ਬੇਅਦਬੀ ਕਾਂਡ : ਇਨਸਾਫ਼ ਦੇਣ ਦੀ ਥਾਂ ਸਿਰਫ਼ ਸਿਆਸਤ ਖੇਡ ਰਹੀਆਂ ਹਨ ਕੈਪਟਨ ਤੇ ਮੋਦੀ ਸਰਕਾਰਾਂ : ਸੰਧਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਜਾਂਚ ਏਜੰਸੀਆਂ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ ਜਾ ਰਿਹੈ

Captain and Modi governments are playing politics instead of justice: Sandwa

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਦੇ ਮੁੱਦੇ 'ਤੇ ਸਰਕਾਰਾਂ ਜਾਂਚ ਏਜੰਸੀਆਂ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀਆਂ ਹਨ। 'ਆਪ' ਅਨੁਸਾਰ ਇੰਨੇ ਸੰਵੇਦਨਸ਼ੀਲ ਮੁੱਦੇ 'ਤੇ ਸੰਗਤ ਨੂੰ ਇਨਸਾਫ਼ ਅਤੇ ਅਸਲ ਦੋਸ਼ੀਆਂ ਨੂੰ ਸਜਾ ਦੇਣ ਦੀ ਥਾਂ ਸੂਬਾ ਅਤੇ ਕੇਂਦਰ ਸਰਕਾਰਾਂ ਸਿਰਫ਼ ਤੇ ਸਿਰਫ਼ ਸਿਆਸਤ ਖੇਡ ਰਹੀਆਂ ਹਨ। 'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕ੍ਰਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਕੋਰ ਕਮੇਟੀ ਮੈਂਬਰ ਗੁਰਦਿੱਤ ਸਿੰਘ ਸੇਖੋਂ, ਕੁਲਦੀਪ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਚੌਂਦਾ ਅਤੇ ਦਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) 'ਚ ਸਭ ਕੁੱਝ ਸਹੀ ਨਹੀਂ ਚੱਲ ਰਿਹਾ। ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਇਸ ਨੂੰ ਜਨਤਕ ਤੌਰ 'ਤੇ ਕਬੂਲ ਰਹੇ ਹਨ।

ਕੁਲਤਾਰ ਸਿੰਘ ਸੰਧਵਾਂ ਨੇ ਜਾਖੜ ਨੂੰ ਕਿਹਾ ਕਿ ਉਹ ਸਿਟ ਦੇ ਅਧਿਕਾਰੀਆਂ ਨੂੰ ਮਤਭੇਦ ਪਾਸੇ ਰੱਖ ਕੇ ਪੇਸ਼ੇਵਾਰ ਨਾਂ ਅਤੇ ਪਾਰਦਰਸ਼ੀ ਢੰਗ ਨਾਲ ਜਾਂਚ ਨੇਪਰੇ ਚੜ੍ਹਾਉਣ ਦੀ ਨਸੀਹਤ ਦੇਣ ਦੀ ਥਾਂ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਮਾਂਬੱਧ ਜ਼ਿੰਮੇਵਾਰੀ ਅਤੇ ਜਵਾਬਦੇਹੀ ਤਹਿ ਕਰਨ, ਕਿਉਂਕਿ ਗ੍ਰਹਿ ਮੰਤਰਾਲਾ ਵੀ ਕੈਪਟਨ ਅਮਰਿੰਦਰ ਸਿੰਘ ਕੋਲ ਹੀ ਹੈ। ਸੰਧਵਾਂ ਨੇ ਕਿਹਾ ਕਿ ਕੈਪਟਨ ਦੇ ਇਸ਼ਾਰੇ ਤੋਂ ਬਗੈਰ 'ਸਿਟ' ਵੀ ਉਸੇ ਤਰ੍ਹਾਂ ਪੱਤਾ ਨਹੀਂ ਹਿੱਲ ਸਕਦਾ, ਜਿਵੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ਤੋਂ ਬਿਨਾ ਸੀਬੀਆਈ ਇੱਕ ਵੀ ਕਦਮ ਨਹੀਂ ਪੁੱਟਦੀ।

ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਮੋਦੀ ਸਰਕਾਰ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੇ ਬਾਦਲਾਂ ਸਮੇਤ ਸਾਰੇ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਜਾਣਬੁੱਝ ਕੇ ਜਾਂਚ ਲਟਕਾ ਰਹੀਆਂ ਹਨ। ਜਿੱਥੇ ਕੇਂਦਰ ਸਰਕਾਰ ਸੀਬੀਆਈ ਰਾਹੀਂ ਜਾਂਚ ਨੂੰ ਭਟਕਾ ਕੇ ਬਾਦਲਾਂ ਦਾ ਬਚਾਅ ਕਰਨ ਲਈ ਪੱਬਾਂ-ਭਾਰ ਹੈ, ਉੱਥੇ ਕੈਪਟਨ ਤੇ ਬਾਦਲਾਂ ਦੀ ਮਿਲੀਭੁਗਤ ਵੀ ਕਿਸੇ ਤੋਂ ਗੁੱਝੀ ਨਹੀਂ ਰਹੀ।

ਕੁਲਦੀਪ ਸਿੰਘ ਧਾਲੀਵਾਲ, ਦਲਬੀਰ ਢਿੱਲੋਂ ਅਤੇ ਗੁਰਦਿੱਤ ਸੇਖੋਂ ਨੇ ਕਿਹਾ ਕਿ ਜੇਕਰ ਕੈਪਟਨ ਸੰਗਤ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਮਿਸਾਲੀਆ ਸਜਾ ਦੇਣ ਦੇ ਵਾਅਦੇ 'ਤੇ ਪਹਿਰਾ ਦਿੰਦਾ ਤਾਂ ਬਾਦਲਾਂ ਸਮੇਤ ਗੁਰੂ ਦੇ ਸਾਰੇ ਦੋਸ਼ੀ ਅੱਜ ਸਲਾਖ਼ਾਂ ਦੇ ਪਿੱਛੇ ਹੁੰਦੇ। 'ਆਪ' ਆਗੂਆਂ ਨੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਸਮੇਤ ਸਮੁੱਚੀ ਸਿਟ ਨੂੰ ਬੇਅਦਬੀ ਕੇਸਾਂ ਦੀ ਜਾਂਚ ਛੇਤੀ ਨੇਪਰੇ ਚਾੜ੍ਹਨ ਦੀ ਅਪੀਲ ਕਰਦਿਆਂ ਨਸੀਹਤ ਦਿੱਤੀ ਕਿ ਉਹ ਸਿਆਸੀ ਲੋਕਾਂ ਦੇ ਚਕਰਵਿਊ 'ਚ ਫਸਣ ਦੀ ਥਾਂ ਆਪਣੀ ਸਮੁੱਚੀ ਇਕਾਗਰਤਾ ਜਾਂਚ ਪੂਰੀ ਕਰਨ 'ਤੇ ਕੇਂਦਰਿਤ ਕਰਨ, ਨਾਲ ਹੀ ਕਿਹਾ ਕਿ ਜੇਕਰ ਸਿਟ ਮੈਂਬਰ ਸਿਆਸੀ ਹੱਥਾਂ 'ਚ ਖੇਡ ਕੇ ਜਾਂਚ ਪੂਰੀ ਕਰਨ ਅਤੇ ਅਸਲੀ ਦੋਸ਼ੀਆਂ ਨੂੰ ਸਜਾ ਦਿਵਾਉਣ ਤੋਂ ਖੁੰਝ ਗਏ ਤਾਂ 'ਗੁਰੂ' ਸੰਗਤ ਅਤੇ ਸਮੇਂ ਨੇ ਕੈਪਟਨ, ਬਾਦਲ ਅਤੇ ਮੋਦੀ ਦੇ ਨਾਲ-ਨਾਲ 'ਸਿਟ' ਮੈਂਬਰਾਂ ਨੂੰ ਵੀ ਕਦੇ ਮੁਆਫ਼ ਨਹੀਂ ਕਰਨਾ।