾਂਦੇ ਹਨ। ਇਥੇ ਇਕ ਸਿਆਣਪ ਕਰਦਿਆਂ ਗਿਆਨੀ ਗੁਰਮੁਖ ਸਿੰਘ ਅਪਣੀ ਕਾਰ ਦੀ ਵਰਤੋਂ ਨਹੀਂ ਕਰਦੇ ਬਲਕਿ ਇਹ ਕਾਰ ਗਿਆਨੀ ਗੁਰਬਚਨ ਸਿੰਘ ਦੀ ਹੁੰਦੀ ਹੈ।

9513 ਨੰਬਰ ਦੀ ਇਸ ਗੱਡੀ ਦੀ ਕਿਧਰੇ ਵੀ ਚੈਕਿੰਗ ਨਹੀਂ ਹੁੰਦੀ ਅਤੇ ਨਾ ਹੀ ਮੁੱਖ ਮੰਤਰੀ ਦੇ ਗ੍ਰਹਿ ਵਿਚ ਇਸ ਕਾਰ ਦੀ ਐਂਟਰੀ ਦਰਜ ਕੀਤੀ ਜਾਂਦੀ ਹੈ। ਮੁੱਖ ਮੰਤਰੀ ਦੇ ਗ੍ਰਹਿ ਵਿਚ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਡਾਕਟਰ ਦਲਜੀਤ ਸਿੰਘ ਚੀਮਾ ਵੀ ਮੌਜੂਦ ਹੁੰਦੇ ਹਨ। ਇਕ ਪੱਤਰ ਜੋ ਕਿ ਗਿਆਨੀ ਗੁਰਮੁਖ ਸਿੰਘ ਅਨੁਸਾਰ ਹਿੰਦੀ ਵਿਚ ਸੀ, ਪੜ੍ਹ ਕੇ ਸੁਣਾਇਆ ਜਾਂਦਾ ਹੈ ਤੇ ਉਪ ਮੁੱਖ ਮੰਤਰੀ 'ਜਥੇਦਾਰਾਂ' ਨੂੰ ਨਿਰਦੇਸ਼ ਦਿੰਦੇ ਹਨ ਕਿ ਇਸ ਬਾਰੇ ਹੁਣੇ ਹੀ ਕਾਰਵਾਈ ਕਰੋ। 'ਜਥੇਦਾਰ' ਹਿਚਕਿਚਾਂਦੇ ਹਨ।

ਗਿਆਨੀ ਗੁਰਬਚਨ ਸਿੰਘ ਕਹਿੰਦੇ ਹਨ ਕਿ ਇਕ ਪੂਰਾ ਵਿਧੀ ਵਿਧਾਨ ਹੈ ਜਿਸ ਨੂੰ ਪੂਰਾ ਕਰਨਾ ਪੈਣਾ ਹੈ ਜਿਸ ਤੋਂ ਬਾਅਦ ਇਕ ਦਿਨ ਦੀ ਮੋਹਲਤ ਦੇ ਕੇ 'ਜਥੇਦਾਰਾਂ' ਨੂੰ ਤੌਰ ਦਿਤਾ ਜਾਂਦਾ ਹੈ। 24 ਸਤੰਬਰ 2015 ਨੂੰ 'ਜਥੇਦਾਰ' ਹੁਕਮਨਾਮਾ ਜਾਰੀ ਕਰ ਕੇ ਸੌਦਾ ਸਾਧ ਨੂੰ ਮਾਫ਼ੀ ਦਾ ਐਲਾਨ ਕਰ ਦਿੰਦੇ ਹਨ। ਇਸ ਦਾ ਵਿਰੋਧ ਹੁੰਦਾ ਹੈ ਤਾਂ 15 ਅਕਤੂਬਰ ਨੂੰ ਇਹ ਫ਼ੈਸਲਾ ਵਾਪਸ ਲੈ ਲਿਆ ਜਾਂਦਾ ਹੈ। ਇਸੇ ਦੌਰਾਨ ਗਿਆਨੀ ਗੁਰਮੁਖ ਸਿੰਘ ਦੀ ਬਾਕੀ 'ਜਥੇਦਾਰਾਂ' ਨਾਲ ਟੁੱਟ ਜਾਂਦੀ ਹੈ ਜਿਸ ਦਾ ਕਾਰਨ ਡੇਰਾ ਪਿਪਲੀ ਵਾਲੇ ਦੇ ਮੁਖੀ ਸਤਨਾਮ ਸਿੰਘ ਨੂੰ ਵੀ ਇਕ ਗ਼ਲਤੀ ਬਦਲੇ ਬਿਨਾਂ ਪੇਸ਼ੀ ਦੇ ਮਾਫ਼ੀ ਦੇ ਦਿਤੀ ਜਾਂਦੀ ਹੈ।

