ਕੈਨੇਡਾ ਦੀ ਸਤਿਨਾਮ ਰਲੀਜੀਅਸ ਪ੍ਰਚਾਰ ਸੁਸਾਇਟੀ ਨੇ ਗੁਰੂ ਗੰ੍ਰਥ ਸਾਹਿਬ ਦੇ ਸਰੂਪ ਛਾਪੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਜਥੇਦਾਰ' ਨੇ ਪ੍ਰਕਾਸ਼ਨਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਦੇ ਦਿਤੇ ਸੰਕੇਤ

image

ਅੰਮ੍ਰਿਤਸਰ, 19 ਅਗੱਸਤ (ਪਰਮਿੰਦਰਜੀਤ): ਅਕਾਲ ਤਖ਼ਤ ਸਾਹਿਬ ਤੋਂ 1998 ਵਿਚ ਭਾਈ ਰਣਜੀਤ ਸਿੰਘ ਵਲੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਦਿਆਂ ਕੈਨੇਡਾ ਦੀ ਸਤਿਨਾਮ ਰਲੀਜੀਅਸ ਪ੍ਰਚਾਰ ਸੁਸਾਇਟੀ ਵਲੋਂ ਸ੍ਰੀ ਗੁਰੂ ਗੰਥ ਸਾਹਿਬ ਦੇ ਸਰੂਪ ਛਾਪੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਵਿਚ ਕੁੱਝ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਕਰੀਬ 50 ਸਰੂਪ ਛਾਪੇ ਹਨ। ਇਸ ਪਿੱਛੇ ਭਾਈ ਰਿਪੁਦਮਨ ਸਿੰਘ ਮਲਿਕ ਦਾ ਹੱਥ ਦਸਿਆ ਜਾ ਰਿਹਾ ਹੈ।

image


ਕੈਨੇਡਾ ਦੇ ਸਾਰੇ ਗੁਰੂ ਘਰਾਂ ਦੇ ਅਹੁਦੇਦਾਰਾਂ ਨੇ ਮੀਟਿੰਗ ਕਰ ਕੇ ਇਸ ਕਾਰਵਾਈ ਨੂੰ ਗ਼ਲਤ ਕਰਾਰ ਦਿਤਾ ਅਤੇ ਭਾਈ ਰਿਪੁਦਮਨ ਸਿੰਘ ਮਲਿਕ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਕੀ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਤ ਕਰਨ ਦੀ ਇਜਾਜ਼ਤ ਦੇ ਦਿਤੀ ਹੈ? ਜਿਸ ਦਾ ਉਹ ਕੋਈ ਤਸਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਪ੍ਰਾਪਤ ਜਾਣਕਾਰੀ ਮੁਤਾਬਕ ਸਤਿਨਾਮ ਰਲੀਜੀਅਸ ਪ੍ਰਚਾਰ ਸੁਸਾਇਟੀ ਦੀ ਪਿੱਠ 'ਤੇ ਸ. ਮਲਿਕ ਦਾ ਪੂਰਾ ਹੱਥ ਹੈ ਤੇ ਇਹ ਕੋਸ਼ਿਸ਼ ਬੀਤੇ ਵਰ੍ਹੇ 2019 ਦੇ ਨਵੰਬਰ ਮਹੀਨੇ ਤੋਂ ਕੀਤੀ ਜਾ ਰਹੀ ਸੀ। ਇਕ ਨਿਜੀ ਘਰ ਵਿਚ ਹੀ ਸਰੂਪ ਛਾਪਣ ਦੀਆਂ ਕੋਸ਼ਿਸ਼ਾਂ ਜਾਰੀ ਸਨ ਜਿਸ ਲਈ ਮਸ਼ੀਨਾਂ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ।


ਸੂਤਰ ਦਸਦੇ ਹਨ ਕਿ ਕੈਨੇਡਾ ਦੇ ਕਰੀਬ 50 ਗੁਰੂ ਘਰਾਂ ਦੇ ਪ੍ਰਬੰਧਕਾਂ ਨੇ ਸਰੂਪ ਪ੍ਰਕਾਸ਼ਤ ਕਰਨ ਵਾਲੀ ਧਿਰ ਨੂੰ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ 2 ਵਾਰ ਅਮਰੀਕਾ ਵਿਚ ਸਰੂਪ ਪ੍ਰਕਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋਈ। ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਗੁਰੂ ਘਰਾਂ ਨੇ ਇਹ ਲਿਖ ਕੇ ਭੇਜਿਆ ਹੈ ਕਿ ਅਸੀ ਸਾਰੇ ਸ਼੍ਰੋਮਣੀ ਕਮੇਟੀ ਨਾਲ ਖੜੇ ਹਾਂ ਤੇ ਜੇਕਰ ਕਮੇਟੀ ਇਹ ਪ੍ਰਿਟਿੰਗ ਬਾਹਰ ਕਰਨਾ ਚਾਹੁੰਦੀ ਹੈ ਤਾਂ ਅਸੀ ਸਾਰੇ ਸਹਿਯੋਗ ਦੇਣ ਲਈ ਤਿਆਰ ਹਾਂ ਜਿਸ ਘਰ ਵਿਚ ਸਰੂਪ ਪਿੰ੍ਰਟ ਹੋਏ ਸਨ ਉਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ਼ ਟੈਸਟ ਲਈ ਛਾਪੇ ਗਏ ਹਨ।


ਪ੍ਰਾਪਤ ਜਾਣਕਾਰੀ ਮੁਤਾਬਕ ਭਾਈ ਰਿਪੁਦਮਨ ਸਿੰਘ ਮਲਿਕ ਤੇ ਭਾਈ ਬਲਵੰਤ ਸਿੰਘ ਨੇ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਸ਼੍ਰੋਮਣੀ ਕਮੇਟੀ ਨਾਲ ਵਿਚਾਰ ਕਰ ਰਹੇ ਹਨ। ਇਹ ਖ਼ਬਰ ਮਿਲਦੇ ਸਾਰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਪ੍ਰਕਾਸ਼ਨਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਦੇ ਸੰਕੇਤ ਦਿਤੇ ਹਨ। 'ਜਥੇਦਾਰ' ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ 1998 ਵਿਚ ਹੁਕਮਨਾਮਾ ਜਾਰੀ ਹੋਇਆ ਸੀ ਕਿ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਕੋਈ ਵੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਹਾਹਿਬ ਦੇ ਸਰੂਪ ਤੇ ਗੁਰਬਾਣੀ ਦੀਆਂ ਸੈਚੀਆਂ ਪ੍ਰਕਾਸ਼ਤ ਨਹੀਂ ਕਰ ਸਕਦਾ। ਜੇਕਰ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦਾ ਹੀਆ ਕੀਤਾ ਹੈ ਤਾਂ ਉਸ ਵਿਰੁਧ ਪੰਥ ਰਹੁਰੀਤਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।