ਅੰਮ੍ਰਿਤਸਰ ਦੇ ਹੋਟਲ 'ਚ ਜਨਮ ਦਿਨ ਦੀ ਪਾਰਟੀ ਮੌਕੇ ਚੱਲੀਆਂ ਗੋਲੀਆਂ, ਦੋ ਨੌਜਵਾਨਾਂ ਦੀ ਹੋਈ ਮੌਤ
ਪੁਲਿਸ ਨੇ ਸਾਰੇ ਨੌਜਵਾਨਾਂ ਹਿਰਾਸਤ ਵਿਚ ਲੈ ਕੇ ਜਾਂਚ ਆਰੰਭੀ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਅੰਮ੍ਰਿਤਸਰ ਦੇ ਹੋਟਲ ਜੇ ਕੇ ਕਲਾਸਿਕ ਵਿਚ ਜਨਮ ਦਿਨ ਦੀ ਪਾਰਟੀ ਮਨਾਉਣ ਪਹੁੰਚੇ ਕੁੱਝ ਨੌਜਵਾਨਾਂ ਦੀ ਕੇਕ ਮੂੰਹ ’ਤੇ ਲਗਾਉਣ ਨੂੰ ਲੈ ਕੇ ਝੜਪ ਹੋ ਗਈ।
ਮਾਮਲਾ ਇੰਨਾ ਵਿਗੜ ਗਿਆ ਕਿ ਮਨੀ ਢਿੱਲੋਂ ਨਾਮ ਦੇ ਇਕ ਨੌਜਵਾਨ ਵੱਲੋਂ ਹੋਟਲ ਦੇ ਬਾਹਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੌਜਵਾਨ ਨੂੰ ਅੰਮ੍ਰਿਤਸਰ ਦੇ ਕੇ ਡੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਪੁਲਿਸ ਦੇ ਏ ਡੀ ਸੀ ਪੀ ਮਲਿਕ ਨੇ ਦੱਸਿਆ ਕਿ ਸਥਾਨਕ ਜੇ ਕੇ ਕਲਾਸਿਕ ਹੋਟਲ ਵਿਚ ਜਨਮ ਦਿਨ ਦੀ ਪਾਰਟੀ ਮਨਾਉਣ ਪਹੁੰਚੇ ਕੁਝ ਨੌਜਵਾਨਾਂ ਦੀ ਕੇਕ ਮੂੰਹ ’ਤੇ ਲਗਾਉਣ ਨੂੰ ਲੈ ਕੇ ਝੜਪ ਹੋ ਗਈ ਸੀ।
ਇਸੇ ਦੌਰਾਨ ਮਨੀ ਢਿੱਲੋਂ ਨਾਮ ਦੇ ਨੌਜਵਾਨ ਵੱਲੋਂ ਕੀਤੀ ਫਾਇਰਿੰਗ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਸਾਰੇ ਨੌਜਵਾਨਾਂ ਨੂੰ ਦੋ ਗੱਡੀਆਂ ਸਮੇਤ ਰਾਉਡਅਪ ਕੀਤਾ ਹੈ ਅਤੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਪੁਲਿਸ ਦੀ ਫੋਰਾਸਿੰਕ ਟੀਮ ਵੀ ਮੌਕੇ ‘ਤੇ ਪਹੁੰਚੀ ਹੈ ਅਤੇ ਜਲਦ ਹੀ ਪੜਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।