ਨਿਰਾਸ਼ ਗਿਆਨੀ ਗੁਰਮੁਖ ਸਿੰਘ 'ਜਥੇਦਾਰਾਂ' ਤੇ 'ਜਥੇਦਾਰਾਂ' ਦੀਆਂ ਮੀਟਿੰਗਾਂ 'ਤੇ ਹੀ ਕਿੰਤੂ ਕਰ ਦਿੰਦੇ ਹਨ। 17 ਅਪ੍ਰੈਲ 2016 ਨੂੰ 'ਜਥੇਦਾਰਾਂ' ਦੀ ਮੀਟਿੰਗ ਦਾ ਗਿਆਨੀ ਗੁਰਮੁਖ ਸਿੰਘ ਇਹ ਕਹਿ ਕੇ ਬਾਈਕਾਟ ਕਰ ਦਿੰਦੇ ਹਨ ਕਿ ਉਹ ਕਿਸੇ ਵੀ ਬੰਦ ਕਮਰਾ ਮੀਟਿੰਗ ਦਾ ਹਿੱਸਾ ਨਹੀਂ ਬਣਨਗੇ। ਇਸ ਤੋਂ ਬਾਅਦ ਉਹ ਕੁੱਝ ਚੋਣਵੇਂ ਪੱਤਰਕਾਰਾਂ ਨੂੰ (ਜਿਸ ਵਿਚ ਇਹ ਪੱਤਰਕਾਰ ਵੀ ਸ਼ਾਮਲ ਸੀ) ਅਪਣੇ ਘਰ ਲੈ ਗਏ ਤੇ ਉਨ੍ਹਾਂ ਸੌਦਾ ਸਾਧ ਦੀ ਮਾਫ਼ੀ ਦਾ ਪਰਦਾ ਫ਼ਾਸ਼ ਕਰ ਦਿਤਾ। ਇਸ ਤੋਂ ਬਾਅਦ  20 ਅਪ੍ਰੈਲ ਦੀ ਮੀਟਿੰਗ ਵਿਚ ਗਿਆਨੀ ਗੁਰਮੁਖ ਸਿੰਘ ਨੂੰ ਅਹੁਦੇ ਤੋਂ ਸੇਵਾਮੁਕਤ ਕਰਦਿਆਂ ਜੀਂਦ ਵਿਖੇ ਬਦਲ ਦਿਤਾ ਜਾਂਦਾ ਹੈ।

ਗਿਆਨੀ ਗੁਰਮੁਖ ਸਿੰਘ ਇਸ ਤੋਂ ਬਾਅਦ ਆਪ ਪਿਛੇ ਹੱਟ ਜਾਂਦੇ ਹਨ ਤੇ ਉਨ੍ਹਾਂ ਦਾ ਭਰਾ ਹਿੰਮਤ ਸਿੰਘ ਸਾਹਮਣੇ ਆ ਜਾਂਦਾ ਹੈ। ਹਿੰਮਤ ਸਿੰਘ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪੇਸ਼ ਹੋ ਕੇ ਸਾਰਾ ਸੱਚ ਬਿਆਨ ਕਰਦਾ ਹੈ ਜੋ ਰੀਪੋਰਟ ਵਿਚ ਗਵਾਹ ਨੰਬਰ 245 ਵਜੋਂ ਸ਼ਾਮਲ ਹੈ। ਜਦ ਬੀਤੇ ਦਿਨੀਂ ਇਸ ਰੀਪੋਰਟ ਦੇ ਕੁੱਝ ਅੰਸ਼ ਜਨਤਕ ਹੋਏ ਤਾਂ ਇਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਉਣ 'ਤੇ ਅਚਾਨਕ ਗਿਆਨੀ ਗੁਰਮੁਖ ਸਿੰਘ ਨੂੰ ਮੁੜ ਅਕਾਲ ਤਖ਼ਤ ਸਾਹਿਬ 'ਤੇ ਹੈੱਡ ਗ੍ਰੰਥੀ ਲਗਾ ਦਿਤਾ ਗਿਆ ਤਾਕਿ ਉਹ ਮੁੜ ਲੋੜ ਪੈਣ 'ਤੇ ਕਿਸੇ ਵੀ ਜਾਂਚ ਕਰਦੀ ਏਜੰਸੀ ਕੋਲ ਪੇਸ਼ ਨਾ ਹੋ ਸਕਣ।