ਬਲਬੀਰ ਸਿੰਘ ਸਿੱਧੂ ਵਲੋਂ ਨਿਰਧਾਰਤ ਰੇਟਾਂ 'ਤੇ ਕੋਵਿਡ-19 ਦਾ ਇਲਾਜ ਯਕੀਨੀ ਕਰਵਾਉਣ ਦੇ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਲਬੀਰ ਸਿੰਘ ਸਿੱਧੂ ਵਲੋਂ ਨਿਰਧਾਰਤ ਰੇਟਾਂ 'ਤੇ ਕੋਵਿਡ-19 ਦਾ ਇਲਾਜ ਯਕੀਨੀ ਕਰਵਾਉਣ ਦੇ ਨਿਰਦੇਸ਼

image

ਚੰਡੀਗੜ੍ਹ, 19 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਕੋਵਿਡ-19 ਦੇ ਇਲਾਜ ਅਤੇ ਟੈਸਟ ਲਈ ਕੁੱਝ ਪ੍ਰਾਈਵੇਟ ਹਸਪਤਾਲਾਂ ਅਤੇ ਲੈਬਾਂ ਵਲੋਂ ਲਈਆਂ ਜਾ ਰਹੀਆਂ ਵਾਧੂ ਕੀਮਤਾਂ ਦਾ ਨੋਟਿਸ ਲੈਂਦਿਆਂ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਅਜਿਹੀਆਂ ਸਾਰੀਆਂ ਸੇਵਾਵਾਂ ਪੰਜਾਬ ਸਰਕਾਰ ਵਲੋਂ ਤੈਅ ਰੇਟਾਂ ਅਨੁਸਾਰ ਮੁਹਈਆ ਕਰਵਾਉਣੀਆਂ ਯਕੀਨੀ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇ ਕੋਈ ਇਨ੍ਹਾਂ ਨਿਰਦੇਸਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਸਿਹਤ ਸੰਸਥਾ ਵਿਰੁਧ ਐਪੀਡੈਮਿਕ ਡਿਜੀਜ ਐਕਟ ਤਹਿਤ ਕਾਰਵਾਈ ਕੀਤੀ ਜਾਵੇ। ਸਿਹਤ ਮੰਤਰੀ ਸਿੱਧੂ ਨੇ ਦਸਿਆ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਟੈਸਟ ਅਤੇ ਇਲਾਜ ਦੀਆਂ ਸੇਵਾਵਾਂ ਮੁਫ਼ਤ ਦਿਤੀਆਂ ਜਾ ਰਹੀਆਂ ਹਨ ਤਾਂ ਜੋ ਸਾਰੇ ਲੋੜਵੰਦ ਬਿਨਾਂ ਕਿਸੇ ਵਿੱਤੀ ਬੋਝ ਦੇ ਮਿਆਰੀ ਸੇਵਾਵਾਂ ਪ੍ਰਾਪਤ ਕਰ ਸਕਣ। ਇਸੇ ਤਰ੍ਹਾਂ ਮੌਜੂਦਾ ਮਹਾਂਮਾਰੀ ਦੌਰਾਨ ਪ੍ਰਾਈਵੇਟ ਹਸਪਤਾਲਾਂ ਦੁਆਰਾ ਮੁਨਾਫ਼ਾਖੋਰੀ ਨੂੰ ਰੋਕਣ ਲਈ ਪ੍ਰਾਈਵੇਟ ਸਿਹਤ ਅਦਾਰਿਆਂ ਲਈ ਟੈਸਟ ਅਤੇ ਇਲਾਜ ਦੀਆਂ ਕੀਮਤਾਂ ਨੂੰ ਤੈਅ ਕਰਨ ਦੀ ਸਖ਼ਤ ਜ਼ਰੂਰਤ ਵੀ ਸੀ। ਇਸੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜੁਲਾਈ ਮਹੀਨੇ ਵਿਚ ਕੋਵਿਡ ਦੇ ਇਲਾਜ ਦੀਆਂ ਕੀਮਤਾਂ ਨਿਰਧਾਰਤ ਕੀਤੀਆਂ ਸਨ।

