Nabha ਦੇ ਗੁਰੂ ਤੇਗ ਬਹਾਦਰ ਨਗਰ ’ਚ ਨਹਿਰੀ ਵਿਭਾਗ ਦੀ ਜ਼ਮੀਨ ’ਤੇ ਬਣੇ ਹੋਏ ਹਨ 42 ਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਰ ਢਾਹੁਣ ਪਹੁੰਚੇ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਦਾ ਘਰ ਮਾਲਕਾਂ ਨੇ ਕੀਤਾ ਵਿਰੋਧ

42 houses are built on canal department land in Guru Teg Bahadur Nagar of Nabha.

ਨਾਭਾ : ਪਟਿਆਲਾ ਜ਼ਿਲ੍ਹੇ ਦੇ ਨਾਭਾ ਸਥਿਤ ਗੁਰੂ ਤੇਗ ਬਹਾਦੁਰ ਨਗਰ ’ਚ ਨਹਿਰੀ ਵਿਭਾਗ ਵੱਲੋਂ 7 ਬਿਘੇ 14 ਵਿਸਵੇ ਜ਼ਮੀਨ ’ਤੇ ਬਣੇ ਲਗਭਗ 42 ਘਰਾਂ ’ਤੇ ਪੀਲਾ ਪੰਜਾ ਚਲਾਉਣ ਦਾ ਫੈਸਲਾ ਕੀਤਾ ਗਿਆ। ਜਦੋਂ ਨਹਿਰੀ ਵਿਭਾਗ ਦੀ ਟੀਮ ਇਨ੍ਹਾਂ ਘਰਾਂ ’ਤੇ ਪੀਲਾ ਪੰਜਾ ਚਲਾਉਣ ਪਹੁੰਚੀ ਤਾਂ ਮੌਕੇ ’ਤੇ ਕਲੋਨੀ ਵਾਸੀਆਂ ਵੱਲੋਂ ਜੇਸੀਬੀ ਮਸ਼ੀਨ ਦੇ ਅੱਗੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਨਹਿਰੀ ਵਿਭਾਗ ਦੇ ਐਸਡੀਓ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਜਿਸ ਜਮੀਨ ’ਤੇ ਇਹ ਘਰ ਬਣੇ ਹੋਏ ਹਨ ਇਹ ਨਹਿਰੀ ਵਿਭਾਗ ਦੀ ਸਰਕਾਰੀ ਜ਼ਮੀਨ ਹੈ ਅਤੇ ਇਸ ਜ਼ਮੀਨ ਦਾ ਅਸੀਂ ਹਾਈਕੋਰਟ ਵਿੱਚ ਕੇਸ ਜਿੱਤ ਵੀ ਚੁੱਕੇ ਹਾਂ। ਇਹ ਜਮੀਨ ਪ੍ਰੋਪਰਟੀ ਡੀਲਰ ਵੱਲੋਂ ਵੇਚੀ ਗਈ ਸੀ ਅਤੇ ਕਲੋਨੀ ਵਾਸੀਆਂ ਨੇ ਕਿਹਾ ਕਿ ਅਸੀਂ ਤਾਂ ਇਹ ਜ਼ਮੀਨ ਖਰੀਦ ਕੇ ਇਥੇ ਘਰ ਬਣਾਏ ਹਨ। ਅਸੀਂ 50 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਅਤੇ ਇਸ ਤੋਂ ਪਹਿਲਾਂ ਨਹਿਰੀ ਵਿਭਾਗ ਵੱਲੋਂ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ, ਹੁਣ ਅਸੀਂ ਕਿੱਥੇ ਜਾਈਏ। ਅਸੀਂ ਮੰਗ ਕਰਦੇ ਹਾਂ ਕਿ ਉਸ ਪ੍ਰਾਪਰਟੀ ਡੀਲਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿਸ ਨੇ ਸਾਨੂੰ ਇਹ ਜਮੀਨ ਵੇਚੀ ਹੈ।

ਕਲੋਨੀ ਵਾਸੀਆਂ ਨੇ ਕਿਹਾ ਕਿ ਸਾਡੇ ਘਰਾਂ ਵਿੱਚ ਬਿਜਲੀ ਦੇ ਮੀਟਰ ਵੀ ਲੱਗੇ ਹੋਏ ਹਨ ਅਤੇ ਸਾਡੇ ਕੋਲ ਰਜਿਸਟਰੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਨਹਿਰੀ ਵਿਭਾਗ ਦੀ ਸਰਕਾਰੀ ਜ਼ਮੀਨ ਹੈ, ਤਾਂ ਜਦੋਂ ਇਸ ਜ਼ਮੀਨ ’ਤੇ ਕਲੋਨੀ ਅਤੇ ਘਰ ਬਣਨ ਲੱਗੇ ਸਨ ਤਾਂ ਉਦੋਂ ਨਹਿਰੀ ਵਿਭਾਗ ਕਿੱਥੇ ਸੁੱਤਾ ਪਿਆ ਸੀ। ਪਰ ਹੁਣ ਨਹਿਰੀ ਵਿਭਾਗ 7 ਵਿਘੇ 12 ਵਿਸਵੇ ਜਗ੍ਹਾ ਨੂੰ ਆਪਣੀ ਦੱਸ ਰਿਹਾ ਹੈ। ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਜੇਕਰ ਸਾਡੇ ਘਰ ਢਾਉਣੇ ਹਨ ਤਾਂ ਪ੍ਰੋਪਰਟੀ ਡੀਲਰ ਸਾਡੇ ਘਰ ਬਣਾ ਕੇ ਦੇਵੇ ਕਿਉਂਕਿ ਅਸੀਂ ਤਾਂ ਹੁਣ ਘਰ ਨਹੀਂ ਬਣਾ ਨਹੀਂ ਸਕਦੇ।

ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਤਾਂ ਲਾਅ ਐਂਡ ਆਰਡਰ ਲੈ ਕੇ ਇਥੇ ਆਏ ਹਾਂ ਅਤੇ ਸਾਨੂੰ ਜੋ ਤਹਿਸੀਲਦਾਰ ਵੱਲੋਂ ਹੁਕਮ ਦਿੱਤਾ ਜਾਵੇਗਾ ਅਸੀਂ ਉਸ ਦੀ ਪਾਲਣਾ ਕਰਾਂਗੇ।