ਡਾ. ਨਿੱਝਰ ਵੱਲੋਂ 342 ਕਰੋੜ ਦਾ ਪਟਿਆਲਾ ਜਲ ਸਪਲਾਈ ਪ੍ਰਾਜੈਕਟ ਇਕ ਸਾਲ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਪਟਿਆਲਾ ਸ਼ਹਿਰ ਲਈ  342 ਕਰੋੜ ਰੁਪਏ ਦੀ ਲਾਗਤ ਵਾਲੀ 24 ਘੰਟੇ ਜਲ ਸਪਲਾਈ ਪ੍ਰਾਜੈਕਟ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ

Dr. Inderbir Singh Nijjar

 

ਚੰਡੀਗੜ -  ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਦੇ ਸ਼ਹਿਰੀ ਖੇਤਰਾਂ ਵਿੱਚ ਰਹਿੰਦੀ ਆਬਾਦੀ ਨੂੰ ਬਿਹਤਰੀਨ ਬੁਨਿਆਦੀ ਸਹੂਲਤਾਂ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਦਿਸ਼ਾ ਵਿੱਚ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਪਟਿਆਲਾ ਸ਼ਹਿਰ ਲਈ  342 ਕਰੋੜ ਰੁਪਏ ਦੀ ਲਾਗਤ ਵਾਲੀ 24 ਘੰਟੇ ਜਲ ਸਪਲਾਈ ਪ੍ਰਾਜੈਕਟ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਝਰ ਨੇ ਇਸ ਕਾਰਜ਼ ਦੀ ਪ੍ਰਗਤੀ ਦਾ ਜਾਇਜਾ ਲੈਣ ਉਪਰੰਤ ਵਿਭਾਗੀ ਅਧਿਕਾਰੀਆਂ ਨੂੰ ਇਹ ਪ੍ਰਾਜੈਕਟ ਇਕ ਸਾਲ ਦੇ ਅੰਦਰ-ਅੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ।      

ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਪਟਿਆਲਾ ਸ਼ਹਿਰ ਵਾਸੀਆਂ  ਨੂੰ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਮਿਲੇਗੀ। ਇਹ ਪਾਣੀ ਜ਼ਰੂਰੀ ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਦੇ ਪ੍ਰੈਸ਼ਰ ਵਿੱਚ ਵੀ ਸੁਧਾਰ ਆਵੇਗਾ ਜਿਸ ਕਾਰਨ ਲੋਕਾਂ ਨੂੰ ਸਬਮਰਸੀਬਲ ਪੰਪਾਂ ਅਤੇ ਆਰ.ੳ. 'ਤੇ ਖਰਚਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ।   

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਪਾਣੀ ਦੀ ਸਪਲਾਈ ਲਈ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ ਅਤੇ ਇਹ ਧਰਤੀ ਹੇਠਲੇ ਪਾਣੀ ਨੂੰ ਹੋਰ ਡੂੰਘਾ ਜਾਣ ਤੋਂ ਰੋਕਣ ਵਿਚ ਮਦਦਗਾਰ ਸਾਬਤ ਹੋਵੇਗਾ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਰਵਿਘਨ ਪਾਣੀ ਦੀ ਸਪਲਾਈ ਹੋਣ ਕਾਰਨ ਘਰ ਵਿਚ ਸਟੋਰੇਜ਼ ਟੈਂਕੀਆਂ ਬਣਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਗੰਦੇ ਪਾਣੀ ਦੀ ਮਿਕਸਿੰਗ ਦੀ ਸਮੱਸਿਆ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ। ਉਹਨਾਂ ਇਹ ਵੀ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਪਟਿਆਲਾ ਸ਼ਹਿਰ ਵਿਚ ਇਕ ਲੱਖ ਪਾਣੀ ਦੇ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਪਟਿਆਲਾ ਸ਼ਹਿਰ ਦੇ ਪੰਜ ਲੱਖ ਲੋਕਾਂ ਨੂੰ ਲਾਭ ਮਿਲੇਗਾ।