ਮੁਲਾਜ਼ਮਾਂ ਬਾਰੇ ਕੈਬਨਿਟ ਸਬ ਕਮੇਟੀ ‘ਕਛੂਆ ਚਾਲ’ ’ਤੇ ਮੁੱਖ ਮੰਤਰੀ ਨਾਖ਼ੁਸ਼
ਮੁਲਾਜ਼ਮਾਂ ਬਾਰੇ ਕੈਬਨਿਟ ਸਬ ਕਮੇਟੀ ‘ਕਛੂਆ ਚਾਲ’ ’ਤੇ ਮੁੱਖ ਮੰਤਰੀ ਨਾਖ਼ੁਸ਼
ਕਮੇਟੀ ਨੂੰ ਮੰਗਾਂ ਬਾਰੇ ਅੰਤਮ ਫ਼ੈਸਲਾ ਛੇਤੀ ਕਰ ਕੇ ਰੀਪੋਰਟ ਸੌਂਪਣ ਲਈ ਕਿਹਾ
ਚੰਡੀਗੜ੍ਹ, 18 ਅਗੱਸਤ (ਗੁਰਉਪਦੇਸ਼ ਭੁੱਲਰ): ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਕੈਬਨਿਟ ਸਬ ਕਮੇਟੀ ਦੀ ‘ਕਛੂਆ ਚਾਲ’ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾ ਖ਼ੁਸ਼ ਹਨ। ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਨੇ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਹੈ ਕਿ ਜੋ ਵੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਹੋਰ ਮਸਲੇ ਹਨ, ਉਨ੍ਹਾਂ ਦਾ ਬਿਨਾਂ ਦੇਰੀ ਨਿਪਟਾਰਾ ਕੀਤਾ ਜਾਵੇ ਅਤੇ ਅੰਤਮ ਰੀਪੋਰਟ 26 ਦੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਪੇਸ਼ ਕੀਤੀ ਜਾਵੇ ਤਾਂ ਜੋ ਸਰਕਾਰ ਕੋਈ ਠੋਸ ਫ਼ੈਸਲਾ ਲੈ ਸਕੇ।
ਜ਼ਿਕਰਯੋਗ ਹੈ ਕਿ ਮੁਲਾਜ਼ਮਾਂ ਬਾਰੇ ਬਣਾਈ ਕੈਬਨਿਟ ਸਬ ਕਮੇਟੀ ਜੋ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਬਣੀ ਹੈ, ਵਿਚ ਮੰਤਰੀ ਮਨਪ੍ਰੀਤ ਬਾਦਲ, ਬਲਬੀਰ ਸਿੱਧੂ ਅਤੇ ਧਰਮਸੋਤ ਵੀ ਸ਼ਾਮਲ ਹਨ। ਇਹ ਕਮੇਟੀ ਮੁਲਾਜ਼ਮਾਂ ਦੇ ਸੂਬਾਈ ਆਗੂਆਂ ਨਾਲ ਕਈ ਮੀਟਿੰਗਾਂ ਕਰ ਚੁੱਕੀ ਹੈ ਪਰ ਕੋਈ ਠੋਸ ਨਤੀਜਾ ਜਾਂ ਮੰਗਾਂ ਤੇ ਹਾਲੇ ਤਕ ਸਹਿਮਤੀ ਨਹੀਂ ਹੋਈ ਅਤੇ ਦੂਜੇ ਪਾਸੇ ਮੁਲਾਜ਼ਮਾਂ ਦਾ ਹਰ ਵਰਗ ਸੜਕਾਂ ’ਤੇ ਉਤਰ ਰਿਹਾ ਹੈ ਤੇ ਸਾਰੇ ਹੀ ਪਟਿਆਲਾ ਪਹੁੰਚ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਹਰ ਰੋਜ਼ ਕੂਚ ਕਰ ਦਿੰਦੇ ਹਨ। ਇਸ ਤੋਂ ਮੁੱਖ ਮੰਤਰੀ ਚਿੰਤਤ ਹਨ ਅਤੇ ਉਹ ਚਾਹੁੰਦੇ ਹਨ ਕਿ ਮਾਮਲਿਆਂ ਨੂੰ ਲਟਕਾਈ ਰੱਖਣ ਦੀ ਥਾਂ ਜੋ ਵੀ ਫ਼ੈਸਲਾ ਕਰਨਾ ਹੈ, ਕੀਤਾ ਜਾਵੇ।
ਮੁਲਾਜ਼ਮ ਇਸ ਸਮੇਂ 2.72 ਦੇ ਗੁਣਾਂਕ ਅਨੁਸਾਰ ਤਨਖ਼ਾਹਾਂ ਵਿਚ ਸੋਧ ’ਤੇ ਅੜੇ ਹੋਏ ਹਨ ਜਦਕਿ ਕੈਬਨਿਟ ਸਬ ਕਮੇਟੀ ਦਾ ਕਹਿਣਾ ਹੈ ਕਿ ਇਹ ਸੰਭਵ ਨਹੀਂ ਪਰ ਹਰ ਮੁਲਾਜ਼ਮ ਦੀ ਤਨਖ਼ਾਹ ਵਿਚ 15 ਫ਼ੀ ਸਦੀ ਦਾ ਵਾਧਾ ਹੋ ਸਕਦਾ ਹੈ। ਮੁਲਾਜ਼ਮ ਘੱਟੋ ਘੱਟ 20 ਫ਼ੀ ਸਦੀ ਵਾਧਾ ਚਾਹੁੰਦੇ ਹਨ। ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਵੀ ਵੱਡੇ ਮਸਲੇ ਹਨ, ਜਿਨ੍ਹਾਂ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਰਹੀ।
ਮੁਲਾਜ਼ਮ ਆਗੂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ 10 ਸਾਲ ਦੀ ਸ਼ਰਤ ਹਟਾਉਣ ਦੀ ਮੰਗ ਕਰ ਰਹੇ ਹਨ। ਇਸੇ ਦੌਰਾਨ ਸਰਕਾਰ ਵਲੋਂ ਮੰਤਰੀ ਪੱਧਰ ’ਤੇ ਵੀ ਮੁਲਾਜ਼ਮਾਂ ਦੇ ਵੱਖ ਵੱਖ ਵਰਗਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਹੈ ਤਾਂ ਜੋ ਕੈਬਨਿਟ ਸਬ ਕਮੇਟੀ ਕਿਸੇ ਅੰਤਮ ਫ਼ੈਸਲੇ ’ਤੇ ਪਹੁੰਚ ਸਕੇ।