ਸੁਖਬੀਰ ਸਿੰਘ ਬਾਦਲ ਦੀ 100 ਦਿਨਾਂ ਦੀ ਪੰਜਾਬ ਯਾਤਰਾ ਦਾ ਕਿਸਾਨਾਂ ਵਲੋਂ ਵਿਰੋਧ
ਸੁਖਬੀਰ ਸਿੰਘ ਬਾਦਲ ਦੀ 100 ਦਿਨਾਂ ਦੀ ਪੰਜਾਬ ਯਾਤਰਾ ਦਾ ਕਿਸਾਨਾਂ ਵਲੋਂ ਵਿਰੋਧ
ਐਸ ਏ ਐਸ ਨਗਰ, 18 ਅਗੱਸਤ (ਨਰਿੰਦਰ ਸਿੰਘ ਝਾਮਪੁਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 100 ਦਿਨ ਦੀ ਪੰਜਾਬ ਯਾਤਰਾ ਨੂੰ ਅੱਜ ਪਹਿਲੇ ਦਿਨ ਹੀ ਕਿਸਾਨਾਂ ਨੇ ਝਟਕਾ ਦਿਤਾ ਹੈ। ਜ਼ੀਰਾ ਵਿਚ ਜਦੋਂ ਉਨ੍ਹਾਂ ਯਾਤਰਾ ਦੀ ਸ਼ੁਰੂਆਤ ਕੀਤੀ ਤਾਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ। ਫ਼ਿਰੋਜ਼ਪੁਰ ਦੇ ਹਲਕਾ ਜ਼ੀਰਾ ਵਿਚ ਪੁਲ ਨਜ਼ਦੀਕ ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਕਾਲੀਆਂ ਝੰਡਾ ਦਿਖਾ ਕੇ ਨਾਹਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਫ਼ੋਰਸ ਵੀ ਵੱਡੀ ਗਿਣਤੀ ਵਿਚ ਤਾਇਨਾਤ ਰਹੀ। ਇਸ ਵੱਡੀ ਗਿਣਤੀ ਵਿਚ ਕਿਸਾਨ ਇਕੱਤਰ ਹੋਏ ਅਤੇ ਸੁਖਬੀਰ ਸਿੰਘ ਬਾਦਲ ਵਿਰੁਧ ਨਾਹਰੇਬਾਜ਼ੀ ਕੀਤੀ ਸਗੋਂ ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਕਿਸਾਨ ਦਿੱਲੀ ਧਰਨੇ ਅਤੇ ਅਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਅਕਾਲੀ ਦਲ ਵਲੋਂ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਕਿਸਾਨ ਜਥੇਬੰਦੀਆਂ ਵਿਰੋਧ ਕਰਨਗੀਆਂ। ਇਸ ਮੌਕੇ ਸਮੂਹ ਕਿਸਾਨਾਂ ਨੇ ਕਿਹਾ ਕੇ ਪੰਜਾਬ ਵਿਚ ਰਾਜਨੀਤਕ ਪਾਰਟੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੱਬਾਂ ਭਾਰ ਹੋਈਆਂ ਪਈਆਂ ਹਨ ਪਰ ਸਾਡਾ ਫਰਜ ਬਣਦਾ ਹੈ ਕਿ ਕਿਸਾਨੀ ਦੇ ਹੱਕ ਦੀ ਗੱਲ ਕੀਤੀ ਜਾਵੇ ਤੇ ਫਿਰ ਕੀਤੀ ਜਾਵੇ ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਸੁਖਬੀਰ ਬਾਦਲ ਵਿਰੁੱਧ ਨਾਅਰੇਬਾਜੀ ਕੀਤੀ।
