ਕਾਂਗਰਸ ਹਾਈ ਕਮਾਂਡ ਨੇ MLA ਸੰਦੀਪ ਜਾਖੜ ਨੂੰ ਕੀਤਾ ਮੁਅੱਤਲ, ਬੋਲੇ- ਜੇ ਪਾਰਟੀ ਮੇਰੇ ਨਾਲ ਗੱਲ ਕਰ ਲੈਂਦੀ ਤਾਂ ਚੰਗਾ ਹੁੰਦਾ
ਪੰਜਾਬ ਕਾਂਗਰਸ ਪ੍ਰਧਾਨ ਵਿਰੁੱਧ ਬਿਆਨਬਾਜ਼ੀ ਦੇ ਲੱਗੇ ਇਲਜ਼ਾਮ
ਚੰਡੀਗੜ੍ਹ - ਕਾਂਗਰਸ ਹਾਈ ਕਮਾਂਡ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਹੈ। ਉਹਨਾਂ 'ਤੇ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਨਾ ਹੋਣ ਅਤੇ ਘਰ ਉੱਤੇ ਭਾਜਪਾ ਦਾ ਝੰਡਾ ਲਗਾਉਣ ਦੇ ਇਲਜ਼ਾਮ ਹਨ। ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਵਿਰੁੱਧ ਬਿਆਨਬਾਜ਼ੀ ਕੀਤੀ ਹੈ ਤੇ ਸ਼ਰੇਆਮ ਸੁਨੀਲ ਜਾਖੜ ਦਾ ਬਚਾਅ ਕਰਨ ਦੇ ਇਲਜ਼ਾਮ ਵੀ ਲੱਗੇ ਹਨ।
ਸਸਪੈਂਡ ਹੋਣ ਬਾਅਦ ਸੰਦੀਪ ਜਾਖੜ ਨੇ ਵੀ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਸਸਪੈਂਡ ਕਰਨ ਤੋਂ ਪਹਿਲਾਂ ਪਾਰਟੀ ਨੂੰ ਉਹਨਾਂ ਦਾ ਪੱਖ ਜਾਣਨਾ ਚਾਹੀਦਾ ਸੀ ਤੇ ਜੇ ਇਕ ਵਾਰ ਉਹਨਾਂ ਨਾਲ ਗੱਲ ਕਰ ਲਈ ਜਾਂਦੀ ਤਾਂ ਚੰਗਾ ਹੋਣਾ ਸੀ। ਇਸ ਦੇ ਨਾਲ ਹੀ ਸੰਦੀਪ ਜਾਖੜ ਨੇ ਕਿਹਾ ਕਿ ਸੁਨੀਲ ਜਾਖੜ ਉਹਨਾਂ ਦੇ ਗੁਰੂ ਹਨ ਤੇ ਹਮੇਸ਼ਾ ਰਹਿਣਗੇ, ਉਹ ਸ਼ੁਰੂ ਤੋਂ ਹੀ ਉਨ੍ਹਾਂ ਦੇ ਨਾਲ ਹਾਂ ਤੇ ਉਹਨਾਂ ਨੇ ਜੋ ਵੀ ਕੀਤਾ ਹੈ ਸ਼ਰੇਆਮ ਕੀਤਾ ਹੈ। ਸੰਦੀਪ ਜਾਖੜ ਨੇ ਕਿਹਾ ਕਿ ਬਤੌਰ ਅਬੋਹਰ ਵਿਧਾਇਕ ਉਹ ਕੰਮ ਕਰਦੇ ਰਹਿਣਗੇ ਤੇ ਹੁਣ ਵੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਸੰਦੀਪ ਜਾਖੜ ਇਸ ਸਮੇਂ ਅਬੋਹਰ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾਅ ਰਹੇ ਸਨ। ਉਨ੍ਹਾਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਬੋਹਰ ਤੋਂ ਭਾਜਪਾ ਆਗੂ ਅਰੁਣ ਨਾਰੰਗ ਨੂੰ ਹਰਾਇਆ ਸੀ। ਉਹ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਹਨ।