ਪੰਜਾਬ ਵਿਧਾਨ ਸਭਾ ਦਾ ਇਕ ਦਿਨਾ ਸੈਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਗੰਭੀਰ ਮੁੱਦਿਆਂ 'ਤੇ ਬਹਿਸ ਕਰਵਾਣੋਂ ਭੱਜ ਰਹੀ : ਸ਼ਰਨਜੀਤ ਢਿੱਲੋਂ

ਸ਼ਰਨਜੀਤ ਢਿੱਲੋਂ

ਲੋਕਤੰਤਰ ਦਾ ਮਜ਼ਾਕ ਬਣ ਰਿਹੈ
ਅਕਾਲੀ ਵਿਧਾਇਕ ਮਿਲਣਗੇ ਸਪੀਕਰ ਨੂੰ

ਸ਼ਰਨਜੀਤ ਢਿੱਲੋਂ




ਚੰਡੀਗੜ੍ਹ, 18 ਅਗੱਸਤ (ਜੀ.ਸੀ. ਭਾਰਦਵਾਜ) : ਬੀਤੇ ਕਲ ਪੰਜਾਬ ਮੰਤਰੀ-ਮੰਡਲ ਵਲੋਂ ਵਿਧਾਨ ਸਭਾ ਦਾ ਕੇਵਲ ਇਕ ਦਿਨਾ ਸੈਸ਼ਨ 28 ਅਗੱਸਤ ਨੂੰ ਬੁਲਾਉਣ ਦੇ ਕੀਤੇ ਫ਼ੈਸਲੇ 'ਤੇ ਟਿਪਣੀ ਕਰਦਿਆਂ ਵਿਧਾਨ ਸਭਾ 'ਚ ਅਕਾਲੀ ਦਲ ਵਿਧਾਨਕਾਰ ਪਾਰਟੀ ਦੇ ਨੇਤਾ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਸਰਕਾਰ, ਸੂਬੇ ਦੀਆਂ ਗੰਭੀਰ ਸਮਸਿਆਵਾਂ 'ਤੇ ਬਹਿਸ ਕਰਵਾਉਣ ਤੋਂ ਭੱਜ ਰਹੀ ਹੈ ਅਤੇ ਲੋਕ ਹਿਤ ਮਾਮਲਿਆਂ ਬਾਰੇ ਚਰਚਾ ਨਹੀਂ ਕਰਨਾ ਚਾਹੁੰਦੀ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਸ. ਢਿੱਲੋਂ ਨੇ ਕਿਹਾ ਕਿ ਸੰਸਦ ਤੇ ਵਿਧਾਨ ਸਭਾ, ਲੋਕ-ਤੰਤਰ ਦੇ ਮਹਤਵਪੂਰਨ ਕੇਂਦਰ ਹੁੰਦੇ ਹਨ ਜਿਥੇ ਲੋਕ ਹਿਤ ਮਸਲੇ ਇਨ੍ਹਾਂ ਇਜਲਾਸਾਂ 'ਚ ਵਿਚਾਰ ਕਰਨ ਲਈ ਆਉੁਂਦੇ ਹਨ ਅਤੇ ਚਰਚਾ ਕਰਨ ਉਪਰੰਤ ਹੀ ਹੱਲ ਲੱਭਿਆ ਜਾਂਦਾ ਹੈ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਜ਼ਹਿਰੀਲੀ ਸ਼ਰਾਬ ਨਾਲ 120 ਤੋਂ ਵਧ ਮੌਤਾਂ ਹੋਈਆਂ, ਕਾਂਗਰਸ ਦੇ ਹੀ ਵਿਧਾਇਕ ਤੇ ਹੋਰ ਨੇਤਾ ਗ਼ੈਰ-ਕਾਨੂੰਨੀ ਡਿਸਟਿਲਰੀਆਂ ਦੀ ਸਰਪ੍ਰਸਤੀ ਕਰਦੇ ਹਨ, ਬਿਜਲੀ ਕਾਰਪੋਰੇਸ਼ਨ 'ਚ 40 ਹਜ਼ਾਰ ਨੌਕਰੀਆਂ ਖ਼ਤਮ ਕੀਤੀਆਂ ਜਾ ਰਹੀਆਂ, ਮੁਲਾਜ਼ਮਾਂ ਨੂੰ ਵੇਲੇ ਸਿਰ ਤਨਖ਼ਾਹ ਨਹੀਂ ਮਿਲ ਰਹੀ, ਕੋਰੋਨਾ ਮਰੀਜ਼ਾਂ ਦਾ ਸਹੀ ਇਲਾਜ ਨਹੀਂ ਕੀਤਾ ਜਾ ਰਿਹਾ।

ਐਕਸਾਈਜ਼ ਦਾ 5600 ਕਰੋੜ ਦਾ ਨੁਕਸਾਨ ਹੋ ਗਿਆ, ਟੈਕਸ ਚੋਰੀ ਖ਼ੁਦ ਨੇਤਾ ਕਰਦੇ ਹਨ, ਕਿਸਾਨਾਂ ਦੀ ਮੁਫ਼ਤ ਬਿਜਲੀ ਬੰਦ ਕਰਨ ਦੇ ਚਰਚੇ ਹਨ, ਇਨ੍ਹਾਂ ਸਮੇਤ ਹੋਰ ਕਈ ਮਸਲੇ ਹਨ, ਜਿਨ੍ਹਾਂ 'ਤੇ ਬਹਿਸ ਜ਼ਰੂਰੀ ਹੈ, ਪਰ ਸਰਕਾਰ ਨੇ ਕੇਵਲ ਕੋਵਿਡ-19 ਦਾ ਨੁਕਤਾ ਸਾਹਮਣੇ ਰੱਖ ਕੇ, ਸਿਰਫ਼ ਇਕ ਦਿਨਾ ਸੈਸ਼ਨ ਬੁਲਾ ਕੇ ਖਾਨਾਪੂਰਤੀ ਕਰਨੀ ਹੈ ਜੋ ਲੋਕਤੰਤਰ ਦਾ ਮਜ਼ਾਕ ਹੈ। ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਇਕ ਡੈਲੀਗੇਸ਼ਨ ਦੇ ਰੂਪ 'ਚ ਵਿਧਾਨ ਸਭਾ ਸਪੀਕਰ ਰਾਣਾ ਕੇ².ਪੀ. ਸਿੰਘ ਨੂੰ ਮਿਲ ਕੇ ਬੇਨਤੀ ਕਰਨਗੇ ਕਿ ਵਿਧਾਨ ਸਭਾ ਦਾ ਇਹ ਮੌਨਸੂਨ ਸੈਸ਼ਨ, ਵਧਾ ਕੇ ਘੱਟੋ-ਘੱਟ ਦੋ ਹਫ਼ਤੇ ਦਾ ਕੀਤਾ ਜਾਵੇ ਤਾਕਿ ਭਖਦੇ ਮਸਲਿਆਂ 'ਤੇ ਖੁਲ੍ਹ ਕੇ ਬਹਿਸ ਹੋ ਸਕੇ। ਜ਼ਿਕਰਯੋਗ ਹੈ ਕਿ 28 ਅਗੱਸਤ ਸ਼ੁਕਰਵਾਰ ਨੂੰ ਸਵੇਰੇ ਦੀ ਬੈਠਕ 'ਚ ਕੁੱਝ ਮਿੰਟਾਂ ਲਈ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦੇ ਕੇ, ਕੁੱਝ ਅਰਸੇ ਲਈ, ਬੈਠਕ ਉਠਾ ਕੇ ਬਾਅਦ ਵਾਲੀ ਦੂਜੀ ਬੈਠਕ 'ਚ ਕੁੱਝ ਜ਼ਰੂਰੀ ਬਿਲ ਪਾਸ ਕੀਤੇ ਜਾਣ ਉਪਰੰਤ ਇਹ ਇਕ ਦਿਨਾ ਇਜਲਾਸ ਉਠਾ ਦਿਤਾ ਜਾਵੇਗਾ। ਫਿਲਹਾਲ ਹੋਰ ਕੋਈ ਚਰਚਾ ਕਰਨ ਜਾਂ ਹੋਰ ਬੈਠਕ ਕਰਨ ਦਾ ਪ੍ਰਸਤਾਵ ਨਹੀਂ ਹੈ।