ਦੋ ਸਿੱਖ ਭਰਾਵਾਂ ਦੇ ਝੂਠੇ ਮੁਕਾਬਲੇ 'ਚ ਛੱਬੀ ਸਾਲਾਂ ਪਿੱਛੋਂ ਛੇ ਸਾਲ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਵਾਰ 'ਚ ਇਕੱਲੀ ਰਹਿ ਗਈ ਵਿਧਵਾ, ਪਰ ਕਿਹਾ ਅੱਗੇ ਵੀ ਲੜਾਂਗੀ

1993 case of kidnapping and extortion of two Sikh brothers in Patiala

ਸਿਪਾਹੀ ਜਗਜੀਤ ਸਿੰਘ ਨੂੰ ਇਕ ਸਾਲ ਦੀ ਕੈਦ ਤੇ 10 ਹਜ਼ਾਰ ਜੁਰਮਾਨਾ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸੀਬੀਆਈ ਵਿਸ਼ੇਸ਼ ਅਦਾਲਤ ਮੋਹਾਲੀ ਨੇ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ (ਹੁਣ ਸੇਵਾਮੁਕਤ) ਜੋਗਿੰਦਰ ਸਿੰਘ ਅਤੇ ਕਾਂਸਟੇਬਲ ਜਗਜੀਤ ਸਿੰਘ ਨੂੰ ਇਕ ਨੌਜਵਾਨ ਗੁਰਿੰਦਰ ਸਿੰਘ ਨੂੰ ਅਗ਼ਵਾ ਅਤੇ ਲਾਪਤਾ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਹੈ। ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ 6 ਸਾਲ ਦੀ ਕੈਦ ਅਤੇ ਸਿਪਾਹੀ ਜਗਜੀਤ ਸਿੰਘ ਨੂੰ ਇਕ ਸਾਲ ਦੀ ਕੈਦ ਅਤੇ 10 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 1993 ਦਾ ਹੈ, ਜਦੋਂ ਗੁਰਿੰਦਰ ਸਿੰਘ ਨਾਂਅ ਦੇ ਨੌਜਵਾਨ ਨੂੰ ਪੁਲਿਸ ਵਲੋਂ ਅਗ਼ਵਾ ਕੀਤਾ ਗਿਆ ਸੀ। ਉਦੋਂ ਤੋਂ ਹੀ ਗੁਰਿੰਦਰ ਸਿੰਘ ਦੀ ਅਜੇ ਤਕ ਕੋਈ ਉੱਘ ਸੁੱਘ ਨਹੀਂ ਲੱਗ ਸਕੀ।

ਦੱਸਣਯੋਗ ਹੈ ਕਿ ਗੁਰਿੰਦਰ ਸਿੰਘ ਪੰਜਾਬ ਪੁਲਿਸ ਦਾ ਹੀ ਕਾਂਸਟੇਬਲ ਸੀ। ਉਸ ਦੇ ਵੱਡੇ ਭਰਾ ਬਲਵਿੰਦਰ ਸਿੰਘ ਨੂੰ ਪੁਲਿਸ ਘਰੋਂ ਚੁਕ ਕੇ ਲੈ ਕੇ ਗਈ ਸੀ। ਜਦੋਂ ਉਹ ਅਪਣੇ ਭਰਾ ਦਾ ਪਤਾ ਕਰਨ ਗਿਆ ਤਾਂ ਪੁਲਿਸ ਨੇ ਉਸ ਨੂੰ ਵੀ ਫੜ ਲਿਆ ਜਿਸ ਮਗਰੋਂ ਤੋਂ ਹੀ ਇਹ ਦੋਵੇਂ ਭਰਾ ਲਾਪਤਾ ਚਲ ਰਹੇ ਹਨ। ਸੀਬੀਆਈ ਦੀ ਪਟਿਆਲਾ ਸਥਿਤ ਵਿਸ਼ੇਸ਼ ਅਦਾਲਤ ਪਹਿਲਾਂ 2013 ਵਿਚ ਵੀ ਪੰਜਾਬ ਪੁਲਿਸ ਦੇ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਦੋਸ਼ੀ ਕਰਾਰ ਦੇ ਚੁਕੀ ਹੈ। ਉਸ ਸਮੇਂ ਅਦਾਲਤ ਨੇ ਸਾਬਕਾ ਐਸਐਸਪੀ ਅਜਾਇਬ ਸਿੰਘ, ਸਾਬਕਾ ਏਐਸਆਈ ਸ਼ਿਆਮ ਲਾਲ ਅਤੇ ਸਬ ਇੰਸਪੈਕਟਰ ਹਜ਼ੂਰ ਸਿੰਘ ਨੂੰ ਬਰੀ ਕਰ ਦਿਤਾ ਸੀ ਕਿਉਂਕਿ ਇਨ੍ਹਾਂ ਵਿਰੁਧ ਦੋਸ਼ ਸਿੱਧ ਨਹੀਂ ਹੋ ਸਕੇ ਸਨ

