ਬਦਲੇਗਾ ਅੰਬਾਲਾ ਛਾਉਣੀ ਹਵਾਈ ਅੱਡੇ ਦਾ ਨਾਂ, ਅੰਬਾ ਹਵਾਈ ਅੱਡੇ ਨਾਲ ਹੋਵੇਗੀ ਪਛਾਣ
ਗ੍ਰਹਿ ਮੰਤਰੀ ਨੇ CM ਨੂੰ ਭੇਜਿਆ ਪ੍ਰਸਤਾਵ, 2 ਸੂਬਿਆਂ ਲਈ ਹੋਵੇਗੀ ਉਡਾਣ
ਅੰਬਾਲਾ - ਹੁਣ ਅੰਬਾਲਾ ਛਾਉਣੀ ਹਵਾਈ ਅੱਡੇ ਦਾ ਨਾਂ ਬਦਲਿਆ ਜਾਵੇਗਾ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਸਬੰਧੀ ਪ੍ਰਸਤਾਵ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਭੇਜਿਆ ਹੈ। ਇਸ ਪ੍ਰਸਤਾਵ ਵਿਚ ਅੰਬਾਲਾ ਏਅਰਪੋਰਟ ਦਾ ਨਾਮ ਅੰਬਾ ਏਅਰਪੋਰਟ ਅੰਬਾਲਾ ਛਾਉਣੀ ਰੱਖਣ ਦਾ ਸੁਝਾਅ ਦਿੱਤਾ ਗਿਆ ਹੈ। ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਅੰਬਾਲਾ ਦਾ ਨਾਂ ਅੰਬਾ ਦੇਵੀ ਦੇ ਨਾਂ ਤੋਂ ਪਿਆ ਹੈ। ਇਸ ਦਾ ਮੰਦਰ ਅੰਬਾਲਾ ਵਿਚ ਵੀ ਹੈ, ਇਹ ਪ੍ਰਾਚੀਨ ਕਾਲ ਦਾ ਮੰਦਰ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਮਨੋਹਰ ਲਾਲ ਨੇ ਅੰਬਾਲਾ ਹਵਾਈ ਅੱਡੇ ਲਈ 133 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਸੰਭਾਵਨਾ ਹੈ ਕਿ ਲੋਕ ਨਵੰਬਰ ਵਿਚ ਅੰਬਾਲਾ ਤੋਂ ਵਾਰਾਣਸੀ, ਆਗਰਾ ਅਤੇ ਸ੍ਰੀਨਗਰ ਲਈ ਸਿੱਧੀਆਂ ਉਡਾਣਾਂ ਲੈ ਸਕਣਗੇ। ਘਰੇਲੂ ਹਵਾਈ ਅੱਡਾ ਬਣਾਉਣ ਲਈ ਹਰਿਆਣਾ ਸਰਕਾਰ ਨੇ ਅੰਬਾਲਾ ਵਿਚ ਏਅਰ ਫੋਰਸ ਸਟੇਸ਼ਨ ਦੇ ਨਾਲ ਲੱਗਦੀ 20 ਏਕੜ ਜ਼ਮੀਨ ਫੌਜ ਤੋਂ ਲੈ ਲਈ ਹੈ। ਫੌਜ ਨੇ ਇਸ ਜ਼ਮੀਨ ਦੀ ਕੀਮਤ 133 ਕਰੋੜ ਰੁਪਏ ਦੱਸੀ ਹੈ।
ਫੌਜ ਨਾਲ ਹੋਏ MOU ਤਹਿਤ ਜਦੋਂ ਵੀ ਫੌਜ ਨੂੰ ਲੋੜ ਪਵੇਗੀ ਤਾਂ ਹਰਿਆਣਾ ਸਰਕਾਰ ਫੌਜ ਨੂੰ ਓਨੀ ਹੀ ਰਕਮ ਵਿਚ ਲੋੜੀਂਦਾ ਬੁਨਿਆਦੀ ਢਾਂਚਾ ਦੇਵੇਗੀ। ਇਸ 'ਤੇ ਮੁੱਖ ਮੰਤਰੀ ਪਹਿਲਾਂ ਹੀ ਮੋਹਰ ਲਗਾ ਚੁੱਕੇ ਹਨ। ਸਰਕਾਰ ਨੇ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਅਲਾਇੰਸ ਏਅਰ ਨਾਲ ਪਹਿਲਾਂ ਹੀ ਗੱਲਬਾਤ ਕੀਤੀ ਹੈ। ਅੰਬਾਲਾ ਵਿਚ ਇਸ ਪ੍ਰੋਜੈਕਟ ਦਾ ਸਿੱਧਾ ਲਾਭ ਜੀਟੀ ਪੱਟੀ ਦੇ ਲੋਕਾਂ ਨੂੰ ਮਿਲੇਗਾ।
ਫਿਲਹਾਲ ਇੱਥੋਂ ਦੇ ਲੋਕਾਂ ਨੂੰ ਹਵਾਈ ਸਫਰ ਲਈ ਜਾਂ ਤਾਂ ਚੰਡੀਗੜ੍ਹ ਆਉਣਾ ਪੈਂਦਾ ਹੈ ਜਾਂ ਫਿਰ ਦਿੱਲੀ ਜਾਣਾ ਪੈਂਦਾ ਹੈ। ਅੰਬਾਲਾ ਵਿਚ ਘਰੇਲੂ ਹਵਾਈ ਅੱਡਾ ਸ਼ੁਰੂ ਹੋਣ ਤੋਂ ਬਾਅਦ ਲੋਕ ਇੱਥੋਂ ਸੇਵਾ ਲੈ ਸਕਣਗੇ। ਅਲਾਇੰਸ ਏਅਰ ਨਾਲ ਹੋਏ ਸਮਝੌਤੇ ਮੁਤਾਬਕ ਅੰਬਾਲਾ ਤੋਂ ਆਗਰਾ, ਬਨਾਰਸ ਅਤੇ ਸ਼੍ਰੀਨਗਰ ਤੱਕ ਹਵਾਈ ਸਫਰ ਸ਼ੁਰੂ ਹੋਵੇਗਾ। ਸ਼ੁਰੂਆਤ 'ਚ ਯਾਤਰਾ ਏਟੀਆਰ 42 ਜਹਾਜ਼ ਤੋਂ ਸ਼ੁਰੂ ਹੋਵੇਗੀ।