ਦਸਣਯੋਗ ਹੈ ਕਿ ਸੁਖਬੀਰ ਬਾਦਲ ਨੇ ਸੋਮਵਾਰ ਨੂੰ ਹੀ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਭਿ੍ਰਸਟਾਚਾਰ ਵੱਲ ਧਿਆਨ ਖਿੱਚਣ ਲਈ ਮੰਗਲਵਾਰ ਤੋਂ 100 ਹਲਕਿਆਂ ਨੂੰ ਕਵਰ ਕਰਦੇ ਹੋਏ 100 ਦਿਨਾਂ ਦੀ ਯਾਤਰਾ ਕਰਨਗੇ। ਉਨ੍ਹਾਂ ਅੱਜ ਸਾਬਕਾ ਮੁੱਖ ਮੰਤਰੀ ਤੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦਾ ਆਸ਼ੀਰਵਾਦ ਲੈ ਕੇ ਇਹ ਯਾਤਰਾ ਜੀਰਾ ਤੋਂ ਸੁਰੂ ਕੀਤੀ। ਅੱਜ ਜਿਸ ਤਰੀਕੇ ਨਾਲ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਪਹਿਲੇ ਦਿਨ ਹੀ ਵਿਰੋਧ ਕੀਤਾ ਹੈ, ਇਸ ਤੋਂ ਤੈਅ ਹੈ ਕਿ ਅਕਾਲੀ ਦਲ ਨੂੰ ਅੱਗੇ ਕਈ ਮੁਸ਼ਕਲਾਂ ਦੀ ਸਾਹਮਣਾ ਕਰਨਾ ਪਏਗਾ। ਇਸ ਤੋਂ ਪਹਿਲਾਂ ਕੱਲ੍ਹ ਅਕਾਲੀ ਲੀਡਰ ਹਰਸਿਮਰਤ ਬਾਦਲ ਦਾ ਵਿਰੋਧ ਹੋਇਆ ਸੀ। ਇਸ ਨੂੰ ਵੇਖਦਿਆਂ ਅਕਾਲੀ ਦਲ ਨੂੰ ਆਪਣੀ ਰਣਨੀਤੀ ਬਦਲਣੀ ਪੈ ਸਕਦੀ ਹੈ ਜਾਂ ਫਿਰ ਪੰਜਾਬ ਵਿੱਚ ਕਿਸਾਨਾਂ ਤੇ ਅਕਾਲੀ ਵਰਕਰਾਂ ਵਿਚਾਲੇ ਟਕਰਾਅ ਵਾਲੇ ਹਾਲਾਤ ਬਣ ਸਕਦੇ ਹਨ।
ਦੱਸ ਦਈਏ ਕਿ ਸੁਖਬੀਰ ਨੇ ਕਾਂਗਰਸ ਤੇ ‘ਆਪ‘ ਦੋਵਾਂ ਵਿਰੁੱਧ ਦੋਸ ਪੱਤਰ ਜਾਰੀ ਕੀਤੇ ਹਨ। ਬੀਤੇ ਦਿਨੀਂ ਪਾਰਟੀ ਦੀ ਮੁਹਿੰਮ ‘ਗੱਲ ਪੰਜਾਬ ਦੀ‘ ਸੁਰੂ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਉਹ ਆਪਣੀ 100 ਦਿਨਾਂ ਯਾਤਰਾ ਦੌਰਾਨ 700 ਜਨ ਸਭਾਵਾਂ ਕਰਨਗੇ ਤੇ ਸਮਾਜ ਦੇ ਹਰ ਵਰਗ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯਾਤਰਾ ਦੇ ਦੋ ਮੁੱਖ ਉਦੇਸ ਸੀ। ਸਭ ਤੋਂ ਪਹਿਲਾਂ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਭਿ੍ਰਸਟ ਕੰਮਾਂ ਬਾਰੇ ਜਾਣੂ ਕਰਵਾਉਣਾ। ਦੂਸਰਾ ਲੋਕਾਂ ਤੋਂ ਫੀਡਬੈਕ ਇਕੱਠਾ ਕਰਨਾ ਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਕਿ ਉਹ ਅਕਾਲੀ-ਬਸਪਾ ਸਰਕਾਰ ਤੋਂ ਕੀ ਉਮੀਦ ਕਰ ਸਕਦੇ ਹਨ। ਸੂਬੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।