ਇਸ ਮਾਮਲੇ ਵਿਚ ਇਕ ਹੋਰ ਮੁਲਜ਼ਮ ਐਸਪੀ ਮਦਨਜੀਤ ਸਿੰਘ ਦਾ ਪਹਿਲਾਂ 2012 ਵਿਚ ਹੀ ਦੇਹਾਂਤ ਹੋ ਗਿਆ ਸੀ। ਅਗ਼ਵਾ ਦਾ ਇਹ ਮਾਮਲਾ 1994 ਵਿਚ ਧਰਮ ਸਿੰਘ ਦੀ ਸ਼ਿਕਾਇਤ 'ਤੇ ਦਾਇਰ ਕੀਤਾ ਗਿਆ ਸੀ, ਜਿਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਦੋ ਪੁੱਤਰਾਂ ਬਲਵਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਨੂੰ ਪ੍ਰਤਾਪ ਨਗਰ ਪਟਿਆਲਾ ਤੋਂ ਅਗ਼ਵਾ ਕੀਤਾ ਗਿਆ ਸੀ। ਦੋਸ਼ ਤਾਂ ਇਹ ਵੀ ਹਨ ਕਿ ਪੁਲਿਸ ਨੇ ਕਥਿਤ ਤੌਰ 'ਤੇ ਇਨ੍ਹਾਂ ਦੋਵੇਂ ਭਰਾਵਾਂ ਨੂੰ ਮਾਰ ਦਿਤਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਲ 1997 ਵਿਚ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਸੀ।

ਸੀਬੀਆਈ ਨੇ ਪਟਿਆਲਾ ਦੇ ਪ੍ਰਤਾਪ ਨਗਰ ਵਾਸੀ ਧਰਮ ਸਿੰਘ ਦੇ ਪੁੱਤਰਾਂ ਬਲਵਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਦੇ ਅਗ਼ਵਾ ਮਾਮਲੇ ਵਿਚ ਕਰੀਬ 26 ਸਾਲ ਪਹਿਲਾਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਕਾਬੂ ਕੀਤਾ ਸੀ। ਸੀਬੀਆਈ ਨੇ ਅਪਣੀ ਚਾਰਜਸ਼ੀਟ ਵਿਚ ਜ਼ਿਕਰ ਕਰਦਿਆਂ ਲਿਖਿਆ ਕਿ 26 ਮਾਰਚ 1993 ਨੂੰ ਦੋਸ਼ੀ ਜੋਗਿੰਦਰ ਸਿੰਘ, ਏਐਸਆਈ ਹਜ਼ੂਰ ਸਿੰਘ ਅਤੇ ਏਐਸਆਈ ਸ਼ਿਆਮ ਲਾਲ ਨੇ ਧਰਮ ਸਿੰਘ ਦੇ ਘਰ ਛਾਪਾ ਮਾਰ ਕੇ ਉਸ ਦੇ ਲੜਕੇ ਬਲਵਿੰਦਰ ਸਿੰਘ ਨੂੰ ਅਗ਼ਵਾ ਕਰ ਲਿਆ ਅਤੇ ਉਸ ਨੂੰ ਪੀਐਸ ਡਵੀਜ਼ਨ ਨੰਬਰ 4 ਪਟਿਆਲਾ ਵਿਖੇ ਲੈ ਗਏ।