image


ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਹੁਣ ਵੀ ਕੁੱਝ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਦੇ ਪਰਵਾਰਾਂ ਤੋਂ ਜਬਰਦਸਤੀ ਵਾਧੂ ਕੀਮਤਾਂ ਲੈ ਰਹੇ ਹਨ। ਉਨ੍ਹਾਂ ਪ੍ਰਾਈਵੇਟ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਸਮੇਂ ਦੌਰਾਨ ਸਾਡੇ ਦੇਸ਼ ਦੇ ਸੁਰੱਖਿਅਤ ਭਵਿੱਖ ਦੀ ਖਾਤਰ ਮਨੁੱਖਤਾ ਦੀ ਸੇਵਾ ਕਰਨ ਅਤੇ ਇਲਾਜ ਲਈ ਵਧੇਰੇ ਕੀਮਤਾਂ ਲੈਣਾ ਬੰਦ ਕਰਨ ਕਿਉਂਕਿ ਮਰੀਜ਼ਾਂ ਦੇ ਪਰਵਾਰ ਪਹਿਲਾਂ ਹੀ ਸਦਮੇ, ਵਿੱਤੀ ਘਾਟੇ ਅਤੇ ਬਿਮਾਰੀ ਨਾਲ ਜੁੜੇ ਵਿਤਕਰੇ ਵਾਲੇ ਬੁਰੇ ਸਮੇਂ ਵਿਚੋਂ ਲੰਘ ਰਹੇ ਹਨ।


ਇਲਾਜ ਦੀਆਂ ਨਿਰਧਾਰਤ ਕੀਮਤਾਂ ਬਾਰੇ ਦਸਦਿਆਂ ਮੰਤਰੀ ਨੇ ਕਿਹਾ ਕਿ ਮੋਡਰੇਟ ਸਿਕਨੈਸ ਲਈ ਸਹਿਯੋਗੀ ਦੇਖਭਾਲ ਅਤੇ ਆਕਸੀਜਨ ਸਮੇਤ ਆਈਸੋਲੇਸ਼ਨ ਬੈੱਡਾਂ ਦੀ ਲੋੜ ਪੈਂਦੀ ਹੈ। ਸਾਰੇ ਪ੍ਰਾਈਵੇਟ ਮੈਡੀਕਲ ਕਾਲਜਾਂ/ ਐਨਬੀਈ ਤੋਂ ਟੀਚਿੰਗ ਪ੍ਰੋਗਰਾਮ ਨਾਲ ਐਨ.ਏ.ਬੀ.ਐਚ. ਪ੍ਰਾਈਵੇਟ ਹਸਪਤਾਲਾਂ ਵਿਚ ਦਾਖਲੇ ਲਈ 10,000 ਰੁਪਏ ਪ੍ਰਤੀ ਦਿਨ, ਐਨਏਬੀਐਚ ਦੁਆਰਾ ਮਾਨਤਾ ਪ੍ਰਾਪਤ ਹਸਪਤਾਲਾਂ ਲਈ 9000 ਰੁਪਏ (ਪੀਜੀ / ਡੀ.ਐਨ.ਬੀ. ਕੋਰਸ ਤੋਂ ਬਿਨਾਂ ਪ੍ਰਾਈਵੇਟ ਮੈਡੀਕਲ ਕਾਲਜਾਂ ਲਈ) ਅਤੇ ਗੈਰ-ਐਨ.ਏ.ਬੀ.ਐਚ. ਦੁਆਰਾ ਪ੍ਰਵਾਨਤ ਹਸਪਤਾਲਾਂ ਲਈ 8000 ਰੁਪਏ ਨਿਰਧਾਰਤ ਕੀਤੇ ਗਏ ਹਨ।


