ਬਾਦਲ ਨੂੰ ਫ਼ਖ਼ਰ-ਏ-ਕੌਮ ਦਾ ਐਵਾਰਡ ਦੇਣਾ 'ਜਥੇਦਾਰਾਂ' ਨੂੰ ਪਵੇਗਾ ਮਹਿੰਗਾ : ਮੰਡ/ਦਾਦੂਵਾਲ/ਅਜਨਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਨਸਾਫ਼ ਮੋਰਚਾ ਭਾਵੇਂ ਸਜ਼ਾਵਾਂ ਪੂਰੀਆਂ ਕਰ ਚੁਕੇ ਸਿੰਘਾਂ ਦੀ ਰਿਹਾਈ, ਪਾਵਨ ਸਰੂਪ ਦੀ ਬੇਹੁਰਮਤੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ

Fakhar E kaum Award for Badal

ਕੋਟਕਪੂਰਾ, (ਗੁਰਿੰਦਰ ਸਿੰਘ) : ਇਨਸਾਫ਼ ਮੋਰਚਾ ਭਾਵੇਂ ਸਜ਼ਾਵਾਂ ਪੂਰੀਆਂ ਕਰ ਚੁਕੇ ਸਿੰਘਾਂ ਦੀ ਰਿਹਾਈ, ਪਾਵਨ ਸਰੂਪ ਦੀ ਬੇਹੁਰਮਤੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸ਼ੁਰੂ ਕੀਤਾ ਗਿਆ ਹੈ ਪਰ ਅਗਾਮੀ ਸਮੇਂ 'ਚ ਖ਼ਾਲਸਾ ਪੰਥ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ 'ਚ ਆਏ ਨਿਘਾਰ ਨੂੰ ਨੱਥ ਪਾਉਣ ਲਈ ਵੀ ਯਤਨ ਤੇਜ਼ ਕੀਤੇ ਜਾਣਗੇ। ਇਨਸਾਫ਼ ਮੋਰਚੇ ਦੇ 79ਵੇਂ ਦਿਨ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ ਨੇ ਦਾਅਵਾ ਕੀਤਾ ਕਿ ਉਕਤ ਮੋਰਚਾ ਸ਼ਾਂਤੀਪੂਰਵਕ ਰਹਿ ਕੇ ਅਪਣੀਆਂ ਸਾਰੀਆਂ ਮੰਗਾਂ ਮਨਵਾ ਕੇ ਹੀ ਹਟੇਗਾ।

ਉਨ੍ਹਾਂ ਦਾਅਵਾ ਕੀਤਾ ਕਿ ਗੁਰਦਵਾਰਾ ਪ੍ਰਬੰਧ 'ਚ ਬਾਦਲਕਿਆਂ ਦੀ ਬਦੌਲਤ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਲਈ ਆਰਐਸਐਸ ਦੀ ਕਰਵਾਈ ਗਈ ਘੁਸਪੈਠ ਨੂੰ ਜੜ੍ਹ ਤੋਂ ਉਖਾੜ ਕੇ ਬਾਹਰ ਸੁੱਟਿਆ ਜਾਵੇਗਾ ਤੇ ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਪ੍ਰਬੰਧਾਂ 'ਚ ਸੁਧਾਰ ਲਿਆਉਣ ਦੀ ਪਹਿਲਕਦਮੀ ਹੋਵੇਗੀ। ਇਨਸਾਫ਼ ਮੋਰਚੇ ਦੇ ਆਗੂਆਂ ਨੇ ਪੰਜ ਤਖ਼ਤ ਸਾਹਿਬਾਨ 'ਤੇ ਕਾਬਜ਼ 'ਜਥੇਦਾਰਾਂ' 'ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਕੌਮ ਵਲੋਂ ਦੁਰਕਾਰੇ ਹੋਏ 'ਜਥੇਦਾਰਾਂ' ਨੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥ ਦੇ ਵਿਰੋਧੀ ਪ੍ਰਕਾਸ਼ ਸਿੰਘ ਬਾਦਲ ਨੂੰ ਫ਼ਖ਼ਰ ਏ ਕੌਮ ਦਾ ਐਵਾਰਡ ਦੇ ਕੇ ਅਕਾਲ ਤਖ਼ਤ ਸਾਹਿਬ ਦੀ ਪਵਿੱਤਰ ਪ੍ਰੰਪਰਾ

ਅਤੇ ਮਹਾਨਤਾ ਨੂੰ ਢਾਹ ਲਾਈ ਹੈ। ਸਮਾਂ ਆਉਣ 'ਤੇ ਸਿੱਖ ਸੰਗਤ ਉਨ੍ਹਾਂ ਤੋਂ ਅਜਿਹੀਆਂ ਹੋਰ ਕੀਤੀਆਂ ਮਨਮਰਜ਼ੀਆਂ ਦਾ ਸਾਰਾ ਹਿਸਾਬ ਲਵੇਗੀ। ਉਕਤ ਬੁਲਾਰਿਆਂ ਨੇ ਆਖਿਆ ਕਿ ਪੰਥਕ ਮੰਗਾਂ ਮਨਵਾਉਣ ਲਈ ਮੋਰਚਾ ਲਾ ਕੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਵਿੱਢ ਕੇ ਭਾਈ ਧਿਆਨ ਸਿੰਘ ਮੰਡ ਨੇ ਦਰਸਾ ਦਿਤਾ ਹੈ ਕਿ ਉਹ ਇਨਸਾਫ਼ ਲੈਣ ਲਈ ਹਰ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਣਗੇ। ਸਟੇਜ ਦੀ ਕਾਰਵਾਈ ਭਾਈ ਜਸਵਿੰਦਰ ਸਿੰਘ ਸਾਹੋਕੇ, ਜਗਦੀਪ ਸਿੰਘ ਭੁੱਲਰ ਅਤੇ ਰਣਜੀਤ ਸਿੰਘ ਵਾਂਦਰ ਨੇ ਸਾਂਝੇ ਤੌਰ 'ਤੇ ਨਿਭਾਈ।