2 ਅਪ੍ਰੈਲ 1993 ਨੂੰ ਇੰਸਪੈਕਟਰ ਜੋਗਿੰਦਰ ਸਿੰਘ ਦੁਬਾਰਾ ਧਰਮ ਸਿੰਘ ਦੇ ਘਰ ਆਇਆ ਅਤੇ ਬਲਵਿੰਦਰ ਸਿੰਘ ਦੀ ਰਿਹਾਈ ਲਈ ਧਰਮ ਉਸ ਦੇ ਦੂਜੇ ਪੁੱਤਰ ਗੁਰਿੰਦਰ ਸਿੰਘ ਨੂੰ ਵੀ ਪੇਸ਼ ਕਰਨ ਦੀ ਗੱਲ ਆਖੀ। ਫਿਰ 3 ਅਪ੍ਰੈਲ ਨੂੰ ਗੁਰਿੰਦਰ ਸਿੰਘ ਨੂੰ ਇੰਸਪੈਕਟਰ ਜੋਗਿੰਦਰ ਸਿੰਘ ਸਾਹਮਣੇ ਪੇਸ਼ ਕੀਤਾ ਗਿਆ ਪਰ ਪੁਲਿਸ ਨੇ ਉਸ ਨੂੰ ਵੀ ਹਿਰਾਸਤ ਵਿਚ ਲੈ ਲਿਆ। ਹਾਲਾਂਕਿ ਧਰਮ ਸਿੰਘ ਨੇ ਉਸ ਨੂੰ 10 ਹਜ਼ਾਰ ਰੁਪਏ ਨਕਦ ਅਤੇ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਲਈ ਇਕ ਸਕੂਟਰ ਵੀ ਦਿਤਾ ਸੀ।

ਬਾਅਦ ਵਿਚ ਸੀਬੀਆਈ ਨੇ ਅਪਣੀ ਚਾਰਜਸ਼ੀਟ ਵਿਚ ਇਹ ਵੀ ਕਿਹਾ ਕਿ ਇੰਸਪੈਕਟਰ ਗੁਰਨਾਮ ਸਿੰਘ ਨੇ ਬਲਵਿੰਦਰ ਸਿੰਘ ਨੂੰ ਝੂਠੇ ਕੇਸ ਵਿਚ ਫਸਾਇਆ ਅਤੇ ਉਸ ਨੂੰ 18 ਅਪ੍ਰੈਲ 1993 ਦੀ ਐਫ਼ਆਈਆਰ ਨੰਬਰ 40, ਪੁਲਿਸ ਸਟੇਸ਼ਨ ਸਿਵਲ ਲਾਈਨਜ਼ ਪਟਿਆਲਾ ਵਿਖੇ ਆਰਮਜ਼ ਐਕਟ ਦੀ ਧਾਰਾ 25 ਅਧੀਨ ਗ੍ਰਿਫ਼ਤਾਰ ਕਰ ਲਿਆ। ਪਟਿਆਲਾ ਸਿਟੀ ਦੇ ਤਤਕਾਲੀ ਐਸਪੀ ਸ਼ਾਮ ਲਾਲ ਗੱਖੜ ਨੇ ਉਸ ਦਾ ਝੂਠਾ ਇਕਬਾਲੀਆ ਬਿਆਨ ਜਾਰੀ ਕੀਤਾ ਸੀ। ਅਗਲੇ ਦਿਨ ਬਲਵਿੰਦਰ ਸਿੰਘ ਨੂੰ ਐਲਡੀ ਕੋਰਟ ਸਾਹਮਣੇ ਪੇਸ਼ ਕੀਤਾ ਗਿਆ।

ਜੋ ਕੁੱਝ ਪੁਲਿਸ ਨੇ ਮੇਰੇ ਪਤੀ ਅਤੇ ਦਿਉਰ ਨਾਲ ਕੀਤਾ ਉਹੋ ਜਿਹੀ ਸਜ਼ਾ ਇਨ੍ਹਾਂ ਪੁਲਿਸ ਵਾਲਿਆਂ ਨੂੰ ਮਿਲਣੀ ਚਾਹੀਦੀ ਹੈ : ਨਿਰਮਲ ਕੌਰ
ਪਤੀ ਤੇ ਦਿਉਰ ਪੁਲਿਸ ਨੇ ਮਾਰ ਮੁਕਾਏ, ਸੱਸ-ਸਹੁਰਾ ਰੱਬ ਨੂੰ ਪਿਆਰੇ ਹੋ ਗਏ ਤੇ ਇਕਲੌਤੀ ਧੀ ਵਿਆਹੁਣ ਤੋਂ ਬਾਅਦ ਇਕੱਲੀ ਰਹੀ ਗਈ, ਨਿਰਮਲ ਕੌਰ ਦੀ ਜਾਇਦਾਦ ਕੇਸਾਂ ਲੇਖੇ ਲੱਗ ਗਈ

