267 ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ
ਵਿਸ਼ਵ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਪੜਤਾਲੀਆ ਰੀਪੋਰਟ ਅਤੇ ਜਥੇਦਾਰ ਦੇ ਫ਼ੈਸਲੇ 'ਤੇ ਟਿਕੀਆਂ
ਅੰਮ੍ਰਿਤਸਰ, 18 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਿਤ-ਜੋਤ ਗੁਰੂ ਹਨ ਪਰ 267 ਪਾਵਨ ਸਰੂਪ ਗੁੰਮ ਹੋਣ ਅਤੇ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੇ ਸਿਆਸਤ ਹੋ ਰਹੀ ਹੈ। ਇਸ ਤੋਂ ਜਾਪਦਾ ਹੈ ਕਿ ਸਿਆਸਤਦਾਨ , ਅਧਿਕਾਰੀ ਅਤੇ ਹੁਕਮਰਾਨ ਗੁਰੂ ਸਾਹਿਬਾਨ ਤੋਂ ਵੀ ਵੱਡੇ ਹਨ। ਪੰਥਕ ਹਲਕਿਆਂ ਮੁਤਾਬਕ ਚਾਹੀਦਾ ਤਾਂ ਇਹ ਸੀ ਕਿ ਸਬੰਧਤ ਧਿਰਾਂ ਨੈਤਿਕ ਅਧਾਰ ਤੇ ਅਸਤੀਫਾ ਦੇਣ ਦੀ ਪੇਸ਼ਕਸ਼ ਕਰਦੀਆਂ ਪਰ ਅਜਿਹਾ ਕਿਸੇ ਨਹੀਂ ਕੀਤਾ ਸਗੋਂ ਬਚਾਅ ਲਈ ਰਾਜਨੀਤੀ ਗੁਰੂ ਨਾਲ ਹੋ ਰਹੀ,ਜਿਸ ਦੀ ਬਦੌਲਤ ਉਹ ਸਮਾਜ ਵਿਚ ਵਿਚਰ ਰਹੇ ਹਨ। ਇਸ ਵੇਲੇ ਸਿੱਖ ਕੌਮ ਦੀਆਂ ਨਜ਼ਰਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ 'ਤੇ ਟਿਕ ਗਈਆਂ ਹਨ , ਜਿਨ੍ਹਾਂ ਨੂੰ ਅਗਲੇ ਹਫ਼ਤੇ ਪੜਤਾਲੀਆ ਕਮੇਟੀ ਵਲੋਂ ਜਾਂਚ ਸਬੰਧੀ ਰੀਪੋਰਟ ਪੇਸ਼ ਕੀਤੀ ਜਾ ਰਹੀ ਹੈ।
image
ਭਰੋਸੇਯੋਗ ਸੂਤਰਾਂ ਮੁਤਾਬਕ ਉਸ ਸਮੇਂ ਦੇ ਪ੍ਰਧਾਨ, ਐਗ਼ਜ਼ੈਕਟਿਵ ਕਮੇਟੀ ਤੇ ਉੱਚ ਅਧਿਕਾਰੀਆਂ ਦੇ ਲਪੇਟ ਵਿਚ ਆਉਣ ਦੀ ਸੰਭਾਵਨਾ ਹੈ ਜੋ ਅਪਣੇ ਫ਼ਰਜ਼ ਨਿਭਾਉਣ ਵਿਚ ਬੜੀ ਬੁਰੀ ਤਰ੍ਹਾਂ ਨਾਕਾਮ ਰਹਿਣ ਦੇ ਨਾਲ-ਨਾਲ ਤੱਥ ਛੁਪਾਉਣ ਲਈ ਸਾਜਸ਼ਾਂ ਕਰਦੇ ਰਹੇ ਤਾਕਿ ਉਨ੍ਹਾਂ ਦੇ ਸਿਆਸੀ ਆਕਾ ਨੂੰ ਕੋਈ ਆਂਚ ਨਾ ਆ ਸਕੇ। ਸਿੱਖ ਹਲਕਿਆਂ ਮੁਤਾਬਕ ਪੰਥਕ ਸੰਗਠਨਾਂ ਅਤੇ ਵਿਸ਼ਵ ਭਰ ਦੇ ਸਿੱਖਾਂ ਦਾ ਭਾਰੀ ਦਬਾਅ ਅਸਲੀਅਤ ਸਾਹਮਣੇ ਲਿਆਉਣ ਦੇ ਨਾਲ-ਨਾਲ ਇਸ ਵੱਡੀ ਕੁਤਾਹੀ ਦੇ ਜ਼ਿੰਮੇਵਰਾਂ ਨੂੰ ਬੇਨਕਾਬ ਕਰਨ ਦਾ ਵੀ ਹੈ ਜੋ ਸਿੱਖੀ ਦੇ ਬੁਰਕੇ 'ਚ ਕੌਮ ਦਾ ਅਸਹਿ ਨੁਕਸਾਨ ਕਰ ਰਹੇ ਹਨ। ਚਰਚਾ ਮੁਤਾਬਕ ਪੜਤਾਲੀਆ ਕਮੇਟੀ 'ਤੇ ਭਾਰੀ ਜ਼ਿੰਮੇਵਾਰੀ ਆ ਗਈ ਹੈ ਕਿ ਉਸ ਦੀ ਨਿਰਪੱਖ ਰੀਪੋਰਟ ਨੇ ਨਵਾਂ ਇਤਿਹਾਸ ਸਿਰਜਣਾ ਹੈ।
ਇਸ ਦਾ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਮੌਜੂਦਾ ਮੁੱਖ ਜਾਂਚ ਅਧਿਕਾਰੀ ਤੋਂ ਪਹਿਲਾਂ ਸੇਵਾ ਮੁਕਤ ਜਸਟਿਸ ਸਿੱਖ ਬੀਬੀ ਨਵਿਤਾ ਸਿੰਘ ਨੇ ਨਿਯੁਕਤੀ ਬਾਅਦ ਜਾਂਚ ਕਰਨ ਤੇ ਅਸਮਰਥਾ ਜਾਹਰ ਕਰ ਦਿਤੀ ਸੀ, ਜਿਸ 'ਤੇ ਚਰਚਾ ਛਿੜੀ ਸੀ ਕਿ ਸ਼ਾਇਦ ਉਨ੍ਹਾਂ ਨੇ ਸਿਆਸੀ ਦਬਾਅ ਪੈਣ ਦੇ ਖ਼ਦਸ਼ੇ ਵਜੋਂ ਅਜਿਹਾ ਕੀਤਾ ਹੈ। ਇਹ ਵੀ ਚਰਚਾ ਹੈ ਕਿ ਇਸ ਰੀਪੋਰਟ ਦਾ ਅਸਰ ਬੁਰਜ ਜਵਾਹਰ ਸਿੰਘ, ਬਰਗਾੜੀ ਕਾਂਡ 'ਤੇ ਪੈਣਾ ਅਟਲ ਹੈ, ਜਿਥੇ ਬਾਦਲ ਸਰਕਾਰ ਵੇਲੇ ਪੁਲਿਸ ਗੋਲੀ ਨਾਲ ਸ਼ਹਾਦਤ ਹੋਈ ਸੀ ਅਤੇ ਸੌਦਾ-ਸਾਧ 'ਤੇ ਦੋਸ਼ ਹਨ ਕਿ ਉਸ ਵਲੋਂ ਬੇਅਦਬੀਆਂ ਕੀਤੀਆਂ ਗਈਆਂ ਪਰ ਅਕਾਲੀ ਸਰਕਾਰ ਵੋਟਾਂ ਦੀ ਸਿਆਸਤ ਕਾਰਨ ਕੁੱਝ ਨਾ ਕਰ ਸਕੀ। ਇਹ ਦੋਵੇਂ ਘਟਨਾਵਾਂ 2015-16 'ਚ ਵਾਪਰੀਆਂ ਸਨ, ਉਸ ਵੇਲੇ ਬਾਦਲ ਸਰਕਾਰ ਸੀ।