ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਵਿਧਾਇਕ ਸੁਖਪਾਲ ਨੰਨੂ ਨੇ ਛੱਡੀ ਭਾਜਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

53 ਸਾਲਾਂ ਤੋਂ ਝੂਲਦੇ ਬੀ ਜੇ ਪੀ ਦੇ ਝੰਡੇ ਨੂੰ ਉਤਾਰ ਕੇ ਲਾਇਆ ਕਿਸਾਨੀ ਦਾ ਝੰਡਾ।

MLA Sukhpal Nannu quits BJP

 

ਫਿਰੋਜ਼ਪੁਰ - ਕਿਸਾਨ ਅੰਦੋਲਨ ਕਾਰਨ ਪੰਜਾਬ ਵਿਚ ਭਾਜਪਾ ਦੀ ਸਥਿਤੀ ਪਹਿਲਾਂ ਹੀ ਕਾਫੀ ਕਮਜੋਰ ਸੀ ਤੇ  ਹੁਣ ਦੂਜੇ ਪਾਸੇ ਪਾਰਟੀ ਦੇ ਸੀਨੀਅਰ ਆਗੂ ਵੀ ਇੱਕ-ਇੱਕ ਕਰਕੇ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। ਇਸ ਦੌਰਾਨ ਹੁਣ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਨੰਨੂ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਹੈ। ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਸੁਖਪਾਲ ਸਿੰਘ ਨੰਨੂ ਵੱਲੋਂ ਭਾਜਪਾ ਤੋਂ ਅਸਤੀਫਾ ਦੇਣ ਸਬੰਧੀ ਚੱਲ ਰਹੀਆਂ ਚਰਚਾਵਾਂ ‘ਤੇ ਚੁੱਪੀ ਤੋੜਦਿਆਂ ਅੱਜ ਉਨ੍ਹਾਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ।

ਇਹ ਵੀ ਪੜ੍ਹੋ -  ਸਾਂਝੇ ਅਧਿਆਪਕ ਮੋਰਚੇ ਵੱਲੋਂ ਸੰਘਰਸ਼ ਦਾ ਐਲਾਨ, ਅਧਿਆਪਕ ਦਿਵਸ ਮੌਕੇ ਕੀਤਾ ਜਾਵੇਗਾ ਸੂਬਾ ਪੱਧਰੀ ਇਕੱਠ

ਇਹ ਵੀ ਪੜ੍ਹੋ  -  ਕਾਨੂੰਨਾਂ ਵਿਚ ਕੁੱਝ ਵੀ ਅਜਿਹਾ ਨਹੀਂ ਜੋ ਕਿਸਾਨ ਭਰਾਵਾਂ ਦੇ ਹਿੱਤਾਂ ਦੇ ਵਿਰੁੱਧ ਹੋਵੇ: ਰਾਜਨਾਥ ਸਿੰਘ

ਜ਼ਿਕਰਯੋਗ ਹੈ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਜੇਕਰ ਕਿਸਾਨ ਬਿੱਲਾਂ ‘ਤੇ ਕੇਂਦਰ ਨੇ ਜਲਦ ਫੈਸਲਾ ਨਾ ਲਿਆ ਤਾਂ ਲੋਕ ਉਨ੍ਹਾਂ ਨੂੰ ਪਿੰਡਾਂ ਚ ਨਹੀਂ ਵੜਣ ਦੇਣਗੇ ਤੇ ਪੂਰੇ ਪੰਜਾਬ ਵਿਚ ਬੂਥ ਵੀ ਨਹੀਂ ਲੱਗਣਗੇ। ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ ਜਿਸ ਕਰਕੇ ਹਰ ਵਰਗ ਵਿਚ ਨਿਰਾਸ਼ਾ ਤੇ ਗੁੱਸੇ ਦੀ ਲਹਿਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਮੇਰੇ ਹਲਕੇ ਦੇ ਲੋਕ ਅਸਤੀਫ਼ਾ ਦੇਣ ਦਾ ਦਬਾਅ ਬਣਾ ਰਹੇ ਹਨ ਤੇ ਹਲਕੇ ਦੇ ਲੋਕਾਂ ਦੇ ਇਸ਼ਾਰੇ ‘ਤੇ ਮੈ ਕੁੱਝ ਵੀ ਕਰਨ ਲਈ ਤਿਆਰ ਹਾਂ ਕਿਉਂਕਿ ਇਹ ਸੰਗਤਾਂ ਮੇਰੇ ਨਾਲ ਮੇਰੇ ਪਿਤਾ ਦੇ ਸਮੇਂ ਤੋਂ ਜੁੜੀਆਂ ਹੋਈਆਂ ਹਨ। ਮੇਰੇ ਪਿਤਾ ਜੀ ਨੇ ਇਸ ਹਲਕੇ ਦੀ ਬੇਦਾਗ 46 ਸਾਲ ਸੇਵਾ ਕੀਤੀ ਤੇ ਮੈਨੂੰ ਵੀ ਇਸ ਹਲਕੇ ਤੋਂ ਦੋ ਵਾਰ ਜਿੱਤਣ ਦਾ ਮੌਕਾ ਦਿੱਤਾ।

2012 ਤੇ 2017 ‘ਚ ਮੈਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਪਰ ਪਾਰਟੀ ਦੇ ਕੁੱਝ ਲੋਕਾਂ ਨੇ ਗੱਦਾਰੀ ਕਰਕੇ ਮੈਨੂੰ ਹਰਾਇਆ ਨਾ ਕਿ ਲੋਕਾਂ ਨੇ ਕਾਂਗਰਸ ਨੂੰ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ। ਮੈਨੂੰ ਪਾਰਟੀ ਨਹੀਂ ਪਰਿਵਾਰ ਦਾ ਮੈਂਬਰ ਸਮਝ ਕੇ ਜਿਤਾਉਂਦੇ ਰਹੇ ਹਨ ਤੇ ਬਾਅਦ ਵਿਚ ਵੀ ਪੂਰਾ ਮਾਣ ਦਿੰਦੇ ਰਹੇ ਹਨ। ਉਨ੍ਹਾਂ ਦੇ ਇੱਕ ਇਸ਼ਾਰੇ ‘ਤੇ ਮੈਂ ਕੁੱਝ ਵੀ ਕਰਨ ਨੂੰ ਤਿਆਰ ਹਾਂ। ਸੁਖਪਾਲ ਸਿੰਘ ਨੰਨੂ ਨੇ ਅਪਣੇ ਘਰ ਤੋਂ 53 ਸਾਲਾਂ ਤੋਂ ਝੂਲਦੇ ਬੀ ਜੇ ਪੀ ਦੇ ਝੰਡੇ ਨੂੰ ਉਤਾਰ ਕੇ ਲਾਇਆ ਕਿਸਾਨੀ ਦਾ ਝੰਡਾ ਵੀ ਲਗਾ ਲਿਆ ਹੈ।