ਚੰਡੀਗੜ੍ਹ (ਨੀਲ): ਮੋਹਾਲੀ ਵਿਸ਼ੇਸ਼ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਤੋਂ ਫੌਰੀ ਬਾਅਦ ਮਰਹੂਮ ਬਲਵਿੰਦਰ ਸਿੰਘ ਦੀ ਵਿਧਵਾ ਬੀਬੀ ਨਿਰਮਲ ਕੌਰ ਨੇ 'ਸਪੋਕਸਮੈਨ ਟੀਵੀ' ਦੇ ਵਿਸ਼ੇਸ਼ ਪ੍ਰਤੀਨਿਧ ਨੀਲ ਭਲਿੰਦਰ ਸਿੰਘ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਅਪਣੀ ਹੁਣ ਤਕ ਦੀ ਇਸ ਕਾਨੂੰਨੀ ਜਦੋ ਜਹਿਦ ਅਤੇ ਬਾਕੀ ਬਚੀ ਜ਼ਿੰਦਗੀ ਬਾਰੇ ਕਈ ਪ੍ਰਗਟਾਵੇ ਕੀਤੇ।

ਪੇਸ਼ ਹਨ ਮੁੱਖ ਅੰਸ਼ : ਸਵਾਲ : ਤੁਹਾਡੇ ਪਤੀ ਅਤੇ ਦਿਉਰ ਦੇ ਅਗ਼ਵਾ ਤੇ ਲਾਪਤਾ ਕੇਸ ਵਿਚ ਅੱਜ ਸੁਣਾਈ ਗਈ ਸਜ਼ਾ ਤੋਂ ਕੀ ਤੁਸੀ ਸੰਤੁਸ਼ਟ ਹੋ?
ਜਵਾਬ : (ਭਰੇ ਮਨ ਨਾਲ) ਜੀ ਬਿਲਕੁਲ ਨਹੀਂ, 26 ਸਾਲਾਂ ਪਿਛੋਂ ਮਸਾਂ ਇਨਸਾਫ਼ ਮਿਲਿਆ ਹੈ, ਉਹ ਵੀ ਅਧੂਰਾ। ਜੋ ਕੁੱਝ ਇਨ੍ਹਾਂ ਪੁਲਿਸ ਵਾਲਿਆਂ ਨੇ ਮੇਰੇ ਪਤੀ ਅਤੇ ਦਿਉਰ ਨਾਲ ਕੀਤਾ, ਇਨ੍ਹਾਂ ਨੂੰ ਵੀ ਉਹ ਜਿਹੀ ਸਜ਼ਾ ਹੀ ਮਿਲਣੀ ਚਾਹੀਦੀ ਹੈ। ਇਨ੍ਹਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ। ਅਸੀ ਇਸ ਨੂੰ ਇਨਸਾਫ਼ ਨਹੀਂ ਮੰਨਦੇ।
 

ਸਵਾਲ : ਘਟਨਾ ਬਾਰੇ ਵਿਸਤਾਰ ਨਾਲ ਦੱਸੋ। 1993 ਵਿਚ ਹੋਇਆ ਕੀ ਸੀ?
ਜਵਾਬ
: ਮੇਰੇ ਪਤੀ ਬਲਵਿੰਦਰ ਸਿੰਘ ਪ੍ਰਾਈਵੇਟ ਗੱਡੀ ਚਲਾਉਂਦੇ ਸਨ। ਉਹ ਗੇੜਾ ਲਗਾ ਕੇ ਪਰਤੇ ਸਨ। ਤੜਕਸਾਰ ਵੱਡੀ ਗਿਣਤੀ ਵਿਚ ਪੁਲਿਸ ਸਾਡੇ ਘਰ ਪਹੁੰਚ ਗਈ। ਉਨ੍ਹਾਂ ਤਲਾਸ਼ੀ ਲੈਣ ਦਾ ਬਹਾਨਾ ਬਣਾ ਕੇ ਮੇਰੇ ਪਤੀ ਨੂੰ ਨਾਲ ਬਿਠਾ ਲਿਆ। ਪਰਵਾਰ ਵਲੋਂ ਵਿਰੋਧ ਕਰਨ 'ਤੇ ਪੁਲਿਸ ਇਹ ਕਹਿ ਕੇ ਲੈ ਗਈ ਕਿ ਪੁਛਗਿਛ ਮਗਰੋਂ ਥੋੜ੍ਹੀ ਦੇਰ ਤਕ ਛੱਡ ਦਿਤਾ ਜਾਵੇਗਾ। ਮੇਰਾ ਦਿਉਰ ਗੁਰਿੰਦਰ ਸਿੰਘ ਖ਼ੁਦ ਪੰਜਾਬ ਪੁਲਿਸ ਦਾ ਕਾਂਸਟੇਬਲ ਸੀ।

