ਪੰਜਾਬ ਦੇ ਐਮ.ਪੀਜ਼ ਅਤੇ ਵਿਧਾਇਕਾਂ ਵਲੋਂ ਕੇਰਲਾ ਦੇ ਹੜ੍ਹ ਪੀੜਤਾਂ ਲਈ ਇਕ ਮਹੀਨੇ ਦੀ ਤਨਖ਼ਾਹ ਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਦੇ ਸਮੂਹ ਸੰਸਦ ਮੈਂਬਰ ਅਤੇ ਵਿਧਾਇਕ ਕੇਰਲਾ ਹੜ੍ਹ ਰਾਹਤ

Punjab's MP and MLAs pay one-month salary for Kerala flood victims

ਚੰਡੀਗੜ੍ਹ, (ਸ.ਸ.ਸ.): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਦੇ ਸਮੂਹ ਸੰਸਦ ਮੈਂਬਰ ਅਤੇ ਵਿਧਾਇਕ ਕੇਰਲਾ ਹੜ੍ਹ ਰਾਹਤ ਕਾਰਜਾਂ ਵਿਚ ਸਹਿਯੋਗ ਵਜੋਂ ਇਕ ਮਹੀਨੇ ਦੀ ਤਨਖ਼ਾਹ ਦਾ ਯੋਗਦਾਨ ਪਾਉਣਗੇ। ਇਹ ਫ਼ੈਸਲਾ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਨਿਰਦੇਸ਼ 'ਤੇ ਲਿਆ ਗਿਆ ਜਿਨ੍ਹਾਂ ਨੇ ਮੁਲਕ ਭਰ ਦੇ ਕਾਂਗਰਸੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਕੇਰਲਾ ਦੇ ਹੜ੍ਹ ਪ੍ਰਭਾਵਤ ਲੋਕਾਂ ਦੀ ਮਦਦ ਲਈ ਇਕ-ਇਕ ਮਹੀਨੇ ਦੀ ਤਨਖ਼ਾਹ ਦੇਣ ਲਈ ਆਖਿਆ ਹੈ। 

ਪਾਰਟੀ ਦੇ ਬੁਲਾਰੇ ਮੁਤਾਬਕ ਮੁੱਖ ਮੰਤਰੀ ਨੇ ਅਪਣੀ ਇਕ ਮਹੀਨੇ ਦੀ ਤਨਖ਼ਾਹ ਤੁਰਤ ਦੇਣ ਦੇ ਫ਼ੈਸਲੇ ਦਾ ਐਲਾਨ ਕੀਤਾ ਤਾਂ ਜੋ ਦੱਖਣੀ ਭਾਰਤ ਦੇ ਹੜ੍ਹ ਪ੍ਰਭਾਵਤ ਸੂਬੇ ਲਈ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਇਆ ਜਾ ਸਕੇ।  ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਉਨ੍ਹਾਂ ਨੇ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਤੇ ਵਿਧਇਕਾਂ ਨੂੰ ਪਹਿਲ ਦੇ ਆਧਾਰ 'ਤੇ ਵਿੱਤੀ ਮਦਦ ਮੁਹੱਈਆ ਕਰਵਾਉਣ ਲਈ ਆਖਿਆ ਹੈ। ਪਾਰਟੀ ਵਰਕਰਾਂ ਨੂੰ ਅਗਲੇ ਦੋ ਤੋਂ ਤਿੰਨ ਦਿਨਾਂ ਦੇ ਵਿਚ-ਵਿਚ ਬਿਨਾਂ ਕਿਸੇ ਦੇਰੀ ਦੇ ਕੇਰਲਾ ਅਥਾਰਟੀ ਕੋਲ ਪੈਸਾ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਮੁੱਖ ਮੰਤਰੀ ਵਲੋਂ ਬੀਤੇ ਦਿਨ ਵੀ ਹੜ੍ਹ ਪ੍ਰਭਾਵਤ ਸੂਬੇ ਨੂੰ 10 ਕਰੋੜ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ ਉਨ੍ਹਾਂ ਨੇ ਇਕ ਮਹੀਨੇ ਦੀ ਤਨਖ਼ਾਹ ਦੇਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਵਲੋਂ 10 ਕਰੋੜ ਰੁਪਏ ਦੀ ਮਦਦ ਤਹਿਤ ਪੰਜ ਕਰੋੜ ਰੁਪਏ ਕੇਰਲਾ ਦੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਭੇਜ ਦਿਤੇ ਗਏ ਹਨ ਜਦਕਿ ਬਾਕੀ ਰਾਸ਼ੀ ਨਾਲ ਖਾਣ ਲਈ ਤਿਆਰ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕੀਤੀ ਜਾ ਰਹੀ ਹੈ।