ਗੰਭੀਰ ਬਿਮਾਰੀ (ਬਿਨਾ ਵੈਂਟੀਲੇਟਰ ਦੀ ਜ਼ਰੂਰਤ ਦੇ ਆਈ.ਟੀ.ਯੂ.) ਲਈ ਹਸਪਤਾਲਾਂ ਦੀਆਂ ਇਨ੍ਹਾਂ ਸ਼੍ਰੇਣੀਆਂ ਦੀਆਂ ਕੀਮਤਾਂ ਕ੍ਰਮਵਾਰ, 15000 ਰੁਪਏ, 14000 ਰੁਪਏ ਅਤੇ 13000 ਰੁਪਏ ਨਿਰਧਾਰਤ ਕੀਤੀਆਂ ਗਈਆਂ ਹਨ ਜਦਕਿ ਬਹੁਤ ਗੰਭੀਰ ਲਈ, ਇਹ ਕ੍ਰਮਵਾਰ 18000 ਰੁਪਏ, 16500 ਰੁਪਏ ਅਤੇ 15000 ਰੁਪਏ ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ਸਾਰੀਆਂ ਕੀਮਤਾਂ ਵਿਚ ਪੀ.ਪੀ.ਈ. ਲਾਗਤ ਸਾਮਲ ਹੈ।


ਹਲਕੇ ਰੋਗਾਂ ਵਾਲੇ ਕੇਸਾਂ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ ਨੂੰ ਉਤਸਾਹਤ ਕਰਨ ਲਈ ਪੰਜਾਬ ਸਰਕਾਰ ਨੇ ਅਜਿਹੇ ਮਾਮਲਿਆਂ ਲਈ ਪ੍ਰਤੀ ਦਿਨ ਦਾਖ਼ਲਾ ਰੇਟ ਕ੍ਰਮਵਾਰ 6500 ਰੁਪਏ, 5500 ਰੁਪਏ ਅਤੇ 4500 ਰੁਪਏ ਨਿਰਧਾਰਤ ਕੀਤੇ ਹਨ।


ਸਿੱਧੂ ਨੇ ਕਿਹਾ ਕਿ ਪ੍ਰਾਈਵੇਟ ਲੈਬਾਂ ਵਿਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਪੰਜਾਬ ਸਰਕਾਰ ਨੇ ਜੀ.ਐਸ.ਟੀ./ ਟੈਕਸ ਸਮੇਤ ਆਰਟੀ-ਪੀ.ਸੀ.ਆਰ. ਟੈਸਟ ਲਈ ਵੱਧ ਤੋਂ ਵੱਧ 2400 ਰੁਪਏ ਨਿਰਧਾਰਤ ਕੀਤੇ ਹਨ ਜਿਸ ਵਿਚ ਘਰ ਤੋਂ ਸੈਂਪਲ ਲੈਣ ਸਬੰਧੀ ਖ਼ਰਚਾ ਵੀ ਸ਼ਾਮਲ ਹੈ। ਪ੍ਰਾਈਵੇਟ ਲੈਬਾਂ ਵਿਚ ਜੀਐਸਟੀ/ ਟੈਕਸ ਸਮੇਤ ਐਂਟੀਜੇਨ ਟੈਸਟਿੰਗ ਲਈ ਵੱਧ ਤੋਂ ਵੱਧ 1000 ਰੁਪਏ ਦਾ ਰੇਟ ਨਿਰਧਾਰਤ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚ ਘਰ ਤੋਂ ਸੈਂਪਲ ਲੈਣ ਸਬੰਧੀ ਖ਼ਰਚਾ ਵੀ ਸ਼ਾਮਲ ਹੈ।
ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਟੈਸਟ ਕਰਵਾਉਣ ਲਈ ਕਿਸੇ ਡਾਕਟਰ ਦੀ ਪਰਚੀ ਦੀ ਜਰੂਰਤ ਨਹੀਂ ਹੁੰਦੀ ਅਤੇ ਜਿਨ੍ਹਾਂ ਦਾ ਟੈਸਟ ਪਾਜੇਟਿਵ ਆਉਂਦਾ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਲੱਛਣ ਨਹੀਂ ਹਨ ਜਾਂ ਹਲਕੇ ਲੱਛਣ ਹਨ, ਨੂੰ ਹਸਪਤਾਲਾਂ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੁੰਦੀ।