ਦਿੱਲੀ ਦੀ ਅਦਾਲਤ ਨੇ ਸ਼ਸ਼ੀ ਥਰੂਰ ਨੂੰ ਦੋਸ਼ ਮੁਕਤ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਦੀ ਅਦਾਲਤ ਨੇ ਸ਼ਸ਼ੀ ਥਰੂਰ ਨੂੰ ਦੋਸ਼ ਮੁਕਤ ਕੀਤਾ

image

ਨਵੀਂ ਦਿੱਲੀ, 18 ਅਗੱਸਤ : ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੂੰ ਉਨ੍ਹਾਂ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਇਥੇ ਇਕ ਹੋਟਲ ’ਚ ਹੋਈ ਮੌਤ ਦੇ ਮਾਮਲੇ ’ਚ ਬੁੱਧਵਾਰ ਨੂੰ ਦੋਸ਼ ਮੁਕਤ ਕਰ ਦਿਤਾ। ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ ਆਨਲਾਈਨ ਸੁਣਵਾਈ ਕਰਦੇ ਹੋਏ ਆਦੇਸ਼ ਪਾਸ ਕੀਤਾ। ਥਰੂਰ ਨੇ ਜੱਜ ਦਾ ਧਨਵਾਦ ਕਰਦੇ ਹੋਏ ਕਿਹਾ ਕਿ ਬੀਤੇ ਸਾਢੇ 7 ਸਾਲ ‘ਤਸੀਹਿਆਂ’ ’ਚ ਬੀਤੇ ਅਤੇ ਇਹ ਫ਼ੈਸਲਾ ‘ਵੱਡੀ ਰਾਹਤ’ ਲੈ ਕੇ ਆਇਆ ਹੈ। ਇਸ ਫ਼ੈਸਲੇ ਦੇ ਬਾਅਦ ਥਰੂਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਸਾਡੀ ਨਿਆ ਪ੍ਰਣਾਲੀ ’ਚ ਪ੍ਰਕਿਰਿਆ ਹੀ ਅਕਸਰ ਸਜ਼ਾ ਬਣ ਜਾਂਦੀ ਹੈ। ਫ਼ਿਲਹਾਲ, ਤੱਥ ਇਹ ਹਨ ਕਿ ਨਿਆਂ ਹੋਇਆ ਹੈ ਅਤੇ ਸਾਡਾ ਪੂਰਾ ਪ੍ਰਵਾਰ ਸੁਨੰਦਾ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕਰੇਗਾ।’’
ਸੁਣਵਾਈ ਦੌਰਾਨ ਪੁਲਿਸ ਨੇ ਅਦਾਲਤ ਤੋਂ ਆਈ.ਪੀ.ਸੀ. ਦੀ ਧਾਰਾ 306 (ਖੁਦਕੁਸ਼ੀ ਲਈ ਉਕਸਾਉਣ) ਸਮੇਤ ਵੱਖ-ਵੱਖ ਦੋਸ਼ਾਂ ’ਚ ਦੋਸ਼ ਤੈਅ ਕਰਨ ਦੀ ਅਪੀਲ ਕੀਤੀ, ਜਦੋਂ ਕਿ ਥਰੂਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਪਾਹਵਾ ਨੇ ਅਦਾਲਤ ਨੂੰ ਕਿਹਾ ਕਿ ਐਸ.ਆਈ.ਟੀ. ਵਲੋਂ ਕੀਤੀ ਗਈ ਜਾਂਚ ਰਾਜਨੀਤਕ ਨੇਤਾ ਨੂੰ ਉਨ੍ਹਾਂ ਵਿਰੁਧ ਲਗਾਏ ਗਏ ਸਾਰੇ ਦੋਸ਼ਾਂ ਤੋਂ ਮੁਕਤ ਕਰਦੀ ਹੈ। ਪਾਹਵਾ ਨੇ ਮਾਮਲੇ ਵਿਚ ਥਰੂਰ ਨੂੰ ਦੋਸ਼ ਮੁਕਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਗੁਨਾਹ ਸਾਬਤ ਕਰਨ ਲਈ ਉਨ੍ਹਾਂ ਵਿਰੁਧ ਕੋਈ ਵੀ ਸਬੂਤ ਨਹੀਂ ਹੈ।
    (ਏਜੰਸੀ)