ਘਰੇਲੂ ਉਡਾਣ ’ਚ ਕਿਰਪਾਨ ’ਤੇ ਰੋਕ ਲਗਾਉਣ ਨੂੰ ਲੈ ਕੇ ਸਿਮਰਨਜੀਤ ਮਾਨ ਦਾ ਬਿਆਨ
ਜੇਕਰ ਸਿੱਖਾਂ ਦੀ ਕਿਰਪਾਨ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ ਤਾਂ ਹਿੰਦੂਆਂ ਦਾ ਧਾਗਾ ਵੀ ਨਾਲ ਹੀ ਉਤਰੇਗਾ।
ਸੰਗਰੂਰ - ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਇੱਕ ਹੋਰ ਵਿਵਾਦਿਤ ਬਿਆਨ ਦਿੱਤਾ ਹੈ। ਜਦੋਂ ਜਹਾਜ਼ ਵਿਚ ਕਿਰਪਾਨ ਪਾਉਣ ਦੀ ਇਜ਼ਾਜਤ ਨਹੀਂ ਮਿਲੀ ਤਾਂ ਮਾਨ ਨੇ ਕਿਹਾ ਕਿ ਹਿੰਦੂ ਵੀ ਜਨੇਊ ਪਾ ਕੇ ਜ਼ਹਾਜ ਵਿਚ ਜਾਂਦੇ ਹਨ। ਉਸ ਧਾਗੇ ਨਾਲ ਵੀ ਕਿਸੇ ਦਾ ਵੀ ਗਲਾ ਘੁੱਟਿਆ ਜਾ ਸਕਦਾ ਹੈ। ਉਹ ਧਾਗਾ ਵੀ ਜਖ਼ਮ ਕਰ ਸਕਦਾ ਹੈ ਉਸ ਤੋਂ ਵੀ ਡਰਿਆ ਜਾ ਸਕਦਾ ਹੈ।
ਜਿਸ ਨੇ ਸ਼ਰਾਰਤ ਕਰਨੀ ਹੈ ਉਹ ਜਨੇਊ ਦੀ ਜਗ੍ਹਾ ਚੀਨ ਦਾ ਧਾਗਾ ਪਾ ਕੇ ਜਾਵੇ ਅਤੇ ਧਮਕੀ ਦੇਵੇ ਕਿ ਮੈਂ ਗਰਦਨ ਉਡਾ ਦੇਵਾਂਗਾ ਅਤੇ ਉਹ ਜਹਾਜ਼ ਨੂੰ ਹਾਈਜੈਕ ਵੀ ਕਰ ਸਕਦਾ ਹਾਂ। ਮਾਨ ਨੇ ਕਿਹਾ ਕਿ ਮੈਂ ਸਾਂਸਦ ਹੋਣ ਦੇ ਨਾਤੇ ਇਹ ਗੱਲ ਸਵੀਕਾਰ ਨਹੀਂ ਕਰਦਾ। ਜੇਕਰ ਸਿੱਖਾਂ ਦੀ ਕਿਰਪਾਨ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ ਤਾਂ ਹਿੰਦੂਆਂ ਦਾ ਧਾਗਾ ਵੀ ਨਾਲ ਹੀ ਉਤਰੇਗਾ।
ਦੱਸ ਦਈਏ ਕਿ ਸੰਸਦ ਮੈਂਬਰ ਸਿਮਰਨਜੀਤ ਮਾਨ ਇਸ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿ ਚੁੱਕੇ ਹਨ। ਮਾਨ ਦੀ ਦਲੀਲ ਹੈ ਕਿ ਭਗਤ ਸਿੰਘ ਨੇ ਨੈਸ਼ਨਲ ਅਸੈਂਬਲੀ 'ਤੇ ਬੰਬ ਸੁੱਟਿਆ ਸੀ। ਅੰਗਰੇਜ਼ ਅਫਸਰ ਨੂੰ ਮਾਰ ਦਿੱਤਾ ਸੀ। ਅਜਿਹੀ ਸਥਿਤੀ ਵਿਚ ਜੇਕਰ ਭਗਤ ਸਿੰਘ ਨੂੰ ਅੱਤਵਾਦੀ ਨਹੀਂ ਕਿਹਾ ਜਾਵੇਗਾ ਤਾਂ ਕੀ ਕਿਹਾ ਜਾਵੇਗਾ? ਜ਼ਿਕਰਯੋਗ ਹੈ ਕਿ ਸਿਮਰਨਜੀਤ ਮਾਨ ਨੇ ਹਾਲ ਹੀ ਵਿਚ ਸੰਗਰੂਰ ਉਪ ਚੋਣ ਜਿੱਤੀ ਹੈ। ਇਹ ਸੀਟ ਪਹਿਲਾਂ ਸੀਐਮ ਭਗਵੰਤ ਮਾਨ ਕੋਲ ਸੀ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।