ਪੰਜਾਬ ਸਕੂਲ ਸਿਖਿਆ ਬੋਰਡ ਨੂੰ ਹੇਜ ਪੰਜਾਬੀ ਦਾ, ਪਹਿਲ ਅੰਗਰੇਜ਼ੀ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਕੂਲ ਸਿਖਿਆ ਵਿਭਾਗ ਚਾਹੇ ਹੋਕਾ ਪੰਜਾਬੀ ਦੇ ਹੱਕ ਵਿਚ ਦੇ ਰਿਹਾ ਹੈ ਪਰ ਅਸਲੀਅਤ ਇਸ ਦੇ ਉਲਟ ਹੈ

Punjab School Eduation Board Prefers Punjabi language

ਐਸ.ਏ.ਐਸ. ਨਗਰ, (ਸੁਰਜੀਤ ਸਿੰਘ ਤਲਵੰਡੀ) : ਸਕੂਲ ਸਿਖਿਆ ਵਿਭਾਗ ਚਾਹੇ ਹੋਕਾ ਪੰਜਾਬੀ ਦੇ ਹੱਕ ਵਿਚ ਦੇ ਰਿਹਾ ਹੈ ਪਰ ਅਸਲੀਅਤ ਇਸ ਦੇ ਉਲਟ ਹੈ। ਸਕੂਲ ਬੋਰਡ ਦੀ ਵੈਬਸਾਈਟ ਦੇਖ ਕੇ ਇਹ ਗੱਲ ਸਾਹਮਣੇ ਆ ਗਈ ਹੈ ਕਿ ਅਫ਼ਸਰਾਂ ਨੂੰ ਹੇਜ ਪੰਜਾਬੀ ਦਾ ਹੈ ਪਰ ਪਹਿਲ ਅੰਗਰੇਜ਼ੀ ਨੂੰ ਦੇ ਰਹੇ ਹਨ।
ਪੰਜਾਬ ਵਿਚ ਸਿਖਿਆ ਦਾ ਗਿਆਨ ਵੰਡਣ ਵਾਲੇ ਪੰਜਾਬ ਸਰਕਾਰ ਦੇ ਵਿਭਾਗ ਪੰਜਾਬ ਸਕੂਲ ਸਿਖਿਆ ਬੋਰਡ ਦੀ ਵੈਬਸਾਈਟ ਅੰਗਰੇਜ਼ੀ ਵਿਚ ਹੋਣ ਕਾਰਨ ਵਿਦਿਆਰਥੀਆਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਵਿਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਹੋਣ ਦੇ ਬਾਵਜੂਦ ਸਿਖਿਆ ਬੋਰਡ ਉਪਰ ਅੰਗਰੇਜ਼ੀ ਦੀ ਖ਼ੁਮਾਰੀ ਚੜ੍ਹੀ ਹੋਈ ਹੈ ਅਤੇ ਮਾਂ ਬੋਲੀ ਪੰਜਾਬੀ ਨੂੰ ਵਿਭਾਗ ਨੇ ਖੁੰਜੇ ਲਾਇਆ ਹੋਇਆ ਹੈ। ਬੋਰਡ ਦੀ ਵੈਬਸਾਈਟ ਦੀ ਗੱਲ ਕਰੀਏ ਤਾਂ ਤਾਂ ਪਹਿਲਾਂ ਵੈਬਸਾਈਟ ਦਾ ਅੰਗਰੇਜ਼ੀ ਹਿੱਸਾ ਖੁੱਲ੍ਹਦਾ ਹੈ ਤੇ ਪੰਜਾਬੀ ਵਿੱਚ ਵੈਬਸਾਈਟ ਨੂੰ ਪੜ੍ਹਨ ਲਈ ਸਕਰੀਨ 'ਤੇ ਬਹੁਤ ਛੋਟੇ ਅੱਖਰਾਂ ਵਿਚ ਅੰਗਰੇਜ਼ੀ ਜਾਂ ਪੰਜਾਬੀ ਪੜ੍ਹਨ ਲਈ ਲਿਖਿਆ ਹੋਇਆ। ਜਿਸ ਕਾਰਨ ਬਹੁਤੇ ਵਿਦਿਆਰਥੀ ਵਿਭਾਗ ਦੀ ਵੈਬਸਾਈਟ ਤੋਂ ਅਪਣੇ ਮਤਲਬ ਦੀ ਵੱਢਮੁਲੀ ਜਾਣਕਾਰੀ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਿਸੇ ਹੋਰ 'ਤੇ ਨਿਰਭਰ ਹੋਣ ਲਈ ਮਜ਼ਬੂਰ ਹੋਣਾ ਪੈਂਦਾ ਹੈ