ਉਹ ਮੇਰੇ ਪਤੀ ਦਾ ਪਤਾ ਲੈਣ ਥਾਣੇ ਗਿਆ ਤਾਂ ਉਸ ਨੂੰ ਵੀ ਉਥੇ ਹੀ ਬਿਠਾ ਲਿਆ ਜਿਸ ਮਗਰੋਂ ਪੁਲਿਸ ਲਗਾਤਾਰ ਲਾਰੇ ਲਗਾਉਂਦੀ ਰਹੀ ਪਰ ਦੋਵਾਂ ਨੂੰ ਛੱਡਿਆ ਨਹੀਂ ਅਤੇ ਅਚਾਨਕ ਦੋਵੇਂ ਲਾਪਤਾ ਕਰ ਦਿਤੇ ਗਏ ਜਿਸ ਮਗਰੋਂ ਉਨ੍ਹਾਂ ਦੀ ਕੋਈ ਉਘ-ਸੁਘ ਨਹੀਂ ਲੱਗੀ। ਮੇਰੇ ਸਹੁਰਾ ਭਾਰਤੀ ਫ਼ੌਜ ਵਿਚੋਂ ਸੇਵਾਮੁਕਤ ਸਨ। ਉਹ ਅਪਣੇ ਪੁੱਤਰਾਂ ਦਾ ਪਤਾ ਕਰਨ ਲਈ ਗਏ ਤਾਂ ਉਨ੍ਹਾਂ ਨੂੰ ਵੀ ਉਥੇ ਹੀ ਬਿਠਾ ਲਿਆ, ਜੋ ਕਿ ਕੁੱਝ ਮਹੀਨਿਆਂ ਮਗਰੋਂ ਮਸਾਂ ਬਾਹਰ ਆ ਸਕੇ।

ਸਵਾਲ : ਅਦਾਲਤੀ ਲੜਾਈ ਕਿਵੇਂ ਸ਼ੁਰੂ ਹੋਈ?
ਜਵਾਬ
: ਜਿਹੜੇ ਪੁਲਿਸ ਵਾਲੇ ਦੋਵਾਂ ਨੂੰ ਲੈ ਕੇ ਗਏ ਸਨ, ਉਹ ਬਾਅਦ ਵਿਚ ਲਗਾਤਾਰ ਪਰਵਾਰ ਨੂੰ ਡਰਾਉਂਦੇ-ਧਮਕਾਉਂਦੇ ਰਹੇ। ਉਨ੍ਹਾਂ ਵਲੋਂ ਸਿੱਧਾ ਕਿਹਾ ਜਾਂਦਾ ਰਿਹਾ ਕਿ ਜੇਕਰ ਉਨ੍ਹਾਂ ਨੇ ਇਹ ਮਾਮਲਾ ਅਦਾਲਤ ਵਿਚ ਚੁਕਿਆ ਤਾਂ ਉਹ ਉਨ੍ਹਾਂ ਨਾਲ ਵੀ ਬਲਵਿੰਦਰ ਤੇ ਗੁਰਿੰਦਰ ਵਾਲਾ ਹਸ਼ਰ ਕਰਨਗੇ। ਮੇਰੇ ਸਹੁਰਾ ਸਾਬਕਾ ਫ਼ੌਜੀ ਹੋਣ ਨਾਤੇ ਜ਼ਿੱਦ ਦੇ ਪੱਕੇ ਸਨ। ਉਨ੍ਹਾਂ ਪੁਲਿਸ ਦੀਆਂ ਧਮਕੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਕੇਸ ਨੂੰ ਅਦਾਲਤ ਵਿਚ ਦਾਇਰ ਕੀਤਾ ਅਤੇ ਉਹ ਆਖ਼ਰੀ ਸਾਹ ਤਕ ਇਨਸਾਫ਼ ਲਈ ਲੜਦੇ ਰਹੇ।

ਸਵਾਲ : ਅਪਣੇ ਪਰਵਾਰ ਬਾਰੇ ਦੱਸੋ?
ਜਵਾਬ
: (ਬੜੀ ਮਾਯੂਸੀ ਨਾਲ) 1993 ਵਿਚ ਮੇਰੀ ਉਮਰ 22 ਸਾਲ ਦੀ ਸੀ। ਵਿਆਹ ਨੂੰ 4 ਸਾਲ ਹੋਏ ਸਨ। ਕਰੀਬ ਇਕ ਸਾਲ ਦੀ ਬੇਟੀ ਸੀ। ਪਤੀ ਅਤੇ ਦਿਉਰ ਨੂੰ ਪੁਲਿਸ ਵਲੋਂ ਅਗ਼ਵਾ ਅਤੇ ਲਾਪਤਾ ਕਰ ਦੇਣ ਤੋਂ ਬਾਅਦ ਪਰਵਾਰ ਵਿਚ ਮੇਰੇ ਬਜ਼ੁਰਗ ਸੱਸ ਸਹੁਰਾ, ਮੈਂ ਅਤੇ ਮੇਰੀ ਬੇਟੀ ਹੀ ਰਹਿ ਗਏ। ਕੁੱਝ ਸਾਲ ਪਹਿਲਾਂ ਮੇਰੇ ਸੱਸ ਸਹੁਰਾ ਵੀ ਰੱਬ ਨੂੰ ਪਿਆਰੇ ਹੋ ਗਏ ਅਤੇ ਬੇਟੀ ਵਿਆਹੀ ਗਈ ਹੈ। ਪਰਵਾਰ ਵਿਚ ਮੈਂ ਹੁਣ ਇਕੱਲੀ ਰਹਿ ਗਈ ਹਾਂ। ਮੇਰੇ ਸਹੁਰਾ ਸਾਬਕਾ ਫ਼ੌਜੀ ਸਨ ਪਰ ਸੱਸ-ਸਹੁਰਾ ਦੋਵਾਂ ਦੀ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਦੀ ਪੈਨਸ਼ਨ ਵੀ ਬੰਦ ਹੋ ਚੁੱਕੀ ਹੈ ਅਤੇ ਪਰਵਾਰ ਕੋਲ ਜੋ ਥੋੜ੍ਹੀ ਬਹੁਤ ਖੇਤੀਯੋਗ ਜ਼ਮੀਨ ਸੀ ਉਹ ਅਦਾਲਤੀ ਕੇਸ ਦੇ ਲੇਖੇ ਲੱਗ ਚੁੱਕੀ ਹੈ (ਲੰਮੀ ਦੇਰ ਚੁੱਪ)।

ਸਵਾਲ : ਸੀਬੀਆਈ ਅਦਾਲਤ ਦੇ ਫ਼ੈਸਲੇ ਨੂੰ ਅੱਗੇ ਚੁਨੌਤੀ ਦੇਵੋਗੇ?
ਜਵਾਬ
: ਦੋਸ਼ੀਆਂ ਨੂੰ ਸਜ਼ਾ-ਏ-ਮੌਤ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਨ੍ਹਾਂ 26 ਸਾਲਾਂ ਵਿਚ ਮੇਰਾ ਸੱਭ ਕੁੱਝ ਬਰਬਾਦ ਕਰ ਦਿਤਾ ਹੈ। ਮੇਰੀ ਇਕਲੌਤੀ ਬੇਟੀ ਅੱਜ ਵੀ ਅਪਣੇ ਪਿਤਾ ਨੂੰ ਯਾਦ ਕਰ ਕੇ ਰੋਂਦੀ ਹੈ। ਅੱਗੇ ਕੀ ਹੋਣਾ ਹੈ, ਮੈਨੂੰ ਕੁੱਝ ਨਹੀਂ ਪਤਾ ਪਰ ਇਹ ਇਨਸਾਫ਼ ਨਹੀਂ ਹੈ।