ਜਿਥੇ ਕਿ ਵਿਦਿਆਰਥੀਆਂ ਨੂੰ ਚੋਖੀ ਲੁੱਟ ਹੁੰਦੀ ਹੈ। ਪੰਜਾਬ ਸਕੂਲ ਸਿਖਿਆ ਬੋਰਡ ਨੇ ਪੰਜਾਬੀ ਨੂੰ ਇਸ ਕਦਰ ਨਜ਼ਰਅੰਦਾਜ਼ ਕੀਤਾ ਹੋਇਆ ਕਿ ਵੈਬਸਾਈਟ ਉਪਰ ਦਿਤੀ ਗਈ ਸਿਖਿਆ ਬੋਰਡ ਦੇ ਇਤਿਹਾਸ ਬਾਰੇ ਜਾਣਕਾਰੀ ਜੋ ਕਿ ਬਹੁਤ ਵੱਡਮੁਲੀ ਹੁੰਦੀ ਹੈ ਵੀ ਅੰਗਰੇਜ਼ੀ ਵਿਚ ਦਿਤੀ ਹੋਈ ਹੈ ਅਤੇ ਜੇਕਰ ਵੈਬਸਾਈਟ ਦਾ ਪੰਜਾਬੀ ਵਾਲਾ ਭਾਗ ਖੋਲ੍ਹ ਕੇ ਦੇਖਿਆ ਜਾਵੇ ਤਾਂ ਉਥੇ ਵੀ ਸਿਖਿਆ ਬੋਰਡ ਦੇ ਇਤਿਹਾਸ ਬਾਰੇ ਜਾਣਕਾਰੀ ਅੰਗਰੇਜ਼ੀ ਵਿਚ ਦਿਤੀ ਹੋਈ ਹੈ।

ਪੰਜਾਬ ਸਕੂਲ ਸਿਖਿਆ ਬੋਰਡ ਦੀ ਵੈਬਸਾਈਟ 'ਤੇ ਪਾਇਆ ਗਿਆ ਪੰਜਾਬ ਸਕੂਲ ਸਿਖਿਆ ਬੋਰਡ ਨਾਲ ਸਬੰਧਤ ਅਹਿਮ ਐਕਟ 1969 ਅਤੇ ਉਸ ਦੀਆਂ ਸਮੇਂ ਸਮੇਂ ਉਪਰ ਹੋਈਆਂ ਸੋਧਾਂ ਦਾ ਵੇਰਵਾ ਪੂਰੇ ਦਾ ਪੂਰੇ ਅੰਗਰੇਜ਼ੀ ਵਿਚ ਦਿਤਾ ਹੋਇਆ ਹੈ। ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਵੈਬਸਾਈਟ ਨੂੰ ਪੰਜਾਬੀ ਵਿਚ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਪੰਜਾਬ ਸਕੂਨ ਸਿਖਿਆ ਬੋਰਡ ਵੈਬਸਾਈਟ ਦੇ ਪੰਜਾਬੀ ਵਾਲੇ ਹਿੱਸੇ ਵਿਚ ਬਹੁਤੀ ਜਾਣਕਾਰੀ ਪੰਜਾਬੀ ਵਿਚ ਹੋਣ ਵਾਲੇ ਬਜਾਏ ਅੰਗਰੇਜ਼ੀ ਵਿਚ ਦਿਤੀ ਹੋਈ ਹੈ।

ਵੈਬਸਾਈਟ ਵਿਚ ਕਈ ਅਹਿਮ ਜਾਣਕਾਰੀਆਂ ਜੋ ਕਿ ਵਿਦਿਆਰਥੀਆਂ ਲਈ ਸਮੇਂ ਸਮੇਂ ਸਿਰ ਸਹਾਈ ਹੁੰਦੀਆਂ ਹਨ ਪੂਰਨ ਤੌਰ ਤੇ ਅੰਗਰੇਜ਼ੀ ਵਿਚ ਦਿਤੀਆਂ ਹੋਈਆਂ ਹਨ। ਇਕ ਪਾਸੇ ਤਾਂ ਸਰਕਾਰ ਪੰਜਾਬੀ ਨੂੰ ਉਤਸ਼ਾਹਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਅਹਿਮ ਅਦਾਰੇ ਨੇ ਹੀ ਪੰਜਾਬੀ ਨੂੰ ਦੂਜੇ ਦਰਜੇ ਉਪਰ ਰਖਿਆ ਹੋਇਆ ਹੈ।

ਵੈਬਸਾਈਟ ਵੇਖਣ ਤੋਂ ਪਤਾ ਲਗਿਆ ਕਿ ਵੈਬਸਾਈਟ ਦੇ ਮੁਢਲੇ ਹਿੱਸੇ ਵਿਚ ਅੰਗਰੇਜ਼ੀ ਨੂੰ ਪਟਰਾਣੀ ਬਣਾਇਆ ਹੋਇਆ ਹੈ ਜਦਕਿ ਪੰਜਾਬੀ ਵਾਲੇ ਹਿੱਸੇ ਵਿਚ ਬਹੁਤੀ ਜਾਣਕਾਰੀ ਅੰਗਰੇਜ਼ੀ ਵਿਚ ਦਿਤੀ ਹੋਈ ਹੈ। ਜਦਕਿ ਸਿਖਿਆ ਵਿਭਾਗ ਦਾਅਵੇ ਕਰਦਾ ਹਾਂ ਕਿ ਉਨ੍ਹਾਂ ਦੀ ਵੈਬਸਾਈਟ ਅੰਗਰੇਜ਼ੀ ਦੇ ਨਾਲ ਪੰਜਾਬੀ ਵਿਚ ਬਣੀ ਹੋਈ